Homeਪੰਜਾਬਬਠਿੰਡਾ ’ਚ ਵੱਡੀ ਵਾਰਦਾਤ: ਪਤਨੀ 'ਤੇ ਪ੍ਰੇਮੀ ਨਾਲ ਮਿਲ ਕੇ ਪਤੀ ਦਾ...

ਬਠਿੰਡਾ ’ਚ ਵੱਡੀ ਵਾਰਦਾਤ: ਪਤਨੀ ‘ਤੇ ਪ੍ਰੇਮੀ ਨਾਲ ਮਿਲ ਕੇ ਪਤੀ ਦਾ ਕਤਲ ਕਰਨ ਦੇ ਦੋਸ਼

ਬਠਿੰਡਾ: ਬਠਿੰਡਾ ਜ਼ਿਲ੍ਹੇ ਦੇ ਥਾਣਾ ਮੌੜ ਅਧੀਨ ਆਉਂਦੇ ਪਿੰਡ ਕੋਟਲੀ ਖੁਰਦ ਵਿੱਚ ਇੱਕ ਨੌਜਵਾਨ ਦੀ ਮੌਤ ਦਾ ਮਾਮਲਾ ਸਾਹਮਣੇ ਆਇਆ ਹੈ। ਸ਼ੁਰੂਆਤੀ ਤੌਰ ’ਤੇ ਘਟਨਾ ਖੁਦਕੁਸ਼ੀ ਜਾਪ ਰਹੀ ਸੀ, ਪਰ ਪੁਲਿਸ ਜਾਂਚ ਦੌਰਾਨ ਮਾਮਲਾ ਕਤਲ ਦਾ ਨਿਕਲਿਆ। ਪੁਲਿਸ ਨੇ ਇਸ ਮਾਮਲੇ ਵਿੱਚ ਮ੍ਰਿਤਕ ਦੀ ਪਤਨੀ ਅਤੇ ਇੱਕ ਵਿਅਕਤੀ ਨੂੰ ਨਾਮਜ਼ਦ ਕੀਤਾ ਹੈ।

ਮਿਲੀ ਜਾਣਕਾਰੀ ਅਨੁਸਾਰ ਪਿੰਡ ਕੋਟਲੀ ਖੁਰਦ ਦਾ ਰਹਿਣ ਵਾਲਾ ਰਾਜਪਾਲ ਸਿੰਘ ਰਾਜੂ ਰੇਲਵੇ ਵਿਭਾਗ ਵਿੱਚ ਨੌਕਰੀ ਕਰਦਾ ਸੀ। ਉਸਦੇ ਦੋ ਛੋਟੇ ਬੱਚੇ ਵੀ ਹਨ। ਦੱਸਿਆ ਜਾ ਰਿਹਾ ਹੈ ਕਿ ਰਾਜਪਾਲ ਸਿੰਘ ਦੀ ਪਤਨੀ ਕਿਰਨਪਾਲ ਕੌਰ ਦੇ ਕੋਟਲੀ ਕਲਾਂ ਵਾਸੀ ਬ੍ਰਹਮਜੀਤ ਸਿੰਘ ਨਾਲ ਕਥਿਤ ਤੌਰ ’ਤੇ ਸਬੰਧ ਸਨ। ਇਸ ਗੱਲ ਨੂੰ ਲੈ ਕੇ ਪਤੀ-ਪਤਨੀ ਵਿਚਕਾਰ ਪਹਿਲਾਂ ਵੀ ਤਕਰਾਰ ਹੋਣ ਦੀ ਗੱਲ ਸਾਹਮਣੇ ਆਈ ਹੈ।

ਪੁਲਿਸ ਮੁਤਾਬਕ ਘਟਨਾ ਵਾਲੀ ਰਾਤ ਦੋਵਾਂ ਵਿਚਕਾਰ ਦੁਬਾਰਾ ਝਗੜਾ ਹੋਇਆ। ਇਸ ਤੋਂ ਬਾਅਦ ਕਥਿਤ ਤੌਰ ’ਤੇ ਕਿਰਨਪਾਲ ਕੌਰ ਨੇ ਬ੍ਰਹਮਜੀਤ ਸਿੰਘ ਨੂੰ ਬੁਲਾਇਆ। ਪੁਲਿਸ ਜਾਂਚ ਵਿੱਚ ਦੋਸ਼ ਹੈ ਕਿ ਦੋਵਾਂ ਨੇ ਮਿਲ ਕੇ ਰਾਜਪਾਲ ਸਿੰਘ ਦੀ ਜਾਨ ਲੈ ਲਈ ਅਤੇ ਘਟਨਾ ਨੂੰ ਖੁਦਕੁਸ਼ੀ ਦਿਖਾਉਣ ਲਈ ਉਸਦੀ ਲਾਸ਼ ਨੂੰ ਰੱਸੇ ਨਾਲ ਲਟਕਾ ਦਿੱਤਾ।

ਥਾਣਾ ਮੌੜ ਦੇ ਐੱਸ.ਐੱਚ.ਓ. ਤਰੁਨਦੀਪ ਸਿੰਘ ਨੇ ਦੱਸਿਆ ਕਿ ਪੁਲਿਸ ਨੂੰ ਪਿੰਡ ਕੋਟਲੀ ਖੁਰਦ ਵਿੱਚ ਇੱਕ ਨੌਜਵਾਨ ਦੀ ਲਾਸ਼ ਫਾਹੇ ਨਾਲ ਲਟਕਣ ਦੀ ਸੂਚਨਾ ਮਿਲੀ ਸੀ। ਮੌਕੇ ’ਤੇ ਪਹੁੰਚ ਕੇ ਪੁਲਿਸ ਨੇ ਜਦੋਂ ਜਾਂਚ ਕੀਤੀ ਤਾਂ ਹਾਲਾਤ ਸ਼ੱਕੀ ਨਜ਼ਰ ਆਏ ਅਤੇ ਮਾਮਲਾ ਖੁਦਕੁਸ਼ੀ ਦੀ ਬਜਾਏ ਕਤਲ ਨਾਲ ਜੁੜਿਆ ਹੋਇਆ ਸਾਹਮਣੇ ਆਇਆ।

ਜਾਂਚ ਦੌਰਾਨ ਪੁਲਿਸ ਨੂੰ ਘਰ ਵਿੱਚੋਂ ਡੀ.ਵੀ.ਆਰ. ਅਤੇ ਮ੍ਰਿਤਕ ਤੇ ਉਸਦੀ ਪਤਨੀ ਦੇ ਮੋਬਾਈਲ ਫੋਨ ਵੀ ਨਹੀਂ ਮਿਲੇ। ਇਸ ਤੋਂ ਬਾਅਦ ਪੁਲਿਸ ਨੇ ਮਾਮਲੇ ਦੀ ਹੋਰ ਡੂੰਘਾਈ ਨਾਲ ਜਾਂਚ ਕੀਤੀ। ਪੁੱਛਗਿੱਛ ਦੌਰਾਨ ਕਥਿਤ ਤੌਰ ’ਤੇ ਪਤਨੀ ਅਤੇ ਬ੍ਰਹਮਜੀਤ ਸਿੰਘ ਵਿਚਕਾਰ ਸਬੰਧਾਂ ਦੀ ਗੱਲ ਸਾਹਮਣੇ ਆਈ।

ਪੁਲਿਸ ਨੇ ਮ੍ਰਿਤਕ ਦੇ ਚਾਚੇ ਦੇ ਲੜਕੇ ਸੱਤਪਾਲ ਸਿੰਘ ਸੋਨੀ ਦੇ ਬਿਆਨਾਂ ਦੇ ਆਧਾਰ ’ਤੇ ਮਾਮਲਾ ਦਰਜ ਕਰ ਲਿਆ ਹੈ। ਬ੍ਰਹਮਜੀਤ ਸਿੰਘ ਅਤੇ ਕਿਰਨਪਾਲ ਕੌਰ ਨੂੰ ਮਾਮਲੇ ਵਿੱਚ ਨਾਮਜ਼ਦ ਕੀਤਾ ਗਿਆ ਹੈ। ਦੋਵਾਂ ਦੀ ਗ੍ਰਿਫ਼ਤਾਰੀ ਲਈ ਪੁਲਸ ਵੱਲੋਂ ਛਾਪੇਮਾਰੀ ਕੀਤੀ ਜਾ ਰਹੀ ਹੈ।

ਪੁਲਿਸ ਦਾ ਕਹਿਣਾ ਹੈ ਕਿ ਜਾਂਚ ਦੌਰਾਨ ਜੇਕਰ ਕਿਸੇ ਹੋਰ ਵਿਅਕਤੀ ਦੀ ਸ਼ਮੂਲੀਅਤ ਸਾਹਮਣੇ ਆਉਂਦੀ ਹੈ ਤਾਂ ਉਸ ਖ਼ਿਲਾਫ਼ ਵੀ ਕਾਨੂੰਨ ਅਨੁਸਾਰ ਕਾਰਵਾਈ ਕੀਤੀ ਜਾਵੇਗੀ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine
Google search engine

Most Popular

Recent Comments