Homeਪੰਜਾਬਜਲੰਧਰ ਦੇ 4 ਸਾਲਾ ਕੇਸ਼ਵ ਕਿਡਨੈਪਿੰਗ ਕੇਸ ’ਚ ਵੱਡਾ ਖੁਲਾਸਾ

ਜਲੰਧਰ ਦੇ 4 ਸਾਲਾ ਕੇਸ਼ਵ ਕਿਡਨੈਪਿੰਗ ਕੇਸ ’ਚ ਵੱਡਾ ਖੁਲਾਸਾ

ਜਲੰਧਰ: ਬਸਤੀ ਬਾਵਾ ਖੇਲ ਦੇ ਪੰਨੂ ਵਿਹਾਰ ਇਲਾਕੇ ਵਿੱਚ 4 ਸਾਲਾ ਕੇਸ਼ਵ ਦੇ ਕਿਡਨੈਪਿੰਗ ਮਾਮਲੇ ਵਿੱਚ ਪੁਲਿਸ ਨੇ ਇੱਕ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਪੁਲਿਸ ਦੀ ਪੁੱਛਗਿੱਛ ਦੌਰਾਨ ਮਾਮਲੇ ਸਬੰਧੀ ਅਹਿਮ ਜਾਣਕਾਰੀ ਸਾਹਮਣੇ ਆਉਣ ਦਾ ਦਾਅਵਾ ਕੀਤਾ ਗਿਆ ਹੈ। ਪੁਲਿਸ ਮੁਤਾਬਕ ਮੁਲਜ਼ਮਾਂ ਨੇ ਬੱਚੇ ਨੂੰ ਕਥਿਤ ਤੌਰ ’ਤੇ ਇੱਕ ਲੱਖ ਰੁਪਏ ਵਿੱਚ ਵੇਚਣ ਦੀ ਯੋਜਨਾ ਬਣਾਈ ਸੀ।

ਡੀ.ਸੀ.ਪੀ. ਆਦਿਤਿਆ ਵਾਰੀਅਰ ਮੁਤਾਬਕ ਮਾਮਲੇ ਵਿੱਚ ਰਜਤ ਰੱਤੂ ਉਰਫ਼ ਰੌਕੀ, ਵਾਸੀ ਆਦਮਪੁਰ, ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ, ਜਦਕਿ ਉਸ ਦਾ ਕਥਿਤ ਸਾਥੀ ਪ੍ਰਿੰਸ ਅਜੇ ਫਰਾਰ ਹੈ। ਪੁਲਿਸ ਨੇ ਦੱਸਿਆ ਕਿ ਰਜਤ ਨੂੰ ਉਸ ਦੇ ਪਿੰਡ ਤੋਂ ਸਵੇਰੇ ਕਰੀਬ 5 ਵਜੇ ਕਾਬੂ ਕੀਤਾ ਗਿਆ।

ਪੁਲਿਸ ਜਾਂਚ ਮੁਤਾਬਕ ਮੁਲਜ਼ਮਾਂ ਨੇ ਬੱਚੇ ਨੂੰ ਇੱਕ ਲੱਖ ਰੁਪਏ ਵਿੱਚ ਵੇਚਣ ਦਾ ਸੌਦਾ ਤੈਅ ਕੀਤਾ ਸੀ ਅਤੇ ਇਸ ਸਬੰਧੀ 20 ਹਜ਼ਾਰ ਰੁਪਏ ਐਡਵਾਂਸ ਲੈਣ ਦੀ ਗੱਲ ਵੀ ਸਾਹਮਣੇ ਆਈ ਹੈ। ਪੁਲਿਸ ਦਾ ਕਹਿਣਾ ਹੈ ਕਿ ਜਿਨ੍ਹਾਂ ਲੋਕਾਂ ਨੂੰ ਬੱਚਾ ਵੇਚਣ ਦੀ ਕਥਿਤ ਯੋਜਨਾ ਸੀ, ਉਨ੍ਹਾਂ ਨੂੰ ਵੀ ਮਾਮਲੇ ਵਿੱਚ ਨਾਮਜ਼ਦ ਕੀਤਾ ਗਿਆ ਹੈ।

ਪੁਲਿਸ ਅਨੁਸਾਰ ਸ਼ਹਿਰ ਵਿੱਚ ਕੀਤੀ ਗਈ ਨਾਕਾਬੰਦੀ ਕਾਰਨ ਮੁਲਜ਼ਮ ਆਪਣੀ ਯੋਜਨਾ ਨੂੰ ਅੰਜਾਮ ਨਹੀਂ ਦੇ ਸਕੇ। ਇਸ ਤੋਂ ਬਾਅਦ ਉਹ ਬੱਚੇ ਨੂੰ ਬੱਸ ਸਟੈਂਡ ’ਤੇ ਛੱਡ ਕੇ ਫਰਾਰ ਹੋ ਗਏ।

ਜਾਂਚ ਦੌਰਾਨ ਪੁਲਿਸ ਨੂੰ ਇਹ ਵੀ ਪਤਾ ਲੱਗਣ ਦੀ ਗੱਲ ਕਹੀ ਗਈ ਹੈ ਕਿ ਕਥਿਤ ਤੌਰ ’ਤੇ ਬੱਚੇ ਨੂੰ ਲਿਜਾਣ ਤੋਂ ਬਾਅਦ ਮੁਲਜ਼ਮਾਂ ਨੇ ਆਪਣੇ ਕੱਪੜੇ ਬਦਲ ਲਏ ਸਨ। ਪੁਲਿਸ ਨੇ ਇਹ ਕੱਪੜੇ ਬਰਾਮਦ ਕਰਨ ਦਾ ਦਾਅਵਾ ਕੀਤਾ ਹੈ। ਇਸ ਤੋਂ ਇਲਾਵਾ ਬੱਚੇ ਨੂੰ ਕਿਸੇ ਜਾਣ-ਪਛਾਣ ਵਾਲੇ ਵਿਅਕਤੀ ਕੋਲ ਛੱਡੇ ਜਾਣ ਸਬੰਧੀ ਵੀ ਜਾਂਚ ਕੀਤੀ ਜਾ ਰਹੀ ਹੈ।

ਪੁਲਿਸ ਮੁਤਾਬਕ ਰਜਤ ਰੱਤੂ ਪੇਸ਼ੇ ਤੋਂ ਡਰਾਈਵਰ ਹੈ। ਪੁੱਛਗਿੱਛ ਦੌਰਾਨ ਇਹ ਵੀ ਸਾਹਮਣੇ ਆਇਆ ਹੈ ਕਿ ਮੁਲਜ਼ਮਾਂ ਨੇ ਕਥਿਤ ਤੌਰ ’ਤੇ ਪਹਿਲੀ ਵਾਰ ਅਜਿਹੀ ਵਾਰਦਾਤ ਨੂੰ ਅੰਜਾਮ ਦਿੱਤਾ। ਹਾਲਾਂਕਿ ਬੱਚੇ ਕੇਸ਼ਵ ਨੂੰ ਹੀ ਨਿਸ਼ਾਨਾ ਬਣਾਉਣ ਦੇ ਕਾਰਨਾਂ ਬਾਰੇ ਪੁਲਿਸ ਵੱਲੋਂ ਹੋਰ ਪੁੱਛਗਿੱਛ ਕੀਤੀ ਜਾਵੇਗੀ।

ਮੁਲਜ਼ਮ ਨੂੰ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਲੈਣ ਦੀ ਕਾਰਵਾਈ ਕੀਤੀ ਜਾ ਰਹੀ ਹੈ। ਪੁਲਿਸ ਦਾ ਕਹਿਣਾ ਹੈ ਕਿ ਪੁੱਛਗਿੱਛ ਦੌਰਾਨ ਮਾਮਲੇ ਨਾਲ ਜੁੜੇ ਹੋਰ ਤੱਥ ਅਤੇ ਸੰਭਾਵਿਤ ਸਾਥੀਆਂ ਬਾਰੇ ਜਾਣਕਾਰੀ ਸਾਹਮਣੇ ਆ ਸਕਦੀ ਹੈ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine
Google search engine

Most Popular

Recent Comments