Homeਪੰਜਾਬਨਾਕਾਬੰਦੀ ਦੌਰਾਨ ਹੈਰੋਇਨ ਤੇ ਅਸਲੇ ਸਮੇਤ 3 ਗ੍ਰਿਫ਼ਤਾਰ

ਨਾਕਾਬੰਦੀ ਦੌਰਾਨ ਹੈਰੋਇਨ ਤੇ ਅਸਲੇ ਸਮੇਤ 3 ਗ੍ਰਿਫ਼ਤਾਰ

ਜੰਡਿਆਲਾ: ਪੰਜਾਬ ਵਿੱਚ ਨਸ਼ਾ ਤਸਕਰੀ ਅਤੇ ਗੈਰ-ਕਾਨੂੰਨੀ ਹਥਿਆਰਾਂ ਖ਼ਿਲਾਫ਼ ਚਲਾਈ ਜਾ ਰਹੀ ਮੁਹਿੰਮ ਤਹਿਤ ਜੰਡਿਆਲਾ ਪੁਲਿਸ ਨੇ ਤਿੰਨ ਵੱਖ-ਵੱਖ ਕਾਰਵਾਈਆਂ ਦੌਰਾਨ ਤਿੰਨ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਨ ਦਾ ਦਾਅਵਾ ਕੀਤਾ ਹੈ। ਪੁਲਿਸ ਮੁਤਾਬਕ ਮੁਲਜ਼ਮਾਂ ਕੋਲੋਂ ਕੁੱਲ 1.5 ਕਿੱਲੋ ਹੈਰੋਇਨ, 2 ਪਿਸਤੌਲ ਅਤੇ 13 ਜ਼ਿੰਦਾ ਕਾਰਤੂਸ ਬਰਾਮਦ ਕੀਤੇ ਗਏ ਹਨ।

ਡੀਐੱਸਪੀ ਬਲਜੀਤ ਸਿੰਘ ਹੁੰਦਲ ਨੇ ਪ੍ਰੈੱਸ ਕਾਨਫ਼ਰੰਸ ਦੌਰਾਨ ਦੱਸਿਆ ਕਿ ਐੱਸਐੱਸਪੀ ਕਵਲਪ੍ਰੀਤ ਸਿੰਘ ਚਾਹਲ ਦੇ ਦਿਸ਼ਾ-ਨਿਰਦੇਸ਼ਾਂ ਹੇਠ ਇਲਾਕੇ ਵਿੱਚ ਨਸ਼ਾ ਤਸਕਰਾਂ ਅਤੇ ਗੈਰ-ਕਾਨੂੰਨੀ ਗਤੀਵਿਧੀਆਂ ਵਿੱਚ ਸ਼ਾਮਲ ਵਿਅਕਤੀਆਂ ਖ਼ਿਲਾਫ਼ ਵਿਸ਼ੇਸ਼ ਮੁਹਿੰਮ ਚਲਾਈ ਜਾ ਰਹੀ ਹੈ। ਇਸੇ ਤਹਿਤ ਵੱਖ-ਵੱਖ ਥਾਵਾਂ ’ਤੇ ਨਾਕਾਬੰਦੀ ਕਰਕੇ ਸ਼ੱਕੀ ਵਿਅਕਤੀਆਂ ਅਤੇ ਵਾਹਨਾਂ ਦੀ ਜਾਂਚ ਕੀਤੀ ਜਾ ਰਹੀ ਸੀ।

ਗਹਿਰੀ ਮੰਡੀ ਤੋਂ 1 ਕਿੱਲੋ ਹੈਰੋਇਨ ਬਰਾਮਦ

ਪਹਿਲੀ ਕਾਰਵਾਈ ਏਐੱਸਆਈ ਤਰਸੇਮ ਸਿੰਘ ਦੀ ਅਗਵਾਈ ਵਾਲੀ ਪੁਲਿਸ ਟੀਮ ਵੱਲੋਂ ਕੀਤੀ ਗਈ। ਨਾਕਾਬੰਦੀ ਦੌਰਾਨ ਸ਼ੱਕ ਦੇ ਆਧਾਰ ’ਤੇ ਇੱਕ ਵਿਅਕਤੀ ਨੂੰ ਰੋਕ ਕੇ ਤਲਾਸ਼ੀ ਲਈ ਗਈ ਤਾਂ ਉਸ ਕੋਲੋਂ 1 ਕਿੱਲੋ ਹੈਰੋਇਨ ਬਰਾਮਦ ਹੋਈ।

ਪੁਲਿਸ ਨੇ ਮੁਲਜ਼ਮ ਦੀ ਪਛਾਣ ਦਲਜੀਤ ਸਿੰਘ ਉਰਫ਼ ਬਿੱਲਾ, ਵਾਸੀ ਗਹਿਰੀ ਮੰਡੀ ਵਜੋਂ ਕੀਤੀ ਹੈ। ਇਸ ਮਾਮਲੇ ਵਿੱਚ ਥਾਣਾ ਜੰਡਿਆਲਾ ਵਿਖੇ ਮੁਕੱਦਮਾ ਨੰਬਰ 310 ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।

ਘਰ ਦੀ ਤਲਾਸ਼ੀ ਦੌਰਾਨ ਮਿਲੀ 500 ਗ੍ਰਾਮ ਹੈਰੋਇਨ

ਦੂਜੀ ਕਾਰਵਾਈ ਵਡਾਲਾ ਪੁਲਿਸ ਚੌਕੀ ਦੇ ਏਐੱਸਆਈ ਜਤਿੰਦਰਪਾਲ ਸਿੰਘ ਦੀ ਅਗਵਾਈ ਹੇਠ ਕੀਤੀ ਗਈ। ਪੁਲਿਸ ਨੇ ਦਲਜੀਤ ਸਿੰਘ ਉਰਫ਼ ਦੀਪੂ, ਵਾਸੀ ਮੁਹੱਲਾ ਸ਼ੇਖੂਪੁਰਾ, ਜੰਡਿਆਲਾ ਨੂੰ ਕਾਬੂ ਕੀਤਾ।

ਪੁਲਿਸ ਮੁਤਾਬਕ ਮੁਲਜ਼ਮ ਕੋਲੋਂ ਪਹਿਲਾਂ ਇੱਕ ਨਾਜਾਇਜ਼ ਪਿਸਤੌਲ ਅਤੇ 3 ਜ਼ਿੰਦਾ ਕਾਰਤੂਸ ਬਰਾਮਦ ਹੋਏ। ਇਸ ਤੋਂ ਬਾਅਦ ਉਸ ਦੇ ਘਰ ਦੀ ਤਲਾਸ਼ੀ ਲਈ ਗਈ, ਜਿੱਥੋਂ 500 ਗ੍ਰਾਮ ਹੈਰੋਇਨ ਹੋਰ ਮਿਲੀ। ਇਸ ਸਬੰਧੀ ਥਾਣਾ ਜੰਡਿਆਲਾ ਵਿੱਚ ਮੁਕੱਦਮਾ ਨੰਬਰ 308 ਦਰਜ ਕੀਤਾ ਗਿਆ ਹੈ।

ਤੀਜੇ ਮੁਲਜ਼ਮ ਕੋਲੋਂ ਪਿਸਤੌਲ ਅਤੇ 10 ਰੌਂਦ ਬਰਾਮਦ

ਤੀਜੀ ਕਾਰਵਾਈ ਟਾਊਨ ਜੰਡਿਆਲਾ ਪੁਲਿਸ ਚੌਕੀ ਦੇ ਏਐੱਸਆਈ ਗੋਪਾਲ ਸਿੰਘ ਦੀ ਅਗਵਾਈ ਹੇਠ ਕੀਤੀ ਗਈ। ਪੁਲਿਸ ਨੇ ਵਿਸ਼ੇਸ਼ ਨਾਕਾਬੰਦੀ ਦੌਰਾਨ ਫ਼ਤਿਹ ਸਿੰਘ ਉਰਫ਼ ਫ਼ਤੇਹ, ਵਾਸੀ ਪੱਤੀ ਨੂੰ ਕਾਬੂ ਕੀਤਾ।

ਤਲਾਸ਼ੀ ਦੌਰਾਨ ਉਸ ਦੇ ਕਬਜ਼ੇ ਵਿੱਚੋਂ .30 ਬੋਰ ਦਾ ਮੈਗਜ਼ੀਨ ਵਾਲਾ ਪਿਸਤੌਲ ਅਤੇ 10 ਜ਼ਿੰਦਾ ਕਾਰਤੂਸ ਬਰਾਮਦ ਹੋਣ ਦਾ ਪੁਲਿਸ ਨੇ ਦਾਅਵਾ ਕੀਤਾ ਹੈ।

ਰਿਮਾਂਡ ਦੌਰਾਨ ਹੋਵੇਗੀ ਪੁੱਛਗਿੱਛ

ਡੀਐੱਸਪੀ ਬਲਜੀਤ ਸਿੰਘ ਹੁੰਦਲ ਨੇ ਕਿਹਾ ਕਿ ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਨੂੰ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਲਿਆ ਜਾਵੇਗਾ। ਪੁਲਿਸ ਵੱਲੋਂ ਪੁੱਛਗਿੱਛ ਦੌਰਾਨ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ ਜਾਵੇਗੀ ਕਿ ਬਰਾਮਦ ਕੀਤਾ ਗਿਆ ਨਸ਼ਾ ਅਤੇ ਹਥਿਆਰ ਕਿੱਥੋਂ ਲਿਆਂਦੇ ਜਾਂਦੇ ਸਨ ਅਤੇ ਇਨ੍ਹਾਂ ਨੂੰ ਅੱਗੇ ਕਿਨ੍ਹਾਂ ਵਿਅਕਤੀਆਂ ਤੱਕ ਪਹੁੰਚਾਇਆ ਜਾਣਾ ਸੀ।

ਪੁਲਿਸ ਅਧਿਕਾਰੀ ਨੇ ਕਿਹਾ ਕਿ ਜਾਂਚ ਅੱਗੇ ਵਧਣ ’ਤੇ ਇਸ ਨੈੱਟਵਰਕ ਨਾਲ ਜੁੜੇ ਹੋਰ ਵਿਅਕਤੀਆਂ ਸਬੰਧੀ ਵੀ ਜਾਣਕਾਰੀ ਸਾਹਮਣੇ ਆ ਸਕਦੀ ਹੈ। ਉਨ੍ਹਾਂ ਇਲਾਕਾ ਵਾਸੀਆਂ ਨੂੰ ਅਪੀਲ ਕੀਤੀ ਕਿ ਨਸ਼ਾ ਤਸਕਰੀ ਜਾਂ ਗੈਰ-ਕਾਨੂੰਨੀ ਗਤੀਵਿਧੀਆਂ ਬਾਰੇ ਜਾਣਕਾਰੀ ਮਿਲਣ ’ਤੇ ਪੁਲਿਸ ਨੂੰ ਸੂਚਿਤ ਕਰਨ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine
Google search engine

Most Popular

Recent Comments