ਮੋਗਾ: ਥਾਣਾ ਕੋਟ ਈਸੇ ਖਾਂ ਦੀ ਐੱਸ.ਐੱਚ.ਓ. ਇੰਸਪੈਕਟਰ ਸੁਨੀਤਾ ਬਾਵਾ ਖ਼ਿਲਾਫ਼ ਵੱਡੀ ਕਾਰਵਾਈ ਹੋਈ ਹੈ। ਰਿਸ਼ਵਤ ਲੈਣ ਦੇ ਦੋਸ਼ਾਂ ਤਹਿਤ ਗ੍ਰਿਫ਼ਤਾਰ ਕੀਤੀ ਗਈ ਸੁਨੀਤਾ ਬਾਵਾ ਨੂੰ ਪੁਲਿਸ ਵਿਭਾਗ ਵੱਲੋਂ ਬਰਖ਼ਾਸਤ ਕਰ ਦਿੱਤਾ ਗਿਆ ਹੈ। ਫਰੀਦਕੋਟ ਰੇਂਜ ਦੀ ਆਈ.ਜੀ.ਪੀ. ਨੀਲਾਂਬਰੀ ਜਗਦਲੇ ਵੱਲੋਂ ਇਸ ਸਬੰਧੀ ਹੁਕਮ ਜਾਰੀ ਕੀਤੇ ਗਏ ਹਨ।
ਜਾਣਕਾਰੀ ਮੁਤਾਬਕ, ਵਿਜੀਲੈਂਸ ਬਿਊਰੋ ਨੇ ਥਾਣਾ ਕੋਟ ਈਸੇ ਖਾਂ ਦੀ ਮੁੱਖ ਅਫ਼ਸਰ ਇੰਸਪੈਕਟਰ ਸੁਨੀਤਾ ਬਾਵਾ ਅਤੇ ਉਸ ਦੇ ਸਰਕਾਰੀ ਗੰਨਮੈਨ ਹੋਮਗਾਰਡ ਜਵਾਨ ਗੁਰਅਵਤਾਰ ਸਿੰਘ ਨੂੰ ਰਿਸ਼ਵਤ ਦੇ ਮਾਮਲੇ ਵਿੱਚ ਕਾਬੂ ਕੀਤਾ ਸੀ। ਇਹ ਕਾਰਵਾਈ ਨੂਰਪੁਰ ਹਕੀਮਾਂ ਦੇ ਰਹਿਣ ਵਾਲੇ ਰਾਜਵਿੰਦਰ ਸਿੰਘ ਦੀ ਸ਼ਿਕਾਇਤ ਤੋਂ ਬਾਅਦ ਕੀਤੀ ਗਈ।
ਵਿਜੀਲੈਂਸ ਬਿਊਰੋ ਅਨੁਸਾਰ, ਸ਼ਿਕਾਇਤਕਰਤਾ ਨੇ ਦੋਸ਼ ਲਗਾਇਆ ਸੀ ਕਿ ਇੱਕ ਮਾਮਲੇ ਨੂੰ ਨਿਪਟਾਉਣ ਦੇ ਬਦਲੇ ਰਿਸ਼ਵਤ ਦੀ ਮੰਗ ਕੀਤੀ ਜਾ ਰਹੀ ਸੀ। ਸ਼ਿਕਾਇਤ ਦੀ ਜਾਂਚ ਤੋਂ ਬਾਅਦ ਵਿਜੀਲੈਂਸ ਟੀਮ ਨੇ ਟਰੈਪ ਲਗਾਇਆ।
ਦੱਸਿਆ ਗਿਆ ਕਿ ਜੀਰਾ ਰੋਡ ’ਤੇ ਤੈਅ ਕੀਤੀ ਥਾਂ ’ਤੇ ਦੇਰ ਰਾਤ ਕਰੀਬ 9 ਵਜੇ ਥਾਣਾ ਮੁਖੀ ਦੇ ਗੰਨਮੈਨ ਗੁਰਅਵਤਾਰ ਸਿੰਘ ਨੂੰ 50 ਹਜ਼ਾਰ ਰੁਪਏ ਦੀ ਕਥਿਤ ਰਿਸ਼ਵਤ ਲੈਂਦਿਆਂ ਗਵਾਹਾਂ ਦੀ ਮੌਜੂਦਗੀ ਵਿੱਚ ਗ੍ਰਿਫ਼ਤਾਰ ਕੀਤਾ ਗਿਆ। ਇਸ ਤੋਂ ਬਾਅਦ ਜਾਂਚ ਦੌਰਾਨ ਐੱਸ.ਐੱਚ.ਓ. ਸੁਨੀਤਾ ਬਾਵਾ ਦੀ ਭੂਮਿਕਾ ਵੀ ਸਾਹਮਣੇ ਆਉਣ ਦੀ ਗੱਲ ਕਹੀ ਗਈ।
ਵਿਜੀਲੈਂਸ ਮੁਤਾਬਕ, ਗੰਨਮੈਨ ਨੇ ਸੁਨੀਤਾ ਬਾਵਾ ਨਾਲ ਫੋਨ ’ਤੇ ਗੱਲ ਕਰਵਾਈ ਸੀ ਅਤੇ ਕਥਿਤ ਤੌਰ ’ਤੇ ਰਕਮ ਦੇਣ ਸਬੰਧੀ ਗੱਲਬਾਤ ਹੋਈ। ਇਸ ਤੋਂ ਬਾਅਦ ਸੁਨੀਤਾ ਬਾਵਾ ਨੂੰ ਵੀ ਮਾਮਲੇ ਵਿੱਚ ਗ੍ਰਿਫ਼ਤਾਰ ਕਰਕੇ ਅਦਾਲਤ ਵਿੱਚ ਪੇਸ਼ ਕੀਤਾ ਗਿਆ, ਜਿੱਥੋਂ ਵਿਜੀਲੈਂਸ ਨੂੰ ਉਸ ਦਾ ਰਿਮਾਂਡ ਮਿਲਿਆ ਸੀ।
ਹੁਣ ਇਸ ਮਾਮਲੇ ਵਿੱਚ ਫਰੀਦਕੋਟ ਰੇਂਜ ਦੀ ਆਈ.ਜੀ.ਪੀ. ਨੀਲਾਂਬਰੀ ਜਗਦਲੇ ਵੱਲੋਂ ਸੁਨੀਤਾ ਬਾਵਾ ਦੀ ਬਰਖ਼ਾਸਤਗੀ ਦੇ ਹੁਕਮ ਜਾਰੀ ਕੀਤੇ ਗਏ ਹਨ।












