Homeਖੇਡਾਂਤੀਰਅੰਦਾਜ਼ੀ ’ਚ ਭਾਰਤ ਦੀ ਇਤਿਹਾਸਕ ਜਿੱਤ, ਵਿਸ਼ਵ ਚੈਂਪੀਅਨ ਕੋਰੀਆ ਨੂੰ ਹਰਾ ਕੇ...

ਤੀਰਅੰਦਾਜ਼ੀ ’ਚ ਭਾਰਤ ਦੀ ਇਤਿਹਾਸਕ ਜਿੱਤ, ਵਿਸ਼ਵ ਚੈਂਪੀਅਨ ਕੋਰੀਆ ਨੂੰ ਹਰਾ ਕੇ ਗੋਲਡ ’ਤੇ ਕਬਜ਼ਾ

ਸਪੋਰਟਸ: ਭਾਰਤੀ ਮਹਿਲਾ ਰਿਕਰਵ ਤੀਰਅੰਦਾਜ਼ੀ ਟੀਮ ਨੇ ਏਸ਼ੀਅਨ ਗੇਮਜ਼ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਇਤਿਹਾਸ ਰਚ ਦਿੱਤਾ ਹੈ। ਅੰਕਿਤਾ ਭਕਤ, ਕੀਰਤੀ ਸ਼ਰਮਾ ਅਤੇ ਕੁਮਕੁਮ ਮੋਹੋਦ ਦੀ ਤਿਕੜੀ ਨੇ ਫਾਈਨਲ ਵਿੱਚ ਦੱਖਣੀ ਕੋਰੀਆ ਨੂੰ 5-3 ਨਾਲ ਹਰਾ ਕੇ ਸੋਨ ਤਮਗਾ ਆਪਣੇ ਨਾਂ ਕਰ ਲਿਆ।

ਭਾਰਤੀ ਟੀਮ ਨੇ ਵਿਸ਼ਵ ਚੈਂਪੀਅਨ ਅਤੇ ਮਜ਼ਬੂਤ ਦੱਖਣੀ ਕੋਰੀਆਈ ਟੀਮ ਖ਼ਿਲਾਫ਼ ਦਬਾਅ ਦੇ ਬਾਵਜੂਦ ਸ਼ਾਨਦਾਰ ਖੇਡ ਦਿਖਾਈ। ਇਸ ਜਿੱਤ ਨਾਲ ਭਾਰਤ ਨੇ ਏਸ਼ੀਅਨ ਗੇਮਜ਼ ਦੀ ਮਹਿਲਾ ਰਿਕਰਵ ਟੀਮ ਮੁਕਾਬਲੇ ਵਿੱਚ ਪਹਿਲੀ ਵਾਰ ਸੋਨ ਤਮਗਾ ਜਿੱਤਿਆ ਹੈ।

ਰੋਮਾਂਚਕ ਮੁਕਾਬਲੇ ’ਚ ਭਾਰਤ ਨੇ ਬਣਾਈ ਬੜ੍ਹਤ

ਫਾਈਨਲ ਮੁਕਾਬਲਾ ਤੇਜ਼ ਹਵਾਵਾਂ ਦੇ ਵਿਚਕਾਰ ਖੇਡਿਆ ਗਿਆ। ਸ਼ੁਰੂਆਤੀ ਦੋ ਸੈੱਟਾਂ ਵਿੱਚ ਦੋਵੇਂ ਟੀਮਾਂ ਦਾ ਮੁਕਾਬਲਾ ਕਾਫ਼ੀ ਕਰੀਬੀ ਰਿਹਾ ਅਤੇ ਸਕੋਰ ਬਰਾਬਰ ਰਹਿਣ ਕਾਰਨ ਦੋਵਾਂ ਨੂੰ ਅੰਕ ਮਿਲੇ।

ਤੀਜੇ ਸੈੱਟ ਵਿੱਚ ਭਾਰਤੀ ਤੀਰਅੰਦਾਜ਼ਾਂ ਨੇ ਆਪਣੀ ਲੈਅ ਹੋਰ ਮਜ਼ਬੂਤ ਕੀਤੀ। ਦੱਖਣੀ ਕੋਰੀਆਈ ਖਿਡਾਰੀਆਂ ਵੱਲੋਂ ਕੁਝ ਸ਼ਾਟਾਂ ਵਿੱਚ 8 ਅੰਕ ਹੀ ਬਣ ਸਕੇ, ਜਿਸ ਦਾ ਭਾਰਤ ਨੇ ਫਾਇਦਾ ਚੁੱਕਿਆ। ਭਾਰਤੀ ਟੀਮ ਨੇ ਇਸ ਸੈੱਟ ਵਿੱਚ 55 ਅੰਕ ਹਾਸਲ ਕਰਕੇ ਬੜ੍ਹਤ ਆਪਣੇ ਨਾਂ ਕਰ ਲਈ।

ਚੌਥੇ ਸੈੱਟ ’ਚ ਮੁਕਾਬਲਾ ਰਿਹਾ ਬਰਾਬਰ

ਫੈਸਲਾਕੁੰਨ ਚੌਥੇ ਸੈੱਟ ਵਿੱਚ ਦੱਖਣੀ ਕੋਰੀਆ ਨੇ 54 ਅੰਕ ਬਣਾਏ। ਭਾਰਤ ਦੀ ਕੀਰਤੀ ਸ਼ਰਮਾ ਦੇ ਇੱਕ ਸ਼ਾਟ ਨੂੰ ਪਹਿਲਾਂ 8 ਅੰਕ ਦਿੱਤੇ ਗਏ, ਪਰ ਸਮੀਖਿਆ ਤੋਂ ਬਾਅਦ ਇਸ ਨੂੰ 9 ਅੰਕ ਕਰ ਦਿੱਤਾ ਗਿਆ। ਇਸ ਨਾਲ ਭਾਰਤ ਦਾ ਸਕੋਰ ਵੀ 54 ਹੋ ਗਿਆ।

ਚੌਥਾ ਸੈੱਟ ਬਰਾਬਰ ਰਹਿਣ ਤੋਂ ਬਾਅਦ ਭਾਰਤ ਨੇ ਕੁੱਲ 5-3 ਦੇ ਸਕੋਰ ਨਾਲ ਮੁਕਾਬਲਾ ਜਿੱਤ ਲਿਆ ਅਤੇ ਸੋਨ ਤਮਗਾ ਆਪਣੇ ਨਾਂ ਕਰ ਲਿਆ।

ਸੈਮੀਫਾਈਨਲ ’ਚ ਚੀਨ ਨੂੰ ਦਿੱਤੀ ਸੀ ਕਰਾਰੀ ਟੱਕਰ

ਫਾਈਨਲ ਤੋਂ ਪਹਿਲਾਂ ਭਾਰਤੀ ਮਹਿਲਾ ਰਿਕਰਵ ਟੀਮ ਨੇ ਸੈਮੀਫਾਈਨਲ ਵਿੱਚ ਚੀਨ ਨੂੰ 5-1 ਨਾਲ ਹਰਾਇਆ ਸੀ। ਇਸ ਜਿੱਤ ਦੇ ਨਾਲ ਭਾਰਤੀ ਟੀਮ ਨੇ ਪਹਿਲੀ ਵਾਰ ਏਸ਼ੀਅਨ ਗੇਮਜ਼ ਦੇ ਇਸ ਵਰਗ ਦੇ ਫਾਈਨਲ ਵਿੱਚ ਥਾਂ ਬਣਾਈ ਸੀ।

ਇਸ ਤੋਂ ਪਹਿਲਾਂ ਹਾਂਗਜ਼ੂ ਵਿੱਚ 2023 ਵਿੱਚ ਹੋਈਆਂ ਏਸ਼ੀਅਨ ਗੇਮਜ਼ ਵਿੱਚ ਭਾਰਤੀ ਮਹਿਲਾ ਕੰਪਾਊਂਡ ਟੀਮ ਨੇ ਕਾਂਸੀ ਦਾ ਤਮਗਾ ਹਾਸਲ ਕੀਤਾ ਸੀ।

ਕੋਚ ਨੇ ਦੱਸਿਆ ਜਿੱਤ ਨੂੰ ਖਾਸ

ਭਾਰਤੀ ਤੀਰਅੰਦਾਜ਼ੀ ਕੋਚ ਲੋਕੇਸ਼ ਚੰਦ ਨੇ ਮੁਕਾਬਲੇ ਤੋਂ ਬਾਅਦ ਕਿਹਾ ਕਿ ਦੱਖਣੀ ਕੋਰੀਆ ਦੀ ਟੀਮ ਲੰਬੇ ਸਮੇਂ ਤੋਂ ਅੰਤਰਰਾਸ਼ਟਰੀ ਪੱਧਰ ’ਤੇ ਬੇਹੱਦ ਮਜ਼ਬੂਤ ਰਹੀ ਹੈ। ਉਨ੍ਹਾਂ ਮੁਤਾਬਕ ਭਾਰਤੀ ਟੀਮ ਵਿੱਚ ਨੌਜਵਾਨ ਖਿਡਾਰਨਾਂ ਹਨ ਅਤੇ 26 ਸਾਲਾ ਅੰਕਿਤਾ ਭਕਤ ਟੀਮ ਦੀ ਸਭ ਤੋਂ ਸੀਨੀਅਰ ਮੈਂਬਰ ਸੀ।

ਭਾਰਤੀ ਤਿਕੜੀ ਨੇ ਫਾਈਨਲ ਵਿੱਚ ਸੰਯਮ ਬਣਾਈ ਰੱਖਦਿਆਂ ਆਪਣੇ ਨਿਸ਼ਾਨਿਆਂ ਨੂੰ ਸਹੀ ਤਰੀਕੇ ਨਾਲ ਸਾਧਿਆ ਅਤੇ ਇਤਿਹਾਸਕ ਸੋਨ ਤਮਗਾ ਭਾਰਤ ਦੀ ਝੋਲੀ ਪਾ ਦਿੱਤਾ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine
Google search engine

Most Popular

Recent Comments