ਅੰਮ੍ਰਿਤਸਰ: ਅੰਮ੍ਰਿਤਸਰ ‘ਚ ਮਿਲਾਵਟੀ ਖਾਣ-ਪੀਣ ਵਾਲੀਆਂ ਵਸਤਾਂ ਖ਼ਿਲਾਫ਼ ਵਿੱਢੀ ਗਈ ਮੁਹਿੰਮ ਦੇ ਤਹਿਤ ਸਿਹਤ ਵਿਭਾਗ ਨੇ ਵੱਡੀ ਕਾਰਵਾਈ ਕਰਦੇ ਹੋਏ ਕਰੀਬ 7 ਕੁਇੰਟਲ ਸ਼ੱਕੀ ਦੇਸੀ ਘਿਓ ਜ਼ਬਤ ਕੀਤਾ ਹੈ। ਇਹ ਕਾਰਵਾਈ ਸਿਹਤ ਵਿਭਾਗ ਦੇ ਸਹਾਇਕ ਕਮਿਸ਼ਨਰ ਲਖਵਿੰਦਰ ਸਿੰਘ ਦੀ ਅਗਵਾਈ ਹੇਠ ਕੀਤੀ ਗਈ, ਜਿਸ ਨੂੰ ਪੰਜਾਬ ਦੇ ਸਿਹਤ ਮੰਤਰੀ ਡਾ: ਬਲਬੀਰ ਸਿੰਘ, ਕਮਿਸ਼ਨਰ ਫੂਡ ਐਂਡ ਡਰੱਗ ਐਡਮਿਿਨਸਟ੍ਰੇਸ਼ਨ ਕਵਲਪ੍ਰੀਤ ਕੌਰ ਬਰਾੜ, ਡਿਪਟੀ ਕਮਿਸ਼ਨਰ ਅੰਮ੍ਰਿਤਸਰ ਤਲਵਿੰਦਰਜੀਤ ਸਿੰਘ ਅਤੇ ਸਿਵਲ ਸਰਜਨ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਅਮਲ ਵਿੱਚ ਲਿਆਂਦਾ ਗਿਆ।
ਰਜਿੰਦਰ ਸਿੰਘ ਨੇ ਦੱਸਿਆ ਕਿ ਪਿਛਲੇ ਇੱਕ ਮਹੀਨੇ ਤੋਂ ਦੁੱਧ, ਦਹੀਂ, ਪਨੀਰ, ਘਿਓ ਅਤੇ ਹੋਰ ਦੁੱਧ ਪਦਾਰਥਾਂ ਵਿੱਚ ਮਿਲਾਵਟਖੋਰੀ ਨੂੰ ਰੋਕਣ ਲਈ ਵਿਸ਼ੇਸ਼ ਮੁਹਿੰਮ ਚਲਾਈ ਜਾ ਰਹੀ ਹੈ। ਇਸ ਸਬੰਧ ‘ਚ ਅੱਜ ਸਵੇਰੇ ਕੀਤੀ ਗਈ ਜਾਂਚ ਦੌਰਾਨ ਰਾਮਬਾਗ ਇਲਾਕੇ ‘ਚ ਸਥਿਤ ਸੋਨੂੰ ਡੇਅਰੀ ‘ਤੇ ਛਾਪੇਮਾਰੀ ਕੀਤੀ ਗਈ।
ਉਨ੍ਹਾਂ ਦੱਸਿਆ ਕਿ ਵਿਭਾਗ ਨੂੰ ਡੇਅਰੀ ਸਬੰਧੀ ਸ਼ਿਕਾਇਤਾਂ ਮਿਲੀਆਂ ਸਨ, ਜਿਸ ਦੇ ਆਧਾਰ ’ਤੇ ਪਨੀਰ ਦੇ ਸੈਂਪਲ ਲਏ ਗਏ ਹਨ। ਜਾਂਚ ਦੌਰਾਨ ਸਿਰਸਾ, ਹਰਿਆਣਾ ਦੇ “ਪ੍ਰਭੂ ਦੇਸੀ ਘਿਓ” ਬ੍ਰਾਂਡ ਦੇ 48 ਟੀਨ ਵੀ ਡੇਅਰੀ ਵਿੱਚੋਂ ਮਿਲੇ ਹਨ। ਜਦੋਂ ਅਧਿਕਾਰੀਆਂ ਨੇ ਸਪਲਾਈ ਨਾਲ ਸਬੰਧਤ ਬਿੱਲਾਂ ਦੀ ਜਾਂਚ ਕੀਤੀ ਤਾਂ ਪਤਾ ਲੱਗਾ ਕਿ ਘਿਓ ਦੀ ਖਰੀਦ ਕੀਮਤ ਮੌਜੂਦਾ ਬਾਜ਼ਾਰੀ ਰੇਟ ਤੋਂ ਕਾਫੀ ਘੱਟ ਹੈ। ਇਸ ਨਾਲ ਵਿਭਾਗ ਨੂੰ ਸ਼ੱਕ ਹੋ ਗਿਆ ਕਿ ਘਿਓ ਦੀ ਗੁਣਵੱਤਾ ਵਿੱਚ ਕੋਈ ਸਮੱਸਿਆ ਹੋ ਸਕਦੀ ਹੈ। ਇਸ ਤੋਂ ਬਾਅਦ 15 ਕਿਲੋ ਵਜ਼ਨ ਦੇ 48 ਟੀਨ ਜ਼ਬਤ ਕੀਤੇ ਗਏ। ਕੁੱਲ ਮਿਲਾ ਕੇ ਕਰੀਬ 720 ਕਿਲੋ (ਕਰੀਬ 7 ਕੁਇੰਟਲ) ਦੇਸੀ ਘਿਓ ਜ਼ਬਤ ਕੀਤਾ ਗਿਆ।
ਸਿਹਤ ਵਿਭਾਗ ਵੱਲੋਂ ਪਨੀਰ ਅਤੇ ਦੇਸੀ ਘਿਓ ਦੋਵਾਂ ਦੇ ਸੈਂਪਲ ਲੈ ਕੇ ਜਾਂਚ ਲਈ ਸਰਕਾਰੀ ਲੈਬ ਵਿੱਚ ਭੇਜੇ ਜਾ ਰਹੇ ਹਨ। ਅਧਿਕਾਰੀਆਂ ਦਾ ਕਹਿਣਾ ਹੈ ਕਿ ਲੈਬ ਦੀ ਰਿਪੋਰਟ ਆਉਣ ਤੋਂ ਬਾਅਦ ਫੂਡ ਸੇਫਟੀ ਐਕਟ ਤਹਿਤ ਬਣਦੀ ਕਾਰਵਾਈ ਕੀਤੀ ਜਾਵੇਗੀ। ਜੇਕਰ ਘਿਓ ਜਾਂ ਹੋਰ ਉਤਪਾਦ ਘਟੀਆ ਜਾਂ ਮਿਲਾਵਟੀ ਪਾਏ ਗਏ ਤਾਂ ਸਮੁੱਚਾ ਸਟਾਕ ਨਸ਼ਟ ਕਰ ਦਿੱਤਾ ਜਾਵੇਗਾ ਅਤੇ ਸਬੰਧਤ ਵਿਅਕਤੀਆਂ ਵਿਰੁੱਧ ਕਾਨੂੰਨੀ ਕਾਰਵਾਈ ਵੀ ਕੀਤੀ ਜਾਵੇਗੀ। ਸਿਹਤ ਵਿਭਾਗ ਨੇ ਸਪੱਸ਼ਟ ਕੀਤਾ ਹੈ ਕਿ ਲੋਕਾਂ ਦੀ ਸਿਹਤ ਨਾਲ ਖਿਲਵਾੜ ਕਰਨ ਵਾਲਿਆਂ ਨੂੰ ਕਿਸੇ ਵੀ ਕੀਮਤ ‘ਤੇ ਬਖਸ਼ਿਆ ਨਹੀਂ ਜਾਵੇਗਾ ਅਤੇ ਆਉਣ ਵਾਲੇ ਦਿਨਾਂ ‘ਚ ਮਿਲਾਵਟਖੋਰਾਂ ਵਿਰੁੱਧ ਇਸ ਮੁਹਿੰਮ ਨੂੰ ਹੋਰ ਤੇਜ਼ ਕੀਤਾ ਜਾਵੇਗਾ।












