Homeਦੇਸ਼ਥੇਨੀ ਜੇਲ੍ਹ ਬ੍ਰੇਕ ਮਾਮਲੇ 'ਚ ਮੁੱਖ ਮੰਤਰੀ ਵਿਜੇ ਦੀ ਵੱਡੀ ਕਾਰਵਾਈ, ਡਿਪਟੀ...

ਥੇਨੀ ਜੇਲ੍ਹ ਬ੍ਰੇਕ ਮਾਮਲੇ ‘ਚ ਮੁੱਖ ਮੰਤਰੀ ਵਿਜੇ ਦੀ ਵੱਡੀ ਕਾਰਵਾਈ, ਡਿਪਟੀ ਜੇਲ੍ਹ ਸੁਪਰਡੈਂਟ ਮੁਅੱਤਲ

ਤਾਮਿਲਨਾਡੂ : ਤਾਮਿਲਨਾਡੂ ਦੇ ਥੇਨੀ ਜੇਲ੍ਹ ਬ੍ਰੇਕ ਮਾਮਲੇ ਵਿੱਚ ਮੁੱਖ ਮੰਤਰੀ ਵਿਜੇ ਨੇ ਵੱਡੀ ਕਾਰਵਾਈ ਕਰਦਿਆਂ ਡਿਪਟੀ ਜੇਲ੍ਹ ਸੁਪਰਡੈਂਟ ਨੂੰ ਮੁਅੱਤਲ ਕਰ ਦਿੱਤਾ ਹੈ। ਇਸ ਦੇ ਨਾਲ ਹੀ ਜੇਲ੍ਹ ਦੇ ਕਈ ਮੁਲਾਜ਼ਮਾਂ ਦੇ ਤਬਾਦਲੇ ਕਰਨ ਦੇ ਵੀ ਹੁਕਮ ਦਿੱਤੇ ਗਏ ਹਨ। ਆਓ ਜਾਣਦੇ ਹਾਂ ਪੂਰਾ ਮਾਮਲਾ ਕੀ ਹੈ?

CM ਵਿਜੇ ਦੀ ਵੱਡੀ ਕਾਰਵਾਈ

ਤਾਮਿਲਨਾਡੂ ਦੇ ਮੁੱਖ ਮੰਤਰੀ ਵਿਜੇ ਨੇ ਸ਼ਨੀਵਾਰ ਨੂੰ ਥੇਨੀ ਜ਼ਿਲ੍ਹਾ ਜੇਲ੍ਹ ਦੇ ਡਿਪਟੀ ਜੇਲ੍ਹ ਸੁਪਰਡੈਂਟ ਨੂੰ ਮੁਅੱਤਲ ਕਰ ਦਿੱਤਾ। ਇਸ ਦੇ ਨਾਲ ਹੀ ਜੇਲ੍ਹ ਦੇ ਕਈ ਮੁਲਾਜ਼ਮਾਂ ਦੇ ਤਬਾਦਲੇ ਕਰਨ ਦੇ ਹੁਕਮ ਵੀ ਜਾਰੀ ਕੀਤੇ।

ਇਹ ਕਾਰਵਾਈ ਜੇਲ੍ਹ ਵਿੱਚੋਂ 17 ਕੈਦੀਆਂ ਦੇ ਫਰਾਰ ਹੋਣ ਦੀ ਘਟਨਾ ਤੋਂ ਕੁਝ ਦਿਨ ਬਾਅਦ ਕੀਤੀ ਗਈ ਹੈ। ਰਿਪੋਰਟ ਮੁਤਾਬਕ, ਅਗਸਤ 2024 ਤੋਂ ਥੇਨੀ ਵਿੱਚ ਤਾਇਨਾਤ ਡਿਪਟੀ ਜੇਲ੍ਹ ਸੁਪਰਡੈਂਟ ਐੱਨ. ਰਾਮਲਿੰਗਮ ਨੂੰ ਜੇਲ੍ਹ ਪ੍ਰਬੰਧਨ ਅਤੇ ਸੁਰੱਖਿਆ ਦੀ ਨਿਗਰਾਨੀ ਵਿੱਚ ਲਾਪਰਵਾਹੀ ਵਰਤਣ ਕਾਰਨ ਮੁਅੱਤਲ ਕੀਤਾ ਗਿਆ ਹੈ।

ਕੁੱਲ 17 ਮੁਲਾਜ਼ਮਾਂ ਨੂੰ ਮੁਅੱਤਲ ਕੀਤਾ ਗਿਆ ਹੈ ਅਤੇ ਉਨ੍ਹਾਂ ਖ਼ਿਲਾਫ਼ ਵਿਭਾਗੀ ਜਾਂਚ ਦੇ ਹੁਕਮ ਦਿੱਤੇ ਗਏ ਹਨ।

ਜੇਲ੍ਹ ਵਿੱਚੋਂ ਫਰਾਰ ਹੋ ਗਏ ਸਨ 17 ਕੈਦੀ

ਵਿਜੇ ਨੇ ਇਹ ਵੀ ਨਿਰਦੇਸ਼ ਦਿੱਤੇ ਹਨ ਕਿ ਤਾਮਿਲਨਾਡੂ ਦੀਆਂ ਸਾਰੀਆਂ ਜੇਲ੍ਹਾਂ ਵਿੱਚ ਸੁਰੱਖਿਆ ਦੇ ਪੁਖ਼ਤਾ ਪ੍ਰਬੰਧ ਕੀਤੇ ਜਾਣ ਅਤੇ ਨਿਗਰਾਨੀ ਸਖ਼ਤ ਕੀਤੀ ਜਾਵੇ।

ਵੀਰਵਾਰ ਨੂੰ ਪੁਲਿਸ ਦੇ ਹਵਾਲੇ ਨਾਲ ਦੱਸਿਆ ਸੀ ਕਿ ਜੇਲ੍ਹ ਵਿੱਚੋਂ ਫਰਾਰ ਹੋਏ ਸਾਰੇ 17 ਕੈਦੀਆਂ ਨੂੰ ਮੁੜ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਹੁਣ ਪ੍ਰਸ਼ਾਸਨ ਵੱਲੋਂ ਉਨ੍ਹਾਂ ਨੂੰ ਸੂਬੇ ਦੀਆਂ ਵੱਖ-ਵੱਖ ਉੱਚ ਸੁਰੱਖਿਆ ਵਾਲੀਆਂ ਜੇਲ੍ਹਾਂ ਵਿੱਚ ਤਬਦੀਲ ਕਰਨ ਦੀ ਪ੍ਰਕਿਰਿਆ ਸ਼ੁਰੂ ਕੀਤੀ ਜਾ ਰਹੀ ਹੈ।

ਇਸ ਦੌਰਾਨ 20 ਅਕਤੂਬਰ ਨੂੰ ਚੇਨਈ ਦੇ ਨੇੜੇ ਪੂਝਲ ਦੀ ਉੱਚ ਸੁਰੱਖਿਆ ਵਾਲੀ ਜੇਲ੍ਹ ਵਿੱਚੋਂ ਵੀ ਦੋ ਕੈਦੀ ਫਰਾਰ ਹੋ ਗਏ ਸਨ। ਪੁਲਿਸ ਦੀਆਂ ਸੱਤ ਟੀਮਾਂ ਨੇ ਦੋ ਦਿਨ ਤੱਕ ਤਲਾਸ਼ੀ ਮੁਹਿੰਮ ਚਲਾਈ, ਜਿਸ ਤੋਂ ਬਾਅਦ ਦੋਵਾਂ ਨੂੰ ਮੁੜ ਫੜ ਲਿਆ ਗਿਆ।

ਇੱਕ ਹਫ਼ਤੇ ਦੇ ਅੰਦਰ ਜੇਲ੍ਹਾਂ ਵਿੱਚੋਂ ਫਰਾਰ ਹੋਣ ਦੀਆਂ ਇਨ੍ਹਾਂ ਦੋ ਘਟਨਾਵਾਂ ਨੇ ਤਾਮਿਲਨਾਡੂ ਸਰਕਾਰ ਨੂੰ ਸਖ਼ਤ ਕਦਮ ਚੁੱਕਣ ਲਈ ਮਜਬੂਰ ਕਰ ਦਿੱਤਾ। ਸੂਬਾ ਸਰਕਾਰ ਨੇ ਵੀਰਵਾਰ ਨੂੰ ਜੇਲ੍ਹ ਅਤੇ ਸੁਧਾਰ ਸੇਵਾਵਾਂ ਦੇ ਪੁਲਿਸ ਮਹਾਨਿਰਦੇਸ਼ਕ (DGP) ਡਾ. ਸੰਦੀਪ ਰਾਏ ਰਾਠੌਰ ਦਾ ਵੀ ਤਬਾਦਲਾ ਕਰ ਦਿੱਤਾ।

ਫਰਜ਼ੀ ਮੈਡੀਕਲ ਐਮਰਜੈਂਸੀ ਦਾ ਡਰਾਮਾ ਕਰਕੇ ਫਰਾਰ ਹੋਏ ਸਨ ਕੈਦੀ

ਸੋਮਵਾਰ ਰਾਤ ਨੂੰ ਥੇਨੀ ਜ਼ਿਲ੍ਹਾ ਜੇਲ੍ਹ ਵਿੱਚ ਬੰਦ 17 ਕੈਦੀਆਂ ਨੇ ਫਰਾਰ ਹੋਣ ਲਈ ਫਰਜ਼ੀ ਮੈਡੀਕਲ ਐਮਰਜੈਂਸੀ ਦਾ ਡਰਾਮਾ ਰਚਿਆ। ਉਨ੍ਹਾਂ ਨੇ ਅਜਿਹਾ ਦਿਖਾਇਆ ਜਿਵੇਂ ਇੱਕ ਕੈਦੀ ਨੂੰ ਮਿਰਗੀ ਦਾ ਦੌਰਾ ਪੈ ਰਿਹਾ ਹੋਵੇ।

ਜਦੋਂ ਇੱਕ ਗਾਰਡ ਮਦਦ ਕਰਨ ਲਈ ਉਨ੍ਹਾਂ ਦੀ ਕੋਠੜੀ ਦਾ ਦਰਵਾਜ਼ਾ ਖੋਲ੍ਹਣ ਆਇਆ ਤਾਂ ਕੈਦੀਆਂ ਨੇ ਉਸ ਨੂੰ ਕਾਬੂ ਕਰ ਲਿਆ ਅਤੇ ਉਸ ਨਾਲ ਕੁੱਟਮਾਰ ਕੀਤੀ।

ਇਸ ਤੋਂ ਬਾਅਦ ਕੈਦੀਆਂ ਨੇ ਮੁੱਖ ਗੇਟ ਦੀਆਂ ਚਾਬੀਆਂ ਖੋਹ ਲਈਆਂ ਅਤੇ ਜੇਲ੍ਹ ਦਾ ਦਰਵਾਜ਼ਾ ਖੋਲ੍ਹ ਕੇ ਨੇੜਲੇ ਜੰਗਲਾਂ ਵੱਲ ਫਰਾਰ ਹੋ ਗਏ। ਇਸ ਤੋਂ ਬਾਅਦ ਉਹ ਅਰੰਜਨਾਈਪੁਦੂਰ ਇਲਾਕੇ ਤੋਂ ਇੱਕ ਮੋਟਰਸਾਈਕਲ ‘ਤੇ ਸਵਾਰ ਹੋ ਕੇ ਉਥਮਾਪਾਲਯਮ ਵੱਲ ਚਲੇ ਗਏ।

ਫਰਾਰ ਹੋਏ ਕੈਦੀਆਂ ਨੇ ਅੰਮਾਚੀਪੁਰਮ ਵਿੱਚ ਇੱਕ ਅਣਜਾਣ ਵਿਅਕਤੀ ਤੋਂ ਫੋਨ ਮੰਗ ਕੇ ਆਪਣੇ ਸਾਥੀਆਂ ਨਾਲ ਸੰਪਰਕ ਕੀਤਾ। ਉਨ੍ਹਾਂ ਦੇ ਸਾਥੀਆਂ ਨੇ ਕੈਦੀਆਂ ਨੂੰ ਪੈਸੇ, ਕੱਪੜੇ ਅਤੇ ਗੱਡੀਆਂ ਮੁਹੱਈਆ ਕਰਵਾਈਆਂ।

ਕੈਦੀਆਂ ਦੀ ਭਾਲ ਲਈ ਪੁਲਿਸ ਦੀਆਂ 17 ਵਿਸ਼ੇਸ਼ ਟੀਮਾਂ, ਸਪੈਸ਼ਲ ਟਾਸਕ ਫੋਰਸ ਦੀਆਂ ਪੰਜ ਯੂਨਿਟਾਂ ਅਤੇ ਤਾਮਿਲਨਾਡੂ ਸਪੈਸ਼ਲ ਪੁਲਿਸ ਦੀਆਂ ਚਾਰ ਬਟਾਲੀਅਨਾਂ ਤਾਇਨਾਤ ਕੀਤੀਆਂ ਗਈਆਂ ਸਨ।

ਪੁਲਿਸ ਨੇ ਦੱਸਿਆ ਕਿ ਸੰਘਣੇ ਜੰਗਲਾਂ ਵਿੱਚ ਤਲਾਸ਼ੀ ਲੈਣ ਅਤੇ ਸ਼ੱਕੀ ਟਿਕਾਣਿਆਂ ਦੀ ਪਛਾਣ ਕਰਨ ਲਈ ਦਿਨ ਵੇਲੇ ਵਿਸ਼ੇਸ਼ ਡਰੋਨਾਂ ਦੀ ਵਰਤੋਂ ਵੀ ਕੀਤੀ ਗਈ।

ਇਨ੍ਹਾਂ ਵਿੱਚੋਂ ਪੰਜ ਕੈਦੀਆਂ ਨੂੰ ਗ੍ਰਿਫ਼ਤਾਰ ਕਰਕੇ ਮੰਗਲਵਾਰ ਸ਼ਾਮ ਨੂੰ ਨਿਆਂਇਕ ਮੈਜਿਸਟ੍ਰੇਟ ਦੇ ਸਾਹਮਣੇ ਪੇਸ਼ ਕੀਤਾ ਗਿਆ। ਇਸ ਤੋਂ ਬਾਅਦ ਉਨ੍ਹਾਂ ਨੂੰ 10 ਨਵੰਬਰ ਤੱਕ ਨਿਆਂਇਕ ਹਿਰਾਸਤ ਵਿੱਚ ਭੇਜ ਦਿੱਤਾ ਗਿਆ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine
Google search engine

Most Popular

Recent Comments