ਹੈਦਰਾਬਾਦ: ਮਹਾਦੇਵ ਆਨਲਾਈਨ ਬੈਟਿੰਗ ਐਪ ਨਾਲ ਜੁੜੇ ਮਾਮਲੇ ਵਿੱਚ ਕੇਂਦਰੀ ਜਾਂਚ ਬਿਊਰੋ (CBI) ਨੇ ਵੱਡੀ ਕਾਰਵਾਈ ਕਰਦਿਆਂ ਇੱਕ ਮੁੱਖ ਮੁਲਜ਼ਮ ਅਭਿਸ਼ੇਕ ਕੁਮਾਰ ਨੂੰ ਗ੍ਰਿਫ਼ਤਾਰ ਕੀਤਾ ਹੈ। ਜਾਂਚ ਏਜੰਸੀ ਮੁਤਾਬਕ ਉਸ ਨੂੰ ਦੁਬਈ ਤੋਂ ਭਾਰਤ ਪਰਤਣ ਮਗਰੋਂ ਹੈਦਰਾਬਾਦ ਦੇ ਰਾਜੀਵ ਗਾਂਧੀ ਇੰਟਰਨੈਸ਼ਨਲ ਏਅਰਪੋਰਟ ਤੋਂ ਕਾਬੂ ਕੀਤਾ ਗਿਆ।
CBI ਦੀ ਜਾਂਚ ਅਨੁਸਾਰ ਅਭਿਸ਼ੇਕ ਕੁਮਾਰ ਮਹਾਦੇਵ ਬੁੱਕ ਰਾਹੀਂ ਕਥਿਤ ਆਨਲਾਈਨ ਸੱਟੇਬਾਜ਼ੀ ਅਤੇ ਜੂਏ ਦੇ ਨੈੱਟਵਰਕ ਨਾਲ ਜੁੜਿਆ ਹੋਇਆ ਸੀ। ਏਜੰਸੀ ਦਾ ਦਾਅਵਾ ਹੈ ਕਿ ਉਹ ਵੱਖ-ਵੱਖ ਪੈਨਲਾਂ ਵਿਚਾਲੇ ਤਾਲਮੇਲ ਬਣਾਉਣ ਅਤੇ ਸੱਟੇਬਾਜ਼ੀ ਤੋਂ ਇਕੱਠੀ ਹੋਣ ਵਾਲੀ ਰਕਮ ਦੇ ਪ੍ਰਬੰਧਨ ਵਿੱਚ ਭੂਮਿਕਾ ਨਿਭਾ ਰਿਹਾ ਸੀ।
ਦੁਬਈ ਵਿੱਚ ਜਾਇਦਾਦ ਖਰੀਦਣ ਦਾ ਦੋਸ਼
ਜਾਂਚ ਏਜੰਸੀ ਮੁਤਾਬਕ ਸੱਟੇਬਾਜ਼ੀ ਤੋਂ ਕਥਿਤ ਤੌਰ ’ਤੇ ਹਾਸਲ ਕੀਤੀ ਰਕਮ ਨਾਲ ਅਭਿਸ਼ੇਕ ਕੁਮਾਰ ਨੇ ਦੁਬਈ ਵਿੱਚ ਅਚਲ ਜਾਇਦਾਦਾਂ ਵੀ ਖਰੀਦੀਆਂ ਸਨ। ਗ੍ਰਿਫ਼ਤਾਰੀ ਤੋਂ ਬਾਅਦ ਕੀਤੀ ਗਈ ਤਲਾਸ਼ੀ ਦੌਰਾਨ CBI ਵੱਲੋਂ ਕਈ ਦਸਤਾਵੇਜ਼ ਅਤੇ ਹੋਰ ਸਮੱਗਰੀ ਜ਼ਬਤ ਕੀਤੇ ਜਾਣ ਦੀ ਜਾਣਕਾਰੀ ਦਿੱਤੀ ਗਈ ਹੈ।
ਏਜੰਸੀ ਦਾ ਕਹਿਣਾ ਹੈ ਕਿ ਮੁੱਢਲੀ ਜਾਂਚ ਵਿੱਚ ਜ਼ਬਤ ਕੀਤੀ ਸਮੱਗਰੀ ਤੋਂ ਮਹਾਦੇਵ ਬੈਟਿੰਗ ਨੈੱਟਵਰਕ ਵਿੱਚ ਉਸ ਦੀ ਕਥਿਤ ਭੂਮਿਕਾ ਬਾਰੇ ਜਾਣਕਾਰੀ ਮਿਲੀ ਹੈ। CBI ਮੁਤਾਬਕ ਉਹ ਇਸ ਮਾਮਲੇ ਦੇ ਮੁੱਖ ਪ੍ਰਮੋਟਰਾਂ ਸੌਰਭ ਚੰਦਰਾਕਰ ਅਤੇ ਸ਼ੁਭਮ ਸੋਨੀ ਨਾਲ ਵੀ ਸੰਪਰਕ ਵਿੱਚ ਸੀ।
ਗ੍ਰਿਫ਼ਤਾਰੀ ਤੋਂ ਬਾਅਦ ਅਭਿਸ਼ੇਕ ਨੂੰ ਹੈਦਰਾਬਾਦ ਦੀ ਸਥਾਨਕ ਅਦਾਲਤ ਵਿੱਚ ਪੇਸ਼ ਕੀਤਾ ਗਿਆ, ਜਿੱਥੋਂ CBI ਨੂੰ ਤਿੰਨ ਦਿਨ ਦੀ ਟਰਾਂਜ਼ਿਟ ਰਿਮਾਂਡ ਮਿਲੀ। ਇਸ ਤੋਂ ਬਾਅਦ ਉਸ ਨੂੰ ਰਾਏਪੁਰ ਅਦਾਲਤ ਵਿੱਚ ਪੇਸ਼ ਕੀਤਾ ਗਿਆ, ਜਿੱਥੇ ਅਦਾਲਤ ਨੇ ਦੋ ਦਿਨ ਦੀ ਪੁਲਿਸ ਕਸਟਡੀ ਮਨਜ਼ੂਰ ਕੀਤੀ।
13 FIR ਦੀ ਜਾਂਚ CBI ਕੋਲ
ਮਹਾਦੇਵ ਬੈਟਿੰਗ ਐਪ ਮਾਮਲੇ ਨਾਲ ਸਬੰਧਤ ਵੱਖ-ਵੱਖ ਥਾਣਿਆਂ ਵਿੱਚ ਦਰਜ 13 FIR ਛੱਤੀਸਗੜ੍ਹ ਸਰਕਾਰ ਵੱਲੋਂ CBI ਨੂੰ ਸੌਂਪੀਆਂ ਗਈਆਂ ਸਨ। ਇਸ ਤੋਂ ਬਾਅਦ ਕੇਂਦਰੀ ਏਜੰਸੀ ਨੇ ਮਾਮਲਿਆਂ ਦੀ ਜਾਂਚ ਆਪਣੇ ਹੱਥ ਵਿੱਚ ਲਈ।
CBI ਮੁਤਾਬਕ ਹੁਣ ਤੱਕ ਮਾਮਲੇ ਵਿੱਚ ਕਰੀਬ 100 ਮੁਲਜ਼ਮਾਂ ਖ਼ਿਲਾਫ਼ 8 ਚਾਰਜਸ਼ੀਟ ਦਾਖ਼ਲ ਕੀਤੀਆਂ ਜਾ ਚੁੱਕੀਆਂ ਹਨ। ਇਨ੍ਹਾਂ ਵਿੱਚ ਕਥਿਤ ਤੌਰ ’ਤੇ ਮਹਾਦੇਵ ਐਪ ਨਾਲ ਜੁੜੇ ਪ੍ਰਮੋਟਰ, ਪੈਨਲ ਚਲਾਉਣ ਵਾਲੇ ਵਿਅਕਤੀ, ਹਵਾਲਾ ਨੈੱਟਵਰਕ ਨਾਲ ਜੁੜੇ ਲੋਕ ਅਤੇ ਕੁਝ ਸਰਕਾਰੀ ਕਰਮਚਾਰੀ ਸ਼ਾਮਲ ਹਨ।
ਫਰਾਰ ਮੁਲਜ਼ਮਾਂ ਦੀ ਭਾਲ ਜਾਰੀ
CBI ਵੱਲੋਂ ਉਨ੍ਹਾਂ ਮੁਲਜ਼ਮਾਂ ਦੀ ਭਾਲ ਵੀ ਕੀਤੀ ਜਾ ਰਹੀ ਹੈ ਜੋ ਹਾਲੇ ਤੱਕ ਗ੍ਰਿਫ਼ਤ ਤੋਂ ਬਾਹਰ ਹਨ। ਜਾਂਚ ਏਜੰਸੀ ਮੁਤਾਬਕ ਮਹਾਦੇਵ ਐਪ ਦੇ ਕਥਿਤ ਮੁੱਖ ਪ੍ਰਮੋਟਰਾਂ ਨੂੰ ਭਾਰਤ ਵਾਪਸ ਲਿਆਉਣ ਲਈ ਵੀ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ।
ਏਜੰਸੀ ਵੱਲੋਂ ਹੁਣ ਤੱਕ 7 ਰੈੱਡ ਕਾਰਨਰ ਨੋਟਿਸ ਅਤੇ 2 ਹਵਾਲਗੀ ਪ੍ਰਸਤਾਵ ਭੇਜੇ ਜਾਣ ਦੀ ਜਾਣਕਾਰੀ ਦਿੱਤੀ ਗਈ ਹੈ, ਜਦਕਿ ਦੋ ਮੁਲਜ਼ਮਾਂ ਖ਼ਿਲਾਫ਼ ਹਵਾਲਗੀ ਦੀ ਕਾਰਵਾਈ ਜਾਰੀ ਦੱਸੀ ਗਈ ਹੈ।
CBI ਦਾ ਕਹਿਣਾ ਹੈ ਕਿ ਮਾਮਲੇ ਨਾਲ ਜੁੜੇ ਹੋਰ ਲੋਕਾਂ ਦੀ ਭੂਮਿਕਾ ਦੀ ਜਾਂਚ ਦੇ ਨਾਲ-ਨਾਲ ਕਥਿਤ ਸੱਟੇਬਾਜ਼ੀ ਤੋਂ ਹਾਸਲ ਕੀਤੀ ਗਈ ਗੈਰ-ਕਾਨੂੰਨੀ ਆਮਦਨ ਅਤੇ ਉਸ ਨਾਲ ਖਰੀਦੀ ਗਈ ਜਾਇਦਾਦ ਦਾ ਵੀ ਪਤਾ ਲਗਾਇਆ ਜਾ ਰਿਹਾ ਹੈ।
