ਨਾਰਨੌਲ : ਹਰਿਆਣਾ ਦੇ ਨਾਰਨੌਲ ਜ਼ਿਲ੍ਹੇ ਵਿੱਚ ਅੱਜ ਵੱਡੀ ਘਟਨਾ ਹੁੰਦੇ-ਹੁੰਦੇ ਟਲ ਗਈ। ਅੱਜ ਤੜਕੇ ਨਾਰਨੌਲ ਵਿੱਚ ਨੈਸ਼ਨਲ ਹਾਈਵੇਅ ਨੰਬਰ 148ਬੀ ਉੱਤੇ ਇੱਕ ਵੱਡੀ ਪਿਕਅੱਪ ਵੈਨ ਪਲਟ ਗਈ। ਖੁਸ਼ਕਿਸਮਤੀ ਰਹੀ ਕਿ ਹਾਦਸੇ ‘ਚ ਡਰਾਈਵਰ ਅਤੇ ਉਸ ਦੇ ਸਾਥੀ ਦੀ ਜਾਨ ਬਚ ਗਈ।
ਦੱਸਿਆ ਜਾ ਰਿਹਾ ਹੈ ਕਿ ਡਰਾਈਵਰ ਪਿੱਛੇ ਤੋਂ ਆ ਰਹੇ ਇੱਕ ਡੰਪ ਟਰੱਕ ਨੂੰ ਰਸਤਾ ਦੇਣ ਦੀ ਕੋਸ਼ਿਸ਼ ਵਿੱਚ ਗੱਡੀ ਦਾ ਸੁਤੰਲਨ ਵਿਗੜ ਗਿਆ ਅਤੇ ਅੰਬਾਂ ਨਾਲ ਭਰੀ ਇੱਕ ਪਿਕਅੱਪ ਹਾਈਵੇਅ ‘ਤੇ ਪਲਟ ਗਈ। ਇਹ ਹਾਦਸਾ ਪਿੰਡ ਅਕਬਰਪੁਰ ਅਤੇ ਪਿੰਡ ਭੋਜਵਾਸ ਦੇ ਬੱਸ ਅੱਡੇ ਦੇ ਵਿਚਕਾਰ ਵਾਪਰਿਆ ਦੱਸਿਆ ਜਾ ਰਿਹਾ ਹੈ। ਘਟਨਾ ਸਥਾਨ ‘ਤੇ ਹਫੜਾ-ਦਫੜੀ ਮਚ ਗਈ। ਖੁਸ਼ਕਿਸਮਤੀ ਨਾਲ, ਕੋਈ ਜਾਨੀ ਨੁਕਸਾਨ ਨਹੀਂ ਹੋਇਆ।












