Homeਪੰਜਾਬਇੰਟੈਲੀਜੈਂਟ ਟ੍ਰੈਫਿਕ ਮੈਨੇਜਮੈਂਟ ਸਿਸਟਮ ਨੂੰ ਅਪਣਾਉਣ ਵਾਲਾ ਲੁਧਿਆਣਾ ਪੰਜਾਬ ਦਾ ਬਣਿਆ ਤੀਜਾ...

ਇੰਟੈਲੀਜੈਂਟ ਟ੍ਰੈਫਿਕ ਮੈਨੇਜਮੈਂਟ ਸਿਸਟਮ ਨੂੰ ਅਪਣਾਉਣ ਵਾਲਾ ਲੁਧਿਆਣਾ ਪੰਜਾਬ ਦਾ ਬਣਿਆ ਤੀਜਾ ਸ਼ਹਿਰ

ਲੁਧਿਆਣਾ : ਮੁੱਖ ਮੰਤਰੀ ਭਗਵੰਤ ਸਿੰਘ ਦੀ ਸੋਚ ਅਨੁਸਾਰ ਪੰਜਾਬ ਪੁਲਿਸ ਨੂੰ ਆਧੁਨਿਕ ਬਣਾਉਣ ਦੀ ਦਿਸ਼ਾ ਵੱਲ ਚੁੱਕੇ ਅਹਿਮ ਕਦਮਾਂ ਸਦਕਾ ਜਲੰਧਰ ਅਤੇ ਮੋਹਾਲੀ ਤੋਂ ਬਾਅਦ ਹੁਣ ਲੁਧਿਆਣਾ ਸੂਬੇ ਦਾ ਤੀਜਾ ਅਜਿਹਾ ਸ਼ਹਿਰ ਬਣ ਗਿਆ ਹੈ, ਜਿੱਥੇ ਇੰਟੈਲੀਜੈਂਟ ਟ੍ਰੈਫਿਕ ਮੈਨੇਜਮੈਂਟ ਸਿਸਟਮ (ਆਈ.ਟੀ.ਐਮ.ਐਸ.) ਸਥਾਪਤ ਕੀਤਾ ਗਿਆ ਹੈ। ਇਹ ਐਲਾਨ ਅੱਜ ਇੱਥੇ ਡਾਇਰੈਕਟਰ ਜਨਰਲ ਆਫ਼ ਪੁਲਿਸ (ਡੀ.ਜੀ.ਪੀ.) ਪੰਜਾਬ ਗੌਰਵ ਯਾਦਵ ਨੇ ਭਵਿੱਖਮੁਖੀ ਇੰਟੀਗ੍ਰੇਟਿਡ ਕਮਾਂਡ ਐਂਡ ਕੰਟਰੋਲ ਸੈਂਟਰ (ਆਈ.ਸੀ.ਸੀ.ਸੀ.) ਦੇ ਉਦਘਾਟਨ ਮੌਕੇ ਕੀਤਾ।

ਡੀ.ਜੀ.ਪੀ. ਨੇ ਦੱਸਿਆ ਕਿ ਆਈ.ਸੀ.ਸੀ.ਸੀ. ਪ੍ਰਾਜੈਕਟ ਤਹਿਤ ਸ਼ਹਿਰ ਦੀ ਨਿਗਰਾਨੀ ਨੂੰ ਹੋਰ ਮਜ਼ਬੂਤ ਕਰਨ ਲਈ 259 ਥਾਵਾਂ ‘ਤੇ 1,700 ਹਾਈ-ਰੈਜ਼ੋਲਿਊਸ਼ਨ ਕੈਮਰੇ ਲਗਾਏ ਗਏ ਹਨ।

ਸ਼ਹਿਰ ਭਰ ਵਿੱਚ 46 ਥਾਵਾਂ ‘ਤੇ ਸਥਾਪਿਤ ਕੀਤਾ ਗਿਆ ਇਹ ਆਈ.ਟੀ.ਐਮ.ਐਸ. 9 ਟ੍ਰੈਫਿਕ ਉਲੰਘਣਾਵਾਂ ਦਾ ਪਤਾ ਲਗਾ ਸਕਦਾ ਹੈ, ਜਿਸ ਵਿੱਚ ਲਾਲ ਬੱਤੀ ਦੀ ਉਲੰਘਣਾ, ਸਟਾਪ ਲਾਈਨ ਦੀ ਉਲੰਘਣਾ, ਹੈਲਮੇਟ ਤੋਂ ਬਿਨਾਂ ਵਾਹਨ ਚਲਾਉਣਾ, ਪਿੱਛੇ ਬੈਠਣ ਵਾਲੇ ਯਾਤਰੀ ਵੱਲੋਂ ਹੈਲਮੇਟ ਨਾ ਪਹਿਣਨਾ, ਤਿੰਨ ਸਵਾਰੀਆਂ, ਓਵਰਸਪੀਡਿੰਗ, ਜ਼ੈਬਰਾ ਕਰਾਸਿੰਗ ਦੀ ਉਲੰਘਣਾ, ਗਲਤ ਸਾਈਡ ਡਰਾਈਵਿੰਗ ਅਤੇ ਗਲਤ ਪਾਰਕਿੰਗ ਸ਼ਾਮਲ ਹਨ।

ਡੀਜੀਪੀ ਗੌਰਵ ਯਾਦਵ, ਜੋ ਗਰਾਊਂਡ-ਜ਼ੀਰੋ ਟੂਰ ਤਹਿਤ ਲੁਧਿਆਣਾ ਵਿੱਚ ਸਨ, ਨੇ ਅਪਗ੍ਰੇਡ ਕੀਤੇ ਗਏ ਅਤਿ-ਆਧੁਨਿਕ ਆਈ.ਸੀ.ਸੀ.ਸੀ. ਨੂੰ ਅਹਤਿਆਤੀ ਪੁਲਿਸਿੰਗ ਵੱਲ ਇੱਕ ਅਹਿਮ ਕਦਮ ਦੱਸਿਆ। ਉਨ੍ਹਾਂ ਕਿਹਾ, “ਨਵੇਂ ਉਦਘਾਟਨ ਕੀਤੇ ਗਏ ਇਸ ਆਈ.ਸੀ.ਸੀ.ਸੀ. ਵਿੱਚ ਇੱਕੋ ਛੱਤ ਹੇਠ ਕਈ ਯੂਨਿਟਾਂ ਸ਼ਾਮਲ ਕੀਤੀਆਂ ਗਈਆਂ ਹਨ, ਜਿਹਨਾਂ ਵਿੱਚ ਟ੍ਰੈਫਿਕ, ਪੁਲਿਸ ਕੰਟਰੋਲ ਰੂਮ (ਪੀ.ਸੀ.ਆਰ.), ਸੇਫ ਸਿਟੀ ਅਤੇ ਵਾਇਰਲੈੱਸ ਯੂਨਿਟ ਸ਼ਾਮਲ ਹਨ। ਇਸ ਨਾਲ ਪੁਲਿਸ ਦੇ ਕੰਮਕਾਜ ਵਿੱਚ ਬਿਹਤਰ ਤਾਲਮੇਲ ਯਕੀਨੀ ਬਣੇਗਾ ਅਤੇ ਪੀ.ਸੀ.ਆਰ. ਰਿਸਪਾਂਸ ਟਾਈਮ 15 ਮਿੰਟਾਂ ਤੋਂ ਘਟਾ ਕੇ ਮਹਿਜ਼ 7/8 ਮਿੰਟ ਕਰ ਦਿੱਤਾ ਗਿਆ ਹੈ।

ਡੀ.ਜੀ.ਪੀ., ਜਿਨ੍ਹਾਂ ਦੇ ਨਾਲ ਕਮਿਸ਼ਨਰ ਆਫ ਪੁਲਿਸ (ਸੀਪੀ) ਲੁਧਿਆਣਾ ਸਵਪਨ ਸ਼ਰਮਾ ਅਤੇ ਡਿਪਟੀ ਇੰਸਪੈਕਟਰ ਜਨਰਲ ਆਫ਼ ਪੁਲਿਸ (ਡੀ.ਆਈ.ਜੀ.) ਲੁਧਿਆਣਾ ਰੇਂਜ ਸਤਿੰਦਰ ਸਿੰਘ ਵੀ ਸਨ, ਨੇ ਫੀਲਡ ਅਧਿਕਾਰੀਆਂ ਨਾਲ ਵਿਆਪਕ ਮੀਟਿੰਗ ਵੀ ਕੀਤੀ, ਜਿਸ ਵਿੱਚ ਜਨਤਕ ਸ਼ਿਕਾਇਤਾਂ ਦੇ ਤੁਰੰਤ ਅਤੇ ਨਾਗਰਿਕ-ਕੇਂਦ੍ਰਿਤ ਹੱਲ ‘ਤੇ ਜ਼ੋਰ ਦਿੱਤਾ ਗਿਆ।

ਆਪਸੀ ਸਾਂਝ ਅਤੇ ਇਕਜੁੱਟਤਾ ਨੂੰ ਹੋਰ ਮਜ਼ਬੂਤ ਕਰਨ ਲਈ, ਡੀਜੀਪੀ ਗੌਰਵ ਯਾਦਵ ਨੇ ਪੁਲਿਸ ਲਾਈਨਜ਼ ਵਿਖੇ ਕਰਵਾਏ ‘ਵੱਡੇ ਖਾਣੇ’ ਦੌਰਾਨ ਪੰਜਾਬ ਪੁਲਿਸ ਦੇ ਸਾਰੇ ਰੈਂਕਾਂ ਦੇ 550 ਤੋਂ ਵੱਧ ਪੁਲਿਸ ਕਰਮਚਾਰੀਆਂ ਨਾਲ ਖਾਣਾ ਖਾਧਾ। ਉਨ੍ਹਾਂ ਕਿਹਾ, “ਅਜਿਹੇ ਮੌਕੇ ਆਪਸੀ ਸਾਂਝ, ਏਕਤਾ ਅਤੇ ਲੋਕ ਸੇਵਾ ਪ੍ਰਤੀ ਸਾਡੀ ਸਮੂਹਿਕ ਵਚਨਬੱਧਤਾ ਨੂੰ ਮਜ਼ਬੂਤ ਕਰਦੇ ਹਨ।”

ਇਸ ਦੌਰਾਨ, ਡੀ.ਜੀ.ਪੀ. ਨੇ ਬਿਹਤਰ ਕਾਰਗੁਜ਼ਾਰੀ ਕਰਨ ਵਾਲੇ ਪੁਲਿਸ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਆਪਣੀਆਂ ਡਿਊਟੀਆਂ ਹੋਰ ਪ੍ਰਭਾਵਸ਼ਾਲੀ ਢੰਗ ਨਾਲ ਨਿਭਾਉਣ ਲਈ ਉਤਸ਼ਾਹਿਤ ਅਤੇ ਪ੍ਰੇਰਿਤ ਕਰਨ ਲਈ ਸਨਮਾਨਿਤ ਵੀ ਕੀਤਾ।

ਇਸ ਮੌਕੇ ਹੋਰਨਾਂ ਤੋਂ ਇਲਾਵਾ ਸੀਨੀਅਰ ਸੁਪਰਡੈਂਟ ਆਫ਼ ਪੁਲਿਸ (ਐਸ.ਐਸ.ਪੀ.) ਲੁਧਿਆਣਾ (ਦਿਹਾਤੀ) ਅੰਕੁਰ ਗੁਪਤਾ, ਐਸ.ਐਸ.ਪੀ. ਐਸ.ਬੀ.ਐਸ. ਨਗਰ ਤੁਸ਼ਾਰ ਗੁਪਤਾ, ਐਸ.ਐਸ.ਪੀ. ਖੰਨਾ ਦਰਪਨ ਆਹਲੂਵਾਲੀਆ ਅਤੇ ਡੀ.ਜੀ.ਪੀ. ਪੰਜਾਬ ਦੇ ਸਟਾਫ ਅਫ਼ਸਰ ਰਿਸ਼ਭ ਭੋਲਾ ਵੀ ਮੌਜੂਦ ਸਨ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine
Google search engine

Most Popular

Recent Comments