ਬਠਿੰਡਾ : ਬਠਿੰਡਾ ਜ਼ਿਲ੍ਹੇ ਦੇ ਪਿੰਡ ਕੋਟ ਸ਼ਮੀਰ ਦੀ ਪੰਚਾਇਤ ਨੇ ਇਕ ਹੈਰਾਨ ਕਰਨ ਵਾਲਾ ਫ਼ੈਸਲਾ ਲਿਆ ਹੈ ਅਤੇ ਪ੍ਰੇਮ ਵਿਆਹ ‘ਤੇ ਪੂਰੀ ਤਰ੍ਹਾਂ ਪਾਬੰਦੀ ਲਗਾ ਦਿੱਤੀ ਹੈ। ਪੰਚਾਇਤ ਵੱਲੋਂ ਪਾਸ ਕੀਤੇ ਗਏ ਮਤੇ ਅਨੁਸਾਰ, ਜੇਕਰ ਪਿੰਡ ਦਾ ਕੋਈ ਵੀ ਲੜਕਾ ਜਾਂ ਲੜਕੀ ਆਪਸੀ ਸਹਿਮਤੀ ਨਾਲ ਪ੍ਰੇਮ ਵਿਆਹ ਕਰਦਾ ਹੈ, ਤਾਂ ਨਾ ਸਿਰਫ਼ ਉਨ੍ਹਾਂ ਨੂੰ ਪਿੰਡ ਵਿੱਚ ਰਹਿਣ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ ਸਗੋਂ ਉਨ੍ਹਾਂ ਦੇ ਪਰਿਵਾਰ ਨੂੰ ਵੀ ਪਿੰਡ ਤੋਂ ਬਾਹਰ ਕੱਢ ਦਿੱਤਾ ਜਾਵੇਗਾ। ਪੰਚਾਇਤ ਦਾ ਕਹਿਣਾ ਹੈ ਕਿ ਅਜਿਹੇ ਰਿਸ਼ਤੇ ਸਮਾਜ ਵਿੱਚ ਗਲਤ ਸੁਨੇਹਾ ਦਿੰਦੇ ਹਨ ਅਤੇ ਇਹ ਵਿਆਹ ਕਦੇ ਵੀ ਪੂਰੀ ਤਰ੍ਹਾਂ ਸਫ਼ਲ ਨਹੀਂ ਹੁੰਦੇ, ਇਸ ਲਈ ਇਹ ਫ਼ੈਸਲਾ ਲੈਣਾ ਜ਼ਰੂਰੀ ਹੋ ਗਿਆ।
ਪਿੰਡ ਵਿੱਚ ਸਹਿਮਤੀ ਦਾ ਮਾਹੌਲ
ਇਸ ਫ਼ੈਸਲੇ ਨੂੰ ਲੈ ਕੇ ਪਿੰਡ ਵਿੱਚ ਪੂਰੀ ਸਹਿਮਤੀ ਹੈ। ਪੰਚਾਇਤ ਮੈਂਬਰਾਂ ਅਤੇ ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਇਹ ਕਦਮ ਰਵਾਇਤੀ ਰਿਸ਼ਤਿਆਂ ਅਤੇ ਸਮਾਜਿਕ ਢਾਂਚੇ ਨੂੰ ਬਣਾਈ ਰੱਖਣ ਲਈ ਚੁੱਕਿਆ ਗਿਆ ਹੈ। ਪੰਚਾਇਤ ਨੇ ਸਪੱਸ਼ਟ ਕਰ ਦਿੱਤਾ ਹੈ ਕਿ ਪਿੰਡ ਦੀਆਂ ਪਰੰਪਰਾਵਾਂ ਦੀ ਅਣਦੇਖੀ ਕਿਸੇ ਵੀ ਕੀਮਤ ‘ਤੇ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਇਹ ਪਹਿਲੀ ਵਾਰ ਨਹੀਂ ਹੈ ਜਦੋਂ ਅਜਿਹਾ ਫ਼ੈੈਸਲਾ ਸਾਹਮਣੇ ਆਇਆ ਹੈ। ਇਸ ਤੋਂ ਪਹਿਲਾਂ ਵੀ ਪੰਜਾਬ ਅਤੇ ਹਰਿਆਣਾ ਦੇ ਕਈ ਪਿੰਡਾਂ ਦੀਆਂ ਪੰਚਾਇਤਾਂ ਨੇ ਪ੍ਰੇਮ ਵਿਆਹ ‘ਤੇ ਪਾਬੰਦੀ ਲਗਾਉਣ ਦੇ ਫ਼ੈਸਲੇ ਲਏ ਹਨ। ਹਾਲਾਂਕਿ, ਇਨ੍ਹਾਂ ਫ਼ੈੈਸਲਿਆਂ ਨੂੰ ਲੈ ਕੇ ਅਕਸਰ ਕਾਨੂੰਨੀ ਅਤੇ ਮਨੁੱਖੀ ਅਧਿਕਾਰਾਂ ਦੇ ਮੁੱਦੇ ਉੱਠਦੇ ਰਹੇ ਹਨ।
ਪ੍ਰਸ਼ਾਸਨ ਦਾ ਸਟੈਂਡ ਕੀ ਹੋਵੇਗਾ?
ਕੋਟ ਸ਼ਮੀਰ ਪੰਚਾਇਤ ਦਾ ਇਹ ਫ਼ੈੈਸਲਾ ਜ਼ਿਲ੍ਹਾ ਪ੍ਰਸ਼ਾਸਨ ਲਈ ਇਕ ਵੱਡੀ ਚੁਣੌਤੀ ਸਾਬਤ ਹੋ ਸਕਦਾ ਹੈ। ਪ੍ਰਸ਼ਾਸਨ ਇਸ ਮਾਮਲੇ ਵਿੱਚ ਕੀ ਸਟੈਂਡ ਲੈਂਦਾ ਹੈ ਅਤੇ ਕੀ ਇਹ ਫ਼ੈਸਲਾ ਕਾਨੂੰਨੀ ਤੌਰ ‘ਤੇ ਟਿਕਾਊ ਰਹੇਗਾ, ਇਹ ਤਾਂ ਸਮਾਂ ਹੀ ਦੱਸੇਗਾ।
ਖਾਸ ਨੁਕਤੇ:
ਪਿੰਡ ਕੋਟ ਸ਼ਮੀਰ ਵਿੱਚ ਪ੍ਰੇਮ ਵਿਆਹ ਕਰਨ ਵਾਲੇ ਜੋੜਿਆਂ ‘ਤੇ ਪਾਬੰਦੀ
ਉਲੰਘਣਾ ਕਰਨ ਵਾਲਿਆਂ ਨੂੰ ਪਿੰਡ ਵਿੱਚੋਂ ਕੱਢਣ ਦਾ ਐਲਾਨ
ਸਮਾਜਿਕ ਪਰੰਪਰਾਵਾਂ ਦੀ ਰੱਖਿਆ ਦੇ ਨਾਮ ‘ਤੇ ਲਿਆ ਗਿਆ ਫ਼ੈਸਲਾ
ਕੀ ਇਹ ਕਦਮ ਸਮਾਜ ਵਿੱਚ ਸ਼ਾਂਤੀ ਬਣਾਈ ਰੱਖੇਗਾ ਜਾਂ ਵਿਵਾਦਾਂ ਦਾ ਕਾਰਨ ਬਣੇਗਾ? ਇਸ ਦਾ ਜਵਾਬ ਆਉਣ ਵਾਲੇ ਦਿਨਾਂ ਵਿੱਚ ਮਿਲੇਗਾ।











