ਚੰਡੀਗੜ੍ਹ: ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਦੀ ਅਗਵਾਈ ਹੇਠ ਸਵੀਡਨ ਦੇ ਇਤਿਹਾਸਕ ਦੌਰੇ ਦੌਰਾਨ ਸੂਬਾ ਸਰਕਾਰ ਅਤੇ ਸਵੀਡਿਸ਼ ਕੰਪਨੀਆਂ ਵਿਚਕਾਰ ਕੁੱਲ 4000 ਕਰੋੜ ਰੁਪਏ ਦੇ ਲੈਟਰ ਆਫ਼ ਇੰਟੈਂਟ (ਐਲ.ਓ.ਆਈ.) ’ਤੇ ਦਸਤਖ਼ਤ ਕੀਤੇ ਗਏ। ਇਸ ਮਹੱਤਵਪੂਰਨ ਦੌਰੇ ਨੇ ਹਰਿਆਣਾ ਅਤੇ ਸਵੀਡਨ ਵਿਚਕਾਰ ਵਪਾਰ, ਨਿਵੇਸ਼, ਆਰਥਿਕ ਸਹਿਯੋਗ ਅਤੇ ਨੌਜਵਾਨਾਂ ਲਈ ਰੁਜ਼ਗਾਰ ਦੇ ਨਵੇਂ ਰਾਹ ਖੋਲ੍ਹੇ ਹਨ। ਇਸ ਮੌਕੇ ਸ਼ਹਿਰੀ ਸਥਾਨਕ ਸਰਕਾਰਾਂ ਮੰਤਰੀ ਸ੍ਰੀ ਵਿਪੁਲ ਗੋਇਲ ਵੀ ਨਾਲ ਮੌਜੂਦ ਰਹੇ।
ਦੌਰੇ ਦੌਰਾਨ ਗੁਰੂਗ੍ਰਾਮ ਅਤੇ ਸਟਾਕਹੋਮ ਸ਼ਹਿਰਾਂ ਵਿਚਕਾਰ ਸਿਟੀ-ਟੂ-ਸਿਟੀ ਸਹਿਯੋਗ ਸਮਝੌਤਾ ਹੋਇਆ। ਦੋਵੇਂ ਸ਼ਹਿਰ ਤਕਨੀਕੀ ਨਵੀਨਤਾ, ਸਮਾਰਟ ਸਿਟੀ ਹੱਲ, ਟਿਕਾਊ ਸ਼ਹਿਰੀ ਵਿਕਾਸ, ਗਿਆਨ ਦੇ ਆਦਾਨ-ਪ੍ਰਦਾਨ ਅਤੇ ਨਿਵੇਸ਼ ਨੂੰ ਉਤਸ਼ਾਹਿਤ ਕਰਨ ਦੇ ਖੇਤਰਾਂ ਵਿੱਚ ਮਿਲ ਕੇ ਕੰਮ ਕਰਨਗੇ। ਇਹ ਸਹਿਯੋਗ ਦੋਵਾਂ ਸ਼ਹਿਰਾਂ ਵਿਚਕਾਰ ਲੰਬੇ ਸਮੇਂ ਦੀ ਭਾਈਵਾਲੀ ਨੂੰ ਮਜ਼ਬੂਤ ਕਰੇਗਾ।
ਸਸ਼ਕਤ ਭਾਰਤ-ਆਤਮਨਿਰਭਰ ਭਾਰਤ ਦੇ ਵਿਜ਼ਨ ਦੇ ਅਨੁਸਾਰ ਹਰਿਆਣਾ ਸਰਕਾਰ ਨੇ 3000 ਕਰੋੜ ਰੁਪਏ ਦੇ ਇੱਕ ਵੱਡੇ ਐਲਓਆਈ ’ਤੇ ਦਸਤਖ਼ਤ ਕੀਤੇ। ਇਸ ਤੋਂ ਇਲਾਵਾ ਰਿਟੇਲ ਸੈਕਟਰ ਅਤੇ ਵੇਅਰਹਾਊਸਿੰਗ ਸੈਕਟਰ ਵਿੱਚ 1000 ਕਰੋੜ ਰੁਪਏ ਦੇ ਐਲਓਆਈ ’ਤੇ ਵੀ ਸਹਿਮਤੀ ਬਣੀ। ਇਨ੍ਹਾਂ ਸਮਝੌਤਿਆਂ ਨਾਲ ਸੂਬੇ ਵਿੱਚ ਆਧੁਨਿਕ ਵੇਅਰਹਾਊਸਿੰਗ ਬੁਨਿਆਦੀ ਢਾਂਚੇ, ਰਿਟੇਲ ਚੇਨਾਂ ਦੇ ਵਿਸਥਾਰ ਅਤੇ ਲੌਜਿਸਟਿਕਸ ਖੇਤਰ ਵਿੱਚ ਨਵੇਂ ਨਿਵੇਸ਼ ਆਉਣ ਦੀ ਉਮੀਦ ਹੈ।
ਹਰਿਆਣਾ ਅਤੇ ਸਵੀਡਨ ਵਿਚਕਾਰ ਵਪਾਰ ਵਧਾਉਣ ਅਤੇ ਆਰਥਿਕ ਸਹਿਯੋਗ ਨੂੰ ਉਤਸ਼ਾਹਿਤ ਕਰਨ ਲਈ ਵੀ ਮਹੱਤਵਪੂਰਨ ਸਮਝੌਤਾ ਹੋਇਆ। ਸਵੀਡਿਸ਼ ਕੰਪਨੀਆਂ ਨੇ ਹਰਿਆਣਾ ਦੇ ਹੁਨਰਮੰਦ ਨੌਜਵਾਨਾਂ ਲਈ ਰੁਜ਼ਗਾਰ ਦੇ ਮੌਕੇ ਉਪਲਬਧ ਕਰਵਾਉਣ ਦਾ ਭਰੋਸਾ ਦਿੱਤਾ ਹੈ। ਇਸ ਨਾਲ ਸੂਬੇ ਦੇ ਨੌਜਵਾਨਾਂ ਲਈ ਅੰਤਰਰਾਸ਼ਟਰੀ ਪੱਧਰ ਦੇ ਹੁਨਰ ਵਿਕਾਸ, ਸਿਖਲਾਈ ਅਤੇ ਰੁਜ਼ਗਾਰ ਦੇ ਨਵੇਂ ਰਾਹ ਖੁੱਲ੍ਹਣਗੇ।
ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਇਹ ਦੌਰਾ ਹਰਿਆਣਾ ਨੂੰ ਵਿਸ਼ਵ ਪੱਧਰ ’ਤੇ ਨਿਵੇਸ਼ ਦੇ ਨਕਸ਼ੇ ’ਤੇ ਹੋਰ ਮਜ਼ਬੂਤ ਕਰਨ ਦੀ ਦਿਸ਼ਾ ਵਿੱਚ ਇੱਕ ਮਹੱਤਵਪੂਰਨ ਕਦਮ ਹੈ। ਸਵੀਡਨ ਦੀ ਉੱਨਤ ਤਕਨਾਲੋਜੀ, ਨਵੀਨਤਾ ਅਤੇ ਟਿਕਾਊ ਵਿਕਾਸ ਦੇ ਮਾਡਲ ਨੂੰ ਹਰਿਆਣਾ ਦੀ ਗਤੀਸ਼ੀਲ ਅਰਥਵਿਵਸਥਾ ਅਤੇ ਨੌਜਵਾਨ ਸ਼ਕਤੀ ਨਾਲ ਜੋੜ ਕੇ ਸੂਬੇ ਨੂੰ ਆਤਮਨਿਰਭਰ ਭਾਰਤ ਦੇ ਟੀਚੇ ਵੱਲ ਤੇਜ਼ੀ ਨਾਲ ਅੱਗੇ ਵਧਾਇਆ ਜਾਵੇਗਾ।
ਇਹ ਸਮਝੌਤੇ ਹਰਿਆਣਾ ਵਿੱਚ ਰੁਜ਼ਗਾਰ ਸਿਰਜਣ, ਉਦਯੋਗਿਕ ਵਿਕਾਸ, ਨਿਰਯਾਤ ਵਿੱਚ ਵਾਧੇ ਅਤੇ ਸ਼ਹਿਰੀ ਆਧੁਨਿਕੀਕਰਨ ਨੂੰ ਨਵੀਂ ਗਤੀ ਪ੍ਰਦਾਨ ਕਰਨਗੇ। ਸੂਬਾ ਸਰਕਾਰ ਇਨ੍ਹਾਂ ਨਿਵੇਸ਼ਾਂ ਨੂੰ ਜਲਦ ਤੋਂ ਜਲਦ ਅਮਲੀ ਰੂਪ ਦੇਣ ਲਈ ਸਾਰੀਆਂ ਲੋੜੀਂਦੀਆਂ ਸਹੂਲਤਾਂ ਉਪਲਬਧ ਕਰਵਾਏਗੀ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਦੇਖਣ ਲਈ Chardikala Time TV ਨੂੰ ਕਰੋ Subscribe:-
Facebook:- https://www.facebook.com/Chardiklatimetvlive










