ਚੰਡੀਗੜ੍ਹ : ਹਰਿਆਣਾ ਵਿੱਚ ਲਾਡੋ ਲਕਸ਼ਮੀ ਯੋਜਨਾ ਤਹਿਤ ਔਰਤਾਂ ਦੇ ਖਾਤਿਆਂ ਵਿੱਚ 2,100 ਰੁਪਏ ਜਮ੍ਹਾਂ ਹੋਣ ਦੀ ਉਡੀਕ ਜਲਦੀ ਹੀ ਖ਼ਤਮ ਹੋਣ ਜਾ ਰਹੀ ਹੈ। ਇਸ ਯੋਜਨਾ ਤਹਿਤ 23 ਅਕਤੂਬਰ ਤੱਕ ਲਗਭਗ 530,000 ਯੋਗ ਔਰਤਾਂ ਨੇ ਰਜਿਸਟ੍ਰੇਸ਼ਨ ਕਰਵਾਈ ਹੈ। 25 ਅਕਤੂਬਰ ਤੱਕ ਰਜਿਸਟਰਡ ਜਾਂ ਫਾਰਮ ਭਰੀਆਂ ਸਾਰੀਆਂ ਔਰਤਾਂ ਨੂੰ ਹਰਿਆਣਾ ਦਿਵਸ, 1 ਨਵੰਬਰ ਨੂੰ ਆਪਣੇ ਖਾਤਿਆਂ ਵਿੱਚ 2,100 ਰੁਪਏ ਪ੍ਰਾਪਤ ਹੋਣਗੇ।
ਰਜਿਸਟ੍ਰੇਸ਼ਨ ਪ੍ਰਕਿਰਿਆ ਨੂੰ ਤੇਜ਼ ਕਰਨ ਦੇ ਨਿਰਦੇਸ਼
ਸ਼ੁੱਕਰਵਾਰ ਨੂੰ ਸੀ.ਐਮ. ਨਾਇਬ ਸੈਣੀ ਦੇ ਮੁੱਖ ਪ੍ਰਧਾਨ ਸਕੱਤਰ ਰਾਜੇਸ਼ ਖੁੱਲਰ ਤੇ ਮੁੱਖ ਸਕੱਤਰ ਅਨੁਰਾਗ ਰਸਤੋਗੀ ਨੇ ਵੀਡੀਓ ਕਾਨਫਰੰਸਿੰਗ ਰਾਹੀਂ ਯੋਜਨਾ ਦੀ ਪ੍ਰਗਤੀ ਦੀ ਸਮੀਖਿਆ ਕੀਤੀ। ਉਨ੍ਹਾਂ ਨੇ ਸਾਰੇ ਅਧਿਕਾਰੀਆਂ ਨੂੰ ਕਿਹਾ ਕਿ ਉਹ ਯੋਗ ਔਰਤਾਂ ਤੱਕ ਛੇਤੀ ਤੋਂ ਛੇਤੀ ਪਹੁੰਚਣ ਅਤੇ ਘਰ-ਘਰ ਜਾ ਕੇ ਔਰਤਾਂ ਦਾ ਰਜਿਸਟ੍ਰੇਸ਼ਨ ਕਰਨ। ਸਾਰੇ ਜ਼ਿਲ੍ਹਾ ਡਿਪਟੀ ਕਮਿਸ਼ਨਰਾਂ ਨੂੰ ਹਦਾਇਤ ਕੀਤੀ ਗਈ ਹੈ ਕਿ ਉਹ ਰਜਿਸਟ੍ਰੇਸ਼ਨ ਦੇ ਪ੍ਰਬੰਧ ਵਿੱਚ ਗ੍ਰਾਮ ਸਕੱਤਰ ਅਤੇ ਪਟਵਾਰੀ ਦੀ ਮਦਦ ਲੈਣ। ਇਹ ਵੀ ਫ਼ੈਸਲਾ ਲਿਆ ਗਿਆ ਹੈ ਕਿ ਰਜਿਸਟ੍ਰੇਸ਼ਨ ਪ੍ਰਕਿਰਿਆ ਨੂੰ ਸੁਖਾਲਾ ਬਣਾਉਣ ਲਈ ਸ਼ਨੀਵਾਰ ਤੇ ਐਤਵਾਰ ਨੂੰ ਵੀ ਸਬੰਧਤ ਅਧਿਕਾਰੀ ਤੇ ਕਰਮਚਾਰੀ ਆਪਣੇ ਸਟੇਸ਼ਨਾਂ ’ਤੇ ਹਾਜ਼ਰ ਰਹਿਣਗੇ।
ਐਪ ਰਾਹੀਂ ਦੇਣੀ ਪਵੇਗੀ ਅਰਜ਼ੀ
ਹਰਿਆਣਾ ਸਰਕਾਰ ਦੇ ਅਨੁਸਾਰ, ਲਾਡੋ ਲਖਮੀ ਯੋਜਨਾ ਦੀਆਂ ਲਗਭਗ 20 ਲੱਖ ਯੋਗ ਔਰਤਾਂ ਹਨ। ਇਸ ਯੋਜਨਾ ਲਈ ਔਰਤਾਂ ਨੂੰ ਮੋਬਾਈਲ ਐਪਲੀਕੇਸ਼ਨ ਰਾਹੀਂ ਅਰਜ਼ੀ ਦੇਣੀ ਹੋਵੇਗੀ। ਮੋਬਾਈਲ ਫੋਨ ਦੇ ਪਲੇਅ ਸਟੋਰ ‘ਤੇ ‘ਲਾਡੋ ਲਖਮੀ ਯੋਜਨਾ’ ਨੂੰ ਡਾਊਨਲੋਡ ਕੀਤਾ ਜਾ ਸਕਦਾ ਹੈ।
ਵਿਭਾਗ ਦੇ ਇੱਕ ਅਧਿਕਾਰੀ ਨੇ ਦੱਸਿਆ ਕਿ ਰਜਿਸਟ੍ਰੇਸ਼ਨ ਦਾ ਕੰਮ ਅੱਗੇ ਵੀ ਜਾਰੀ ਰਹੇਗਾ ਪਰ ਜਿਨ੍ਹਾਂ ਔਰਤਾਂ ਨੇ 25 ਅਕਤੂਬਰ ਤੱਕ ਐਪ ‘ਤੇ ਰਜਿਸਟ੍ਰੇਸ਼ਨ ਕਰਵਾ ਲਿਆ ਹੈ, 1 ਨਵੰਬਰ ਨੂੰ ਉਨ੍ਹਾਂ ਦੇ ਖਾਤੇ ਵਿੱਚ 2,100 ਰੁਪਏ ਦੀ ਰਕਮ ਪਹੁੰਚ ਜਾਵੇਗੀ। ਉਨ੍ਹਾਂ ਨੇ ਦੱਸਿਆ ਕਿ ਕੁਝ ਔਰਤਾਂ ਜਾਣਬੁੱਝ ਕੇ ਰਜਿਸਟ੍ਰੇਸ਼ਨ ਨਹੀਂ ਕਰਵਾ ਰਹੀਆਂ ਹਨ ਕਿਉਂਕਿ ਜਾਣਕਾਰੀਆਂ ਬਹੁਤ ਵੱਧ ਮੰਗੀ ਗਈ ਹੈ। ਜਦੋਂ ਪਹਿਲੀ ਕਿਸ਼ਤ ਆ ਜਾਵੇਗੀ, ਉਸ ਤੋਂ ਬਾਅਦ ਰਜਿਸਟ੍ਰੇਸ਼ਨ ਦੀ ਗਿਣਤੀ ਦਾ ਅੰਕੜਾ ਤੇਜ਼ੀ ਨਾਲ ਵਧਣ ਦੀ ਉਮੀਦ ਹੈ।
