ਤਰਨਤਾਰਨ: ਤਰਨਤਾਰਨ ਦੇ ਮੁਹੱਲਾ ਮੁਰਾਦਪੁਰ ਵਿੱਚ ਐਂਟੀ-ਗੈਂਗਸਟਰ ਟਾਸਕ ਫੋਰਸ (AGTF) ਅਤੇ ਤਰਨਤਾਰਨ CIA ਸਟਾਫ ਦੀ ਪੁਲਿਸ ਟੀਮ ਨਾਲ ਹੋਏ ਮੁਕਾਬਲੇ ਵਿੱਚ ਕਸ਼ਮੀਰ ਸਿੰਘ ਉਰਫ਼ ਸੰਨੀ ਉਰਫ਼ ਪੁੰਗੀ ਦੀ ਮੌਤ ਹੋ ਗਈ। ਮੁਕਾਬਲੇ ਦੌਰਾਨ ਉਸ ਦਾ ਸਾਥੀ ਗੁਰਸੇਵਕ ਸਿੰਘ ਵੀ ਗੋਲੀ ਲੱਗਣ ਕਾਰਨ ਜ਼ਖ਼ਮੀ ਹੋ ਗਿਆ। ਉਸ ਨੂੰ ਇਲਾਜ ਲਈ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ।
ਪੁਲਿਸ ਅਧਿਕਾਰੀਆਂ ਮੁਤਾਬਕ, ਮੁਕਾਬਲੇ ਵਿੱਚ ਦੋਵੇਂ ਵਿਅਕਤੀ ਜ਼ਖ਼ਮੀ ਹੋਏ ਸਨ। ਉਨ੍ਹਾਂ ਨੂੰ ਪਹਿਲਾਂ ਤਰਨਤਾਰਨ ਦੇ ਹਸਪਤਾਲ ਲਿਜਾਇਆ ਗਿਆ, ਜਿੱਥੋਂ ਕਸ਼ਮੀਰ ਸਿੰਘ ਨੂੰ ਅੰਮ੍ਰਿਤਸਰ ਦੇ ਗੁਰੂ ਨਾਨਕ ਦੇਵ ਹਸਪਤਾਲ ਰੈਫਰ ਕੀਤਾ ਗਿਆ। ਉੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ, ਜਦਕਿ ਗੁਰਸੇਵਕ ਸਿੰਘ ਦਾ ਇਲਾਜ ਜਾਰੀ ਹੈ।
ਪੁਲਿਸ ਦੇ ਅਨੁਸਾਰ ਕਸ਼ਮੀਰ ਸਿੰਘ ਪੁੰਗੀ ਖ਼ਿਲਾਫ਼ ਪਹਿਲਾਂ ਵੀ ਗੰਭੀਰ ਮਾਮਲੇ ਦਰਜ ਸਨ। ਅਧਿਕਾਰੀਆਂ ਨੇ ਦੱਸਿਆ ਕਿ ਕੁਝ ਸਮਾਂ ਪਹਿਲਾਂ ਮੁਰਾਦਪੁਰ ਇਲਾਕੇ ਵਿੱਚ ਉਸ ਨੂੰ ਕਾਬੂ ਕਰਨ ਗਈ ਪੁਲਿਸ ਟੀਮ ’ਤੇ ਗੋਲੀਬਾਰੀ ਹੋਈ ਸੀ। ਇਸ ਘਟਨਾ ਵਿੱਚ ਇੱਕ ਪੁਲਿਸ ਮੁਲਾਜ਼ਮ ਜ਼ਖ਼ਮੀ ਹੋਇਆ ਸੀ ਅਤੇ ਨੇੜੇ ਖੇਡ ਰਹੀ ਤਿੰਨ ਸਾਲਾ ਬੱਚੀ ਵੀ ਗੋਲੀ ਲੱਗਣ ਕਾਰਨ ਜ਼ਖ਼ਮੀ ਹੋਈ ਸੀ।
ਤਾਜ਼ਾ ਮੁਕਾਬਲੇ ਤੋਂ ਬਾਅਦ ਸੀਨੀਅਰ ਪੁਲਿਸ ਅਧਿਕਾਰੀ ਵੀ ਮੌਕੇ ’ਤੇ ਪਹੁੰਚੇ। ਪੁਲਿਸ ਵੱਲੋਂ ਮੁਕਾਬਲੇ ਵਾਲੀ ਥਾਂ ਤੋਂ ਹਥਿਆਰ ਬਰਾਮਦ ਕਰਨ ਦੀ ਗੱਲ ਕਹੀ ਗਈ ਹੈ। ਮਾਮਲੇ ਦੀ ਅਗਲੀ ਜਾਂਚ ਪੁਲਿਸ ਵੱਲੋਂ ਕੀਤੀ ਜਾ ਰਹੀ ਹੈ।












