ਪੁਣੇ: ਮਹਾਰਾਸ਼ਟਰ ਦੇ ਪੁਣੇ ਸ਼ਹਿਰ ਵਿੱਚ ਵੀਰਵਾਰ ਨੂੰ ‘ਕਾਕਰੋਚ ਜਨਤਾ ਪਾਰਟੀ’ (CJP) ਵੱਲੋਂ ਸਾਵਿਤਰੀਬਾਈ ਫੂਲੇ ਪੁਣੇ ਯੂਨੀਵਰਸਿਟੀ (SPPU) ਕੈਂਪਸ ਵਿੱਚ ਵੱਡਾ ਵਿਰੋਧ ਪ੍ਰਦਰਸ਼ਨ ਕੀਤਾ ਗਿਆ। ਇਸ ਪ੍ਰਦਰਸ਼ਨ ਵਿੱਚ ਸਮਾਜਿਕ ਕਾਰਕੁਨ ਅਤੇ ਸਿੱਖਿਆ ਸੁਧਾਰਾਂ ਦੇ ਹਮਾਇਤੀ ਸੋਨਮ ਵਾਂਗਚੁਕ ਨੇ ਵੀ ਹਿੱਸਾ ਲਿਆ। ਸੈਂਕੜੇ ਵਿਦਿਆਰਥੀ ਅਤੇ ਸਮਰਥਕ ਬੈਨਰਾਂ ਅਤੇ ਪੋਸਟਰਾਂ ਨਾਲ ਪ੍ਰਦਰਸ਼ਨ ਵਿੱਚ ਸ਼ਾਮਲ ਹੋਏ ਅਤੇ ਸਿੱਖਿਆ ਪ੍ਰਣਾਲੀ ਵਿੱਚ ਸੁਧਾਰਾਂ ਦੀ ਮੰਗ ਕੀਤੀ।
ਪ੍ਰਦਰਸ਼ਨ ਦੌਰਾਨ ਸਿੱਖਿਆ ਮੰਤਰੀ ਧਰਮਿੰਦਰ ਪ੍ਰਧਾਨ ਦੇ ਅਸਤੀਫ਼ੇ ਦੀ ਮੰਗ ਵੀ ਉਠਾਈ ਗਈ। ਇਸ ਮੌਕੇ ਸੋਨਮ ਵਾਂਗਚੁਕ ਨੇ CJP ਦਾ ਸਿੱਖਿਆ ਮੈਨੀਫੈਸਟੋ ਜਾਰੀ ਕੀਤਾ। ਉਨ੍ਹਾਂ ਕਿਹਾ ਕਿ ਇਸ ਮੈਨੀਫੈਸਟੋ ਦਾ ਮੁੱਖ ਉਦੇਸ਼ ਪੇਪਰ ਲੀਕ ਦੀਆਂ ਘਟਨਾਵਾਂ ਨੂੰ ਰੋਕਣਾ, ਪ੍ਰੀਖਿਆਵਾਂ ਦੇ ਨਤੀਜੇ ਸਮੇਂ ਸਿਰ ਜਾਰੀ ਕਰਨਾ, ਭਰਤੀ ਅਤੇ ਦਾਖਲਾ ਪ੍ਰੀਖਿਆਵਾਂ ਵਿੱਚ ਪਾਰਦਰਸ਼ਤਾ ਲਿਆਉਣਾ ਅਤੇ ਪ੍ਰੀਖਿਆ ਏਜੰਸੀਆਂ ਦੀ ਜਵਾਬਦੇਹੀ ਯਕੀਨੀ ਬਣਾਉਣਾ ਹੈ।
ਵਾਂਗਚੁਕ ਨੇ ਕਿਹਾ ਕਿ ਦੇਸ਼ ਭਰ ਵਿੱਚ ਲੱਖਾਂ ਵਿਦਿਆਰਥੀ ਪ੍ਰੀਖਿਆਵਾਂ ਵਿੱਚ ਹੋ ਰਹੀਆਂ ਬੇਨਿਯਮੀਆਂ ਅਤੇ ਦੇਰੀ ਕਾਰਨ ਪ੍ਰਭਾਵਿਤ ਹੁੰਦੇ ਹਨ। ਇਸ ਲਈ ਸਿੱਖਿਆ ਪ੍ਰਣਾਲੀ ਵਿੱਚ ਵੱਡੇ ਸੁਧਾਰਾਂ ਦੀ ਲੋੜ ਹੈ ਤਾਂ ਜੋ ਵਿਦਿਆਰਥੀਆਂ ਦਾ ਭਵਿੱਖ ਸੁਰੱਖਿਅਤ ਬਣਾਇਆ ਜਾ ਸਕੇ।
ਇਸ ਦੌਰਾਨ CJP ਦੇ ਸੰਸਥਾਪਕ ਦੀਪਕੇ ਨੇ ਆਪਣੇ ਸੰਬੋਧਨ ਵਿੱਚ ਦਾਅਵਾ ਕੀਤਾ ਕਿ ਪੁਣੇ ਵਿੱਚ ਇਕੱਠੀ ਹੋਈ ਭੀੜ ਦਿੱਲੀ ਦੇ ਜੰਤਰ-ਮੰਤਰ ‘ਤੇ ਹੋਣ ਵਾਲੇ ਕਈ ਵਿਰੋਧ ਪ੍ਰਦਰਸ਼ਨਾਂ ਨਾਲੋਂ ਵੱਡੀ ਸੀ। ਉਨ੍ਹਾਂ ਸਰਕਾਰ ਅੱਗੇ ਪੰਜ ਮੁੱਖ ਮੰਗਾਂ ਰੱਖੀਆਂ, ਜਿਨ੍ਹਾਂ ਵਿੱਚ NCERT ਦੀਆਂ ਪਾਠ-ਪੁਸਤਕਾਂ ਵਿੱਚ ਮਰਾਠਾ ਸਾਮਰਾਜ ਦੇ ਨਕਸ਼ੇ ਨੂੰ ਮੁੜ ਸ਼ਾਮਲ ਕਰਨ ਦੀ ਮੰਗ ਵੀ ਸ਼ਾਮਲ ਸੀ।
ਜ਼ਿਕਰਯੋਗ ਹੈ ਕਿ NCERT ਨੇ 2025-26 ਦੇ ਅਕਾਦਮਿਕ ਸੈਸ਼ਨ ਲਈ ਅੱਠਵੀਂ ਜਮਾਤ ਦੀ ਸਮਾਜਿਕ ਵਿਗਿਆਨ ਦੀ ਕਿਤਾਬ ਵਿੱਚ ਮਰਾਠਾ ਸਾਮਰਾਜ ਦਾ ਨਕਸ਼ਾ ਸ਼ਾਮਲ ਕੀਤਾ ਸੀ। ਹਾਲਾਂਕਿ, ਨਕਸ਼ੇ ਵਿੱਚ ਰਾਜਸਥਾਨ ਦੇ ਕੁਝ ਖੇਤਰਾਂ ਨੂੰ ਮਰਾਠਾ ਸਾਮਰਾਜ ਦਾ ਹਿੱਸਾ ਦਰਸਾਏ ਜਾਣ ‘ਤੇ ਕੁਝ ਇਤਿਹਾਸਕਾਰਾਂ ਅਤੇ ਸਾਬਕਾ ਸ਼ਾਹੀ ਪਰਿਵਾਰਾਂ ਨੇ ਇਤਰਾਜ਼ ਜਤਾਇਆ ਸੀ। ਇਸ ਤੋਂ ਬਾਅਦ ਮਾਰਚ 2026 ਵਿੱਚ NCERT ਨੇ ਉਹ ਨਕਸ਼ਾ ਹਟਾ ਦਿੱਤਾ ਸੀ।












