ਝਾਰਖੰਡ : ਝਾਰਖੰਡ ਮੌਸਮ ਵਿਭਾਗ ਨੇ ਰਾਜ ਦੇ ਵੱਖ-ਵੱਖ ਜ਼ਿਲ੍ਹਿਆਂ ਲਈ ਅੱਜ ਭਾਰੀ ਮੀਂਹ ਨੂੰ ਲੈ ਕੇ ਯੈਲੋ ਅਲਰਟ ਜਾਰੀ ਕੀਤਾ ਹੈ। ਵਿਭਾਗ ਨੇ ਲੋਕਾਂ ਨੂੰ ਖਰਾਬ ਮੌਸਮ ਦੌਰਾਨ ਵਧੇਰੇ ਸਾਵਧਾਨ ਰਹਿਣ ਦੀ ਅਪੀਲ ਕੀਤੀ ਹੈ। ਭਵਿੱਖਬਾਣੀ ਅਨੁਸਾਰ, ਇਸ ਸਮੇਂ ਦੌਰਾਨ 30 ਤੋਂ 40 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਗਰਜ-ਤੂਫ਼ਾਨ ਅਤੇ ਹਵਾਵਾਂ ਚੱਲਣ ਦੀ ਵੀ ਸੰਭਾਵਨਾ ਹੈ।
ਅੱਜ ਇਨ੍ਹਾਂ ਜ਼ਿਲ੍ਹਿਆਂ ’ਚ ਮੀਂਹ ਲਈ ਯੈਲੋ ਅਲਰਟ
ਮੌਸਮ ਵਿਭਾਗ ਅਨੁਸਾਰ, 16 ਸਤੰਬਰ ਨੂੰ ਦੇਵਘਰ, ਦੁਮਕਾ, ਗਿਰੀਡੀਹ, ਜਾਮਤਾਰਾ, ਰਾਂਚੀ, ਬੋਕਾਰੋ, ਧਨਬਾਦ, ਹਜ਼ਾਰੀਬਾਗ, ਕੋਡਰਮਾ, ਚਤਰਾ ਅਤੇ ਰਾਮਗੜ੍ਹ ਜ਼ਿਲ੍ਹਿਆਂ ਵਿੱਚ ਭਾਰੀ ਮੀਂਹ ਪੈਣ ਦੀ ਸੰਭਾਵਨਾ ਹੈ। 17 ਸਤੰਬਰ ਨੂੰ ਦੇਵਘਰ, ਦੁਮਕਾ, ਗਿਰੀਡੀਹ, ਗੋਡਾ, ਜਾਮਤਾਰਾ, ਪਾਕੁਰ, ਸਾਹਿਬਗੰਜ, ਹਜ਼ਾਰੀਬਾਗ, ਕੋਡਰਮਾ, ਪਲਾਮੂ, ਗੜ੍ਹਵਾ ਅਤੇ ਚਤਰਾ ਵਿੱਚ ਭਾਰੀ ਮੀਂਹ ਪੈਣ ਦੀ ਸੰਭਾਵਨਾ ਹੈ।
ਲੋਕਾਂ ਨੂੰ ਸੁਚੇਤ ਰਹਿਣ ਦੀ ਸਲਾਹ
ਵਿਭਾਗ ਨੇ ਸਲਾਹ ਦਿੱਤੀ ਹੈ ਕਿ ਲੋਕ ਮੀਂਹ ਵਾਲੇ ਦਿਨਾਂ ਵਿੱਚ ਖੁੱਲ੍ਹੇ ਮੈਦਾਨਾਂ ਜਾਂ ਦਰੱਖਤਾਂ ਦੇ ਹੇਠਾਂ ਖੜ੍ਹੇ ਨਾ ਹੋਣ ਅਤੇ ਬਿਜਲੀ ਡਿੱਗਣ ਦੀ ਸਥਿਤੀ ਤੋਂ ਬਚਾਅ ਕਰਨ। ਪੇਂਡੂ ਇਲਾਕਿਆਂ ਵਿੱਚ ਨਦੀ-ਨਾਲਿਆਂ ਤੋਂ ਦੂਰ ਰਹਿਣ ਦੀ ਹਿਦਾਇਤ ਦਿੱਤੀ ਗਈ ਹੈ। ਮਾਹਿਰਾਂ ਦਾ ਕਹਿਣਾ ਹੈ ਕਿ ਇਸ ਤਰ੍ਹਾਂ ਦਾ ਮੌਸਮ ਜਨਜੀਵਨ ਨੂੰ ਪ੍ਰਭਾਵਿਤ ਕਰ ਸਕਦਾ ਹੈ। ਕਈ ਥਾਵਾਂ ‘ਤੇ ਪਾਣੀ ਭਰਨ ਦੀ ਸਥਿਤੀ, ਆਵਾਜਾਈ ਵਿੱਚ ਰੁਕਾਵਟ ਅਤੇ ਪੇਂਡੂ ਖੇਤਰਾਂ ਵਿੱਚ ਫਸਲ ਨੂੰ ਨੁਕਸਾਨ ਹੋਣ ਦਾ ਖਦਸ਼ਾ ਵੀ ਹੈ। ਪ੍ਰਸ਼ਾਸਨ ਨੇ ਸਾਰੇ ਜ਼ਿਲ੍ਹਿਆਂ ਵਿੱਚ ਸਬੰਧਤ ਵਿਭਾਗਾਂ ਨੂੰ ਚੌਕਸ ਰਹਿਣ ਲਈ ਕਿਹਾ ਹੈ।











