ਪਟਨਾ : ਬਿਹਾਰ ਚੋਣਾਂ ਕੁਝ ਹੀ ਦਿਨ ਬਾਕੀ ਹਨ ਅਤੇ ਇਸ ਦੌਰਾਨ ਮੁੱਖ ਮੰਤਰੀ ਨਿਤੀਸ਼ ਕੁਮਾਰ ਦੀ ਪਾਰਟੀ ਨੇ ਬਾਗੀਆਂ ਉੱਤੇ ਸਖਤ ਕਾਰਵਾਈ ਕਰਨਾ ਸ਼ੁਰੂ ਕਰ ਦਿੱਤਾ ਹੈ। ਨੀਤੀਸ਼ ਦੀ ਜੇ.ਡੀ.ਯੂ. ਨੇ ਪਾਰਟੀ ਤੋਂ ਬਗਾਵਤ ਕਰਨ ਵਾਲੇ 11 ਆਗੂਆਂ ਨੂੰ ਬਾਹਰ ਕੱਢ ਦਿੱਤਾ ਹੈ। ਖ਼ਾਸ ਗੱਲ ਇਹ ਹੈ ਕਿ ਜਿਨ੍ਹਾਂ ਆਗੂਆਂ ਉੱਤੇ ਕਾਰਵਾਈ ਕੀਤੀ ਗਈ ਹੈ, ਉਨ੍ਹਾਂ ਵਿੱਚ ਪੁਰਾਣੇ ਮੰਤਰੀ ਅਤੇ ਵਿਧਾਇਕ ਵੀ ਸ਼ਾਮਲ ਹਨ।
ਜਿਹੜੇ ਲੀਡਰਾਂ ਨੂੰ ਪਾਰਟੀ ਵਿੱਚੋਂ ਕੱਢਿਆ ਗਿਆ ਹੈ, ਉਹਨਾਂ ਵਿੱਚ ਮੁੰਗੇਰ ਤੋਂ ਆਉਣ ਵਾਲੇ ਸਾਬਕਾ ਮੰਤਰੀ ਸ਼ੈਲੇਸ਼ ਕੁਮਾਰ, ਜਮੂਈ ਤੋਂ ਆਉਣ ਵਾਲੇ ਸਾਬਕਾ ਵਿਧਾਇਕ ਸੰਜੇ ਪ੍ਰਸਾਦ, ਸਿਵਾਨ ਤੋਂ ਆਉਣ ਵਾਲੇ ਸਾਬਕਾ ਐਮਐਲਸੀ ਸ਼ਿਆਮ ਬਹਾਦਰ ਸਿੰਘ, ਭੋਜਪੁਰ ਨਾਲ ਸਬੰਧਤ ਰਣਵਿਜੇ ਸਿੰਘ, ਸ਼ੇਖਪੁਰਾ ਦੇ ਸੁਦਰਸ਼ਨ ਕੁਮਾਰ, ਬੇਗੂਸਰਾਏ ਦੇ ਅਮਰ ਕੁਮਾਰ ਸਿੰਘ, ਵੈਸ਼ਾਲੀ ਦੀ ਆਸਮਾ ਪਰਵੀਨ, ਔਰੰਗਾਬਾਦ ਦੇ ਲਵ ਕੁਮਾਰ, ਕਟਿਹਾਰ ਦੀ ਆਸ਼ਾ ਸੁਮਨ, ਮੋਤੀਹਾਰੀ ਦੇ ਦਿਵਯਾਂਸ਼ੂ ਭਾਰਦਵਾਜ ਅਤੇ ਸਿਵਾਨ ਦੇ ਵਿਵੇਕ ਸ਼ੁਕਲਾ ਸ਼ਾਮਲ ਹਨ।
ਇਹ ਹੁਕਮ ਤੁਰੰਤ ਹੋਵੇਗਾ ਲਾਗੂ
ਪਾਰਟੀ ਨੇ ਕੱਢੇ ਜਾਣ ਵਾਲੇ ਆਗੂਆਂ ਦੀ ਸੂਚੀ ਸੋਸ਼ਲ ਮੀਡੀਆ ‘ਤੇ ਜਾਰੀ ਕੀਤੀ ਹੈ। ਸੂਚੀ ਜਾਰੀ ਕਰਦਿਆਂ ਪਾਰਟੀ ਨੇ ਕਿਹਾ ਹੈ ਕਿ ਬਿਹਾਰ ਵਿਧਾਨ ਸਭਾ ਚੋਣਾਂ 2025 ਵਿੱਚ ਪਾਰਟੀ ਵਿਰੋਧੀ ਵਿਵਹਾਰ ਅਤੇ ਗਤੀਵਿਧੀਆਂ ਵਿੱਚ ਸ਼ਮੂਲੀਅਤ ਕਾਰਨ ਹੇਠਲੇ ਮੈਂਬਰਾਂ ਨੂੰ ਮੁਅੱਤਲ ਕਰਦਿਆਂ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਤੋਂ ਬਾਹਰ ਕੱਢਿਆ ਜਾਂਦਾ ਹੈ। ਇਹ ਹੁਕਮ ਤੁਰੰਤ ਲਾਗੂ ਹੋਵੇਗਾ।
ਜੇ.ਡੀ.ਯੂ. ਨੇ ਸਾਫ਼ ਕਰ ਦਿੱਤਾ ਆਪਣਾ ਰੁਖ਼
ਇਨ੍ਹਾਂ ਆਗੂਆਂ ਨੂੰ ਪਾਰਟੀ ਵਿੱਚੋਂ ਕੱਢਦਿਆਂ ਜੇਡੀਯੂ ਨੇ ਕਿਹਾ ਹੈ ਕਿ ਇਨ੍ਹਾਂ ਨੇ ਪਾਰਟੀ ਦੇ ਉਮੀਦਵਾਰਾਂ ਦੇ ਖਿਲਾਫ਼ ਆਜ਼ਾਦ ਉੱਤਰ ਕੇ ਜਾਂ ਕਿਸੇ ਹੋਰ ਤਰੀਕੇ ਨਾਲ ਕੰਮ ਕਰਕੇ ਪਾਰਟੀ ਨੂੰ ਨੁਕਸਾਨ ਪਹੁੰਚਾਇਆ ਹੈ। ਇਸ ਕਾਰਵਾਈ ਦੇ ਨਾਲ ਜੇ.ਡੀ.ਯੂ. ਨੇ ਇਹ ਵੀ ਸਪੱਸ਼ਟ ਕਰ ਦਿੱਤਾ ਹੈ ਕਿ ਇਸ ਤਰ੍ਹਾਂ ਦਾ ਵਰਤਾਓ ਮਨਜ਼ੂਰ ਨਹੀਂ ਕੀਤਾ ਜਾਵੇਗਾ।











