ਮੁੰਬਈ: ਆਈ.ਪੀ.ਐਲ. 2027 ਦੀ ਨਿਲਾਮੀ ਤਿੰਨ ਸਾਲ ਬਾਅਦ ਭਾਰਤ ਵਾਪਸ ਆ ਰਹੀ ਹੈ। ਬੀਸੀਸੀਆਈ ਸਕੱਤਰ ਦੇਵਜੀਤ ਸੈਕੀਆ ਨੇ ਬੁੱਧਵਾਰ ਨੂੰ ਪੁਸ਼ਟੀ ਕੀਤੀ ਕਿ ਖਿਡਾਰੀਆਂ ਦੀ ਨਿਲਾਮੀ ਦਸੰਬਰ ਵਿੱਚ ਗੋਆ ਵਿਖੇ ਕਰਵਾਈ ਜਾਵੇਗੀ। ਇਹ ਨਿਲਾਮੀ ਮਿੰਨੀ-ਆਕਸ਼ਨ ਹੋਵੇਗੀ।
ਤਿੰਨ ਸਾਲਾਂ ਦੌਰਾਨ ਆਈਪੀਐਲ ਦੀਆਂ ਨਿਲਾਮੀਆਂ ਭਾਰਤ ਤੋਂ ਬਾਹਰ ਹੋਈਆਂ ਸਨ। 2024 ਦੀ ਨਿਲਾਮੀ ਦੁਬਈ, 2025 ਦੀ ਮੈਗਾ ਨਿਲਾਮੀ ਸਾਊਦੀ ਅਰਬ ਦੇ ਜੇਦਾਹ ਅਤੇ 2026 ਦੀ ਨਿਲਾਮੀ ਅਬੂ ਧਾਬੀ ਵਿੱਚ ਕਰਵਾਈ ਗਈ ਸੀ। ਹੁਣ ਬੀਸੀਸੀਆਈ ਨੇ ਇਸ ਪ੍ਰੋਗਰਾਮ ਨੂੰ ਮੁੜ ਭਾਰਤ ਵਿੱਚ ਲਿਆਉਣ ਦਾ ਫ਼ੈਸਲਾ ਕੀਤਾ ਹੈ।
ਆਈਪੀਐਲ ਚੇਅਰਮੈਨ ਅਰੁਣ ਧੂਮਲ ਨੇ ਵੀ ਕਿਹਾ ਸੀ ਕਿ ਬੋਰਡ ਨਿਲਾਮੀ ਨੂੰ ਭਾਰਤ ਵਿੱਚ ਕਰਵਾਉਣਾ ਚਾਹੁੰਦਾ ਹੈ। ਵਿਆਹਾਂ ਦੇ ਸੀਜ਼ਨ ਦੌਰਾਨ ਢੁਕਵਾਂ ਸਥਾਨ ਮਿਲਣ ਵਿੱਚ ਆਉਣ ਵਾਲੀਆਂ ਮੁਸ਼ਕਲਾਂ ਕਾਰਨ ਪਿਛਲੇ ਸਮੇਂ ਵਿੱਚ ਵਿਦੇਸ਼ੀ ਸਥਾਨਾਂ ਦੀ ਚੋਣ ਕੀਤੀ ਗਈ ਸੀ। ਇਸ ਵਾਰ ਮਿੰਨੀ ਨਿਲਾਮੀ ਹੋਣ ਕਾਰਨ ਪ੍ਰਬੰਧਨ ਸਬੰਧੀ ਲੋੜਾਂ ਘੱਟ ਰਹਿਣ ਦੀ ਉਮੀਦ ਹੈ।
ਮੁਤਾਬਕ 2027 ਦਾ ਸੀਜ਼ਨ ਆਈਪੀਐਲ ਦਾ 20ਵਾਂ ਐਡੀਸ਼ਨ ਹੋਵੇਗਾ। ਇਸ ਮੌਕੇ ਨੂੰ ਖ਼ਾਸ ਬਣਾਉਣ ਲਈ ਬੀਸੀਸੀਆਈ ਨੇ ਵੱਡੇ ਪੱਧਰ ’ਤੇ ਜਸ਼ਨ ਮਨਾਉਣ ਦੀ ਯੋਜਨਾ ਬਣਾਈ ਹੈ। ਹਾਲਾਂਕਿ, ਨਿਲਾਮੀ ਦੀ ਅੰਤਿਮ ਤਾਰੀਖ ਅਤੇ ਖਿਡਾਰੀਆਂ ਨੂੰ ਰਿਟੇਨ ਕਰਨ ਦੀ ਆਖਰੀ ਮਿਤੀ ਬਾਰੇ ਅਧਿਕਾਰਤ ਜਾਣਕਾਰੀ ਦੀ ਉਡੀਕ ਹੈ।












