Home ਖੇਡਾਂ ਕਬੱਡੀ ਜਗਤ ਨੂੰ ਵੱਡਾ ਝਟਕਾ, ਅੰਤਰਰਾਸ਼ਟਰੀ ਖਿਡਾਰੀ ਸੁੱਖਾ ਬੀਹਲੇਵਾਲਾ ਦਾ ਦੇਹਾਂਤ

ਕਬੱਡੀ ਜਗਤ ਨੂੰ ਵੱਡਾ ਝਟਕਾ, ਅੰਤਰਰਾਸ਼ਟਰੀ ਖਿਡਾਰੀ ਸੁੱਖਾ ਬੀਹਲੇਵਾਲਾ ਦਾ ਦੇਹਾਂਤ

0

ਫਰੀਦਕੋਟ: ਪੰਜਾਬ ਦੇ ਕਬੱਡੀ ਜਗਤ ਲਈ ਦੁਖਦਾਈ ਖ਼ਬਰ ਸਾਹਮਣੇ ਆਈ ਹੈ। ਫਰੀਦਕੋਟ ਨਾਲ ਸਬੰਧਤ ਨਾਮੀ ਅੰਤਰਰਾਸ਼ਟਰੀ ਕਬੱਡੀ ਖਿਡਾਰੀ ਸੁਖਜਿੰਦਰ ਸਿੰਘ ਸੁੱਖਾ ਬੀਹਲੇਵਾਲਾ ਦਾ ਦੇਹਾਂਤ ਹੋ ਗਿਆ ਹੈ। ਉਹ ਲੰਬੇ ਸਮੇਂ ਤੋਂ ਲੀਵਰ ਦੀ ਗੰਭੀਰ ਬਿਮਾਰੀ ਨਾਲ ਜੂਝ ਰਹੇ ਸਨ। ਉਨ੍ਹਾਂ ਦੇ ਦੇਹਾਂਤ ਦੀ ਖ਼ਬਰ ਮਿਲਦੇ ਹੀ ਕਬੱਡੀ ਖੇਡ ਨਾਲ ਜੁੜੇ ਖਿਡਾਰੀਆਂ, ਪ੍ਰਸ਼ੰਸਕਾਂ ਅਤੇ ਇਲਾਕੇ ਦੇ ਲੋਕਾਂ ਵਿੱਚ ਸੋਗ ਦੀ ਲਹਿਰ ਦੌੜ ਗਈ।

ਸੁੱਖਾ ਬੀਹਲੇਵਾਲਾ ਨੇ ਕਬੱਡੀ ਦੇ ਮੈਦਾਨ ਵਿੱਚ ਆਪਣੀ ਖੇਡ ਨਾਲ ਵੱਖਰੀ ਪਛਾਣ ਬਣਾਈ ਸੀ। ਅੰਤਰਰਾਸ਼ਟਰੀ ਪੱਧਰ ’ਤੇ ਕਬੱਡੀ ਖੇਡਣ ਵਾਲੇ ਸੁੱਖਾ ਦੀ ਖੇਡ ਨੂੰ ਦਰਸ਼ਕਾਂ ਵੱਲੋਂ ਕਾਫ਼ੀ ਪਸੰਦ ਕੀਤਾ ਜਾਂਦਾ ਸੀ। ਉਨ੍ਹਾਂ ਨੇ ਆਪਣੇ ਖੇਡ ਕਰੀਅਰ ਦੌਰਾਨ ਕਈ ਮੁਕਾਬਲਿਆਂ ਵਿੱਚ ਹਿੱਸਾ ਲੈ ਕੇ ਪੰਜਾਬ ਅਤੇ ਆਪਣੇ ਇਲਾਕੇ ਦਾ ਨਾਮ ਰੌਸ਼ਨ ਕੀਤਾ।

ਪਰਿਵਾਰ ਲਈ ਸਭ ਤੋਂ ਵੱਡਾ ਦੁੱਖ ਇਹ ਹੈ ਕਿ ਸੁੱਖਾ ਬੀਹਲੇਵਾਲਾ ਆਪਣੇ ਪਿੱਛੇ ਬਿਰਧ ਮਾਂ ਅਤੇ ਦੋ ਛੋਟੇ ਬੱਚੇ ਛੱਡ ਗਏ ਹਨ। ਪਰਿਵਾਰ ਵਿੱਚ ਉਨ੍ਹਾਂ ਦੀ ਮੌਤ ਤੋਂ ਬਾਅਦ ਗਮ ਦਾ ਮਾਹੌਲ ਹੈ। ਬੱਚਿਆਂ ਦੀ ਦੇਖਭਾਲ ਅਤੇ ਪਰਿਵਾਰ ਦੀ ਆਰਥਿਕ ਜ਼ਿੰਮੇਵਾਰੀ ਨੂੰ ਲੈ ਕੇ ਵੀ ਚਿੰਤਾ ਪੈਦਾ ਹੋ ਗਈ ਹੈ।

ਪਰਿਵਾਰ ਨੇ ਸਰਕਾਰ ਅਤੇ ਸਮਾਜ ਸੇਵੀਆਂ ਨੂੰ ਮਦਦ ਲਈ ਅਪੀਲ ਕੀਤੀ ਹੈ। ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਸੁੱਖਾ ਦੇ ਜਾਣ ਨਾਲ ਪਰਿਵਾਰ ਨੂੰ ਵੱਡਾ ਸਹਾਰਾ ਖੁੱਸ ਗਿਆ ਹੈ। ਅਜਿਹੇ ਵਿੱਚ ਸਰਕਾਰ ਅਤੇ ਸਮਾਜ ਦੇ ਸਮਰੱਥ ਲੋਕਾਂ ਨੂੰ ਪਰਿਵਾਰ ਦੀ ਮਦਦ ਲਈ ਅੱਗੇ ਆਉਣਾ ਚਾਹੀਦਾ ਹੈ, ਤਾਂ ਜੋ ਬੱਚਿਆਂ ਅਤੇ ਬਿਰਧ ਮਾਂ ਦੀ ਦੇਖਭਾਲ ਵਿੱਚ ਸਹਾਇਤਾ ਮਿਲ ਸਕੇ।

ਸੁੱਖਾ ਬੀਹਲੇਵਾਲਾ ਦੇ ਦੇਹਾਂਤ ਨਾਲ ਕਬੱਡੀ ਜਗਤ ਨੇ ਇੱਕ ਅਜਿਹਾ ਖਿਡਾਰੀ ਗੁਆ ਦਿੱਤਾ ਹੈ ਜਿਸ ਨੇ ਖੇਡ ਦੇ ਮੈਦਾਨ ਵਿੱਚ ਆਪਣੀ ਮਿਹਨਤ ਅਤੇ ਪ੍ਰਦਰਸ਼ਨ ਨਾਲ ਪਛਾਣ ਬਣਾਈ। ਉਨ੍ਹਾਂ ਦੇ ਸਾਥੀ ਖਿਡਾਰੀਆਂ ਅਤੇ ਕਬੱਡੀ ਪ੍ਰੇਮੀਆਂ ਵੱਲੋਂ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ ਜਾ ਰਿਹਾ ਹੈ।

NO COMMENTS

LEAVE A REPLY

Please enter your comment!
Please enter your name here

Exit mobile version