ਲੁਧਿਆਣਾ : ਪਿੰਡ ਵਿੱਚ ਵਾਲ-ਦਾੜ੍ਹੀ ਕਟਵਾ ਕੇ ਸੈਲੂਨ ਤੋਂ ਬਾਹਰ ਨਿਕਲੇ ਇੱਕ ਨੌਜਵਾਨ ‘ਤੇ ਬਾਈਕ ਸਵਾਰ ਪਿਓ-ਪੁੱਤਰ ਵੱਲੋਂ ਜਾਨੋਂ ਮਾਰਨ ਦੀ ਨੀਅਤ ਨਾਲ ਅੰਨ੍ਹੇਵਾਹ ਗੋਲੀਆਂ ਚਲਾਉਣ ਦਾ ਸਨਸਨੀ ਮਾਮਲਾ ਸਾਹਮਣੇ ਆਇਆ ਹੈ । ਮੁਲਜ਼ਮਾਂ ਨੇ ਨੌਜਵਾਨ ਨੂੰ ਨਿਸ਼ਾਨਾ ਬਣਾਉਂਦੇ ਹੋਏ ਪਿਸਤੌਲ ਵਿੱਚੋਂ ਤਿੰਨ ਗੋਲੀਆਂ ਚਲਾਈਆਂ, ਜਿਨ੍ਹਾਂ ਵਿੱਚੋਂ ਇੱਕ ਗੋਲੀ ਨੌਜਵਾਨ ਦੇ ਖੱਬੇ ਮੋਢੇ ਵਿੱਚ ਲੱਗੀ। ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਦੋਵੇਂ ਹਮਲਾਵਰ ਮੋਟਰਸਾਈਕਲ ‘ਤੇ ਮੌਕੇ ਤੋਂ ਫਰਾਰ ਹੋ ਗਏ। ਗੰਭੀਰ ਜ਼ਖਮੀ ਨੌਜਵਾਨ ਨੂੰ ਤੁਰੰਤ ਇਲਾਜ ਲਈ ਹਸਪਤਾਲ ਪਹੁੰਚਾਇਆ ਗਿਆ, ਜਿੱਥੇ ਪੁਲਿਸ ਨੇ ਪੀੜਤ ਤਲਵਿੰਦਰ ਸਿੰਘ ਦੇ ਬਿਆਨਾਂ ‘ਤੇ ਪਿਓ-ਪੁੱਤ ਪ੍ਰਧਾਨ ਸਿੰਘ ਅਤੇ ਪਵਨ ਖ਼ਿਲਾਫ਼ ਕਤਲ ਦੀ ਕੋਸ਼ਿਸ਼ ਦਾ ਮਾਮਲਾ ਦਰਜ ਕਰ ਲਿਆ ਹੈ।
ਪੁਲਿਸ ਨੂੰ ਦਿੱਤੇ ਆਪਣੇ ਬਿਆਨਾਂ ‘ਚ ਸ਼ਿਕਾਇਤਕਰਤਾ ਨੇ ਦੱਸਿਆ ਕਿ 19 ਅਗਸਤ 2026 ਨੂੰ ਉਹ ਆਪਣੇ ਹੀ ਪਿੰਡ ‘ਚ ਸਥਿਤ ‘ਕਾਕੂ ਹੇਅਰ ਡ੍ਰੈਸਰ’ ਦੀ ਦੁਕਾਨ ‘ਤੇ ਆਪਣੇ ਵਾਲ ਅਤੇ ਦਾੜ੍ਹੀ ਕਟਵਾਉਣ ਗਿਆ ਸੀ। ਜਿਵੇਂ ਹੀ ਉਹ ਕੰਮ ਨਿਪਟਾ ਕੇ ਦੁਕਾਨ ਤੋਂ ਬਾਹਰ ਨਿਕਲਿਆ ਤਾਂ ਮੁਲਜ਼ਮ ਪਵਨਦੀਪ ਸਿੰਘ ਉਰਫ਼ ਪਵਨ ਅਤੇ ਉਸ ਦਾ ਪਿਤਾ ਪ੍ਰਧਾਨ ਸਿੰਘ ਆਪਣੇ ਬਜਾਜ ਸੀਟੀ-100 ਕਾਲੇ ਨੀਲੇ ਰੰਗ ਦੇ ਮੋਟਰਸਾਈਕਲ ’ਤੇ ਸਵਾਰ ਹੋ ਕੇ ਮੌਕੇ ’ਤੇ ਆ ਗਏ।
ਬਿਨਾਂ ਕੁਝ ਕਹੇ ਮੁਲਜ਼ਮਾਂ ਨੇ ਜਾਨੋਂ ਮਾਰਨ ਦੀ ਨੀਅਤ ਨਾਲ ਪਿਸਤੌਲ ਕੱਢ ਕੇ ਸ਼ਿਕਾਇਤਕਰਤਾ ’ਤੇ ਸਿੱਧੀਆਂ ਤਿੰਨ ਗੋਲੀਆਂ ਚਲਾ ਦਿੱਤੀਆਂ। ਇਸ ਅਚਾਨਕ ਹੋਏ ਹਮਲੇ ‘ਚ ਸ਼ਿਕਾਇਤਕਰਤਾ ਦੇ ਖੱਬੇ ਮੋਢੇ ‘ਚ ਗੋਲੀ ਲੱਗੀ, ਜਿਸ ਕਾਰਨ ਉਹ ਲਹੂ-ਲੁਹਾਨ ਹੋ ਕੇ ਉੱਥੇ ਹੀ ਡਿੱਗ ਗਿਆ। ਗੋਲੀਆਂ ਦੀ ਆਵਾਜ਼ ਸੁਣ ਕੇ ਆਸ-ਪਾਸ ਦੇ ਲੋਕ ਅਤੇ ਦੁਕਾਨਦਾਰ ਮੌਕੇ ਵੱਲ ਭੱਜੇ। ਲੋਕਾਂ ਨੂੰ ਇਕੱਠਾ ਹੁੰਦਾ ਦੇਖ ਕੇ ਮੁਲਜ਼ਮ ਆਪਣੇ ਮੋਟਰਸਾਈਕਲ ‘ਤੇ ਹਥਿਆਰ ਲਹਿਰਾਉਂਦੇ ਹੋਏ ਮੌਕੇ ਤੋਂ ਫਰਾਰ ਹੋ ਗਏ ।
ਘਟਨਾ ਦੇ ਤੁਰੰਤ ਬਾਅਦ ਮੌਕੇ ‘ਤੇ ਮੌਜੂਦ ਲੋਕਾਂ ਅਤੇ ਪਰਿਵਾਰਕ ਮੈਂਬਰਾਂ ਨੇ ਜ਼ਖਮੀ ਨੂੰ ਤੁਰੰਤ ਨਜ਼ਦੀਕੀ ਹਸਪਤਾਲ ‘ਚ ਦਾਖਲ ਕਰਵਾਇਆ, ਜਿੱਥੇ ਉਸਦਾ ਇਲਾਜ ਚੱਲ ਰਿਹਾ ਹੈ। ਘਟਨਾ ਦੀ ਸੂਚਨਾ ਮਿਲਣ ‘ਤੇ ਥਾਣਾ ਸਾਹਨੇਵਾਲ ਦੀ ਪੁਲਿਸ ਨੇ ਹਸਪਤਾਲ ਪਹੁੰਚ ਕੇ ਪੀੜਤ ਦੇ ਬਿਆਨ ਦਰਜ ਕੀਤੇ। ਪੁਲਿਸ ਨੇ ਮੁਲਜ਼ਮ ਪਵਨਦੀਪ ਸਿੰਘ ਉਰਫ਼ ਪਵਨ ਅਤੇ ਉਸ ਦੇ ਪਿਤਾ ਪ੍ਰਧਾਨ ਸਿੰਘ ਖ਼ਿਲਾਫ਼ ਕਤਲ ਦੀ ਕੋਸ਼ਿਸ਼ ਅਤੇ ਅਸਲਾ ਐਕਟ ਤਹਿਤ ਕੇਸ ਦਰਜ ਕਰ ਲਿਆ ਹੈ। ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਲਈ ਸੰਭਾਵੀ ਟਿਕਾਣਿਆਂ ’ਤੇ ਛਾਪੇ ਮਾਰੇ ਜਾ ਰਹੇ ਹਨ ਅਤੇ ਜਲਦੀ ਹੀ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ।











