ਨਵੀਂ ਦਿੱਲੀ : ਹਵਾਈ ਸਫਰ ਦੌਰਾਨ ਅਚਾਨਕ ਪਲਾਨ ਬਿਗੜ ਜਾਣਾ ਕਿਸੇ ਲਈ ਵੀ ਸਿਰ ਦਰਦ ਬਣ ਸਕਦਾ ਹੈ। ਖਾਸ ਕਰਕੇ ਜਦੋਂ ਹਜਾਰਾਂ ਲੋਕ ਘੰਟੇ ਏਅਰਪੋਰਟ ‘ਤੇ ਫਸੇ ਰਹਿ ਜਾਣ। ਦਸੰਬਰ ਦੀ ਸ਼ੁਰੂਆਤ ਵਿੱਚ ਕੁਝ ਇਸੇ ਤਰ੍ਹਾਂ ਹੋਇਆ ਸੀ, ਜਦੋਂ IndiGo ਦੀਆਂ ਕਈ ਉਡਾਣਾਂ ਰੱਦ ਅਤੇ ਦੇਰੀ ਹੋਣ ਕਾਰਨ ਯਾਤਰੀਆਂ ਦੀਆਂ ਮੁਸ਼ਕਲਾਂ ਵੱਧ ਗਈਆਂ ਸਨ। ਹੁਣ ਏਅਰਲਾਈਨ ਨੇ ਇਸ ਪਰੇਸ਼ਾਨੀ ਦਾ ਵੱਡਾ ਹੱਲ ਪੇਸ਼ ਕੀਤਾ ਹੈ।
IndiGo ਨੇ ਐਲਾਨ ਕੀਤਾ ਹੈ ਕਿ 3 ਤੋਂ 5 ਦਸੰਬਰ ਦੇ ਵਿਚਕਾਰ ਓਪਰੇਸ਼ਨਲ ਦਿੱਕਤਾਂ ਕਰਕੇ ਏਅਰਪੋਰਟ ‘ਤੇ ਲੰਬੀ ਦੇਰ ਤੱਕ ਫਸੇ ਯਾਤਰੀਆਂ ਨੂੰ 10,000 ਰੁਪਏ ਤੱਕ ਦੇ ਟਰੈਵਲ ਵਾਊਚਰ ਦਿੱਤੇ ਜਾਣਗੇ। ਇਹ ਵਾਊਚਰ ਅਗਲੇ 12 ਮਹੀਨਿਆਂ ਤੱਕ ਕਿਸੇ ਵੀ IndiGo ਦੀ ਉਡਾਣ ਵਿੱਚ ਇਸਤੇਮਾਲ ਕੀਤੇ ਜਾ ਸਕਣਗੇ। ਇਹ ਕਦਮ ਉਨ੍ਹਾਂ ਯਾਤਰੀਆਂ ਲਈ ਵੱਡਾ ਰਾਹਤ ਪੈਕੇਜ ਸਾਬਤ ਹੋਵੇਗਾ ਜੋ ਘੰਟਿਆਂ ਕਾਊਂਟਰ ‘ਤੇ ਫਸੇ ਰਹੇ ਸਨ ਅਤੇ ਜਿਨ੍ਹਾਂ ਦੀਆਂ ਯੋਜਨਾਵਾਂ ਪੂਰੀ ਤਰ੍ਹਾਂ ਖਰਾਬ ਹੋ ਗਿਆ ਸਨ।
ਏਅਰਲਾਈਨ ਦਾ ਬਿਆਨ
ਏਅਰਲਾਈਨ ਨੇ ਆਪਣੇ ਬਿਆਨ ਵਿੱਚ ਕਿਹਾ ਕਿ ਉਹਦਾ ਸਭ ਤੋਂ ਵੱਡਾ ਫੋਕਸ ਹਮੇਸ਼ਾ ਯਾਤਰੀਆਂ ਦੀ ਸਹੂਲਤ ਅਤੇ ਦੇਖਭਾਲ ‘ਤੇ ਰਹਿੰਦਾ ਹੈ। IndiGo ਨੇ ਦੱਸਿਆ ਕਿ ਰੱਦ ਹੋਈਆਂ ਫਲਾਈਟਾਂ ਦੇ ਸਾਰੇ ਰਿਫੰਡ ਪ੍ਰੋਸੈਸ ਕਰ ਦਿੱਤੇ ਗਏ ਹਨ ਅਤੇ ਜ਼ਿਆਦਾਤਰ ਗਾਹਕਾਂ ਦੇ ਖਾਤੇ ਵਿੱਚ ਰਾਸ਼ੀ ਵੀ ਪਹੁੰਚ ਚੁੱਕੀ ਹੈ। ਜਿਨ੍ਹਾਂ ਦਾ ਟਿਕਟ ਟਰੈਵਲ ਏਜੰਸੀ ਜਾਂ ਹੋਰ ਪਲੇਟਫਾਰਮ ਤੋਂ ਬੁੱਕ ਸੀ, ਉਨ੍ਹਾਂ ਦੇ ਮਾਮਲੇ ਵੀ ਤੇਜ਼ੀ ਨਾਲ ਨਿਪਟਾਏ ਜਾ ਰਹੇ ਹਨ। ਕੰਪਨੀ ਨੇ ਅਜਿਹੇ ਯਾਤਰੀਆਂ ਨੂੰ ਆਪਣੇ ਵੇਰਵੇ customer.experience@goindigo.in ‘ਤੇ ਭੇਜਣ ਦੀ ਅਪੀਲ ਕੀਤੀ ਹੈ, ਤਾਂ ਜੋ ਉਨ੍ਹਾਂ ਨੂੰ ਤੁਰੰਤ ਮਦਦ ਮਿਲ ਸਕੇ।
4 ਅਤੇ 5 ਦਸੰਬਰ ਨੂੰ ਹੋਰ ਜ਼ਿਆਦਾ ਸਮੱਸਿਆਵਾਂ
ਏਅਰਲਾਈਨ ਨੇ ਸਵੀਕਾਰ ਕੀਤਾ ਕਿ 3, 4 ਅਤੇ 5 ਦਸੰਬਰ ਨੂੰ ਬਹੁਤ ਸਾਰੇ ਯਾਤਰੀਆਂ ਨੂੰ ਕਾਫ਼ੀ ਅਸੁਵਿਧਾ ਦਾ ਸਾਹਮਣਾ ਕਰਨਾ ਪਿਆ। ਹਵਾਈ ਅੱਡੇ ‘ਤੇ ਬਹੁਤ ਭੀੜ ਸੀ, ਅਤੇ ਲੋਕ ਕਈ ਘੰਟਿਆਂ ਤੱਕ ਫਸੇ ਰਹੇ। IndiGo ਨੇ ਆਖਿਆ ਕਿ ਐਵੇਂ ਦੇ ਵੱਧ ਪ੍ਰਭਾਵਿਤ (severely impacted) ਯਾਤਰੀਆਂ ਨੂੰ 10,000 ਰੁਪਏ ਦੇ ਟ੍ਰੈਵਲ ਵਾਊਚਰ ਦਿੱਤੇ ਜਾਣਗੇ। ਸਭ ਤੋਂ ਅਹਿਮ ਗੱਲ ਇਹ ਹੈ ਕਿ ਇਹ ਵਾਊਚਰ ਸਰਕਾਰ ਵੱਲੋਂ ਤੈਅ ਮੁਆਵਜ਼ੇ ਤੋਂ ਵੱਖਰਾ ਹੈ। ਨਿਯਮਾਂ ਮੁਤਾਬਕ, ਜੇਕਰ ਫਲਾਈਟ ਉਡਾਣ ਤੋਂ 24 ਘੰਟੇ ਪਹਿਲਾਂ ਰੱਦ ਹੋ ਜਾਂਦੀ ਹੈ, ਤਾਂ ਯਾਤਰੀ ਨੂੰ 5,000 ਤੋਂ 10,000 ਰੁਪਏ ਤੱਕ ਦਾ ਮੁਆਵਜ਼ਾ ਮਿਲੇਗਾ। ਇਸਦਾ ਮਤਲਬ ਹੈ ਕਿ ਕਈ ਯਾਤਰੀਆਂ ਨੂੰ ਡਬਲ ਫਾਇਦਾ ਮਿਲੇਗਾ।
ਇੰਡੀਗੋ ਨੇ ਕਿਹਾ ਕਿ ਉਹ ਯਾਤਰੀਆਂ ਨੂੰ ਸੁਰੱਖਿਅਤ, ਨਿਰਵਿਘਨ ਅਤੇ ਭਰੋਸੇਮੰਦ ਅਨੁਭਵ ਪ੍ਰਦਾਨ ਕਰਨ ਲਈ ਪੂਰੀ ਤਰ੍ਹਾਂ ਵਚਨਬੱਧ ਹੈ ਅਤੇ ਇਹ ਯਕੀਨੀ ਬਣਾਉਣ ਲਈ ਸਾਰੇ ਜ਼ਰੂਰੀ ਕਦਮ ਚੁੱਕੇ ਜਾ ਰਹੇ ਹਨ ਕਿ ਅਜਿਹੀ ਸਥਿਤੀ ਦੁਬਾਰਾ ਨਾ ਵਾਪਰੇ।











