ਨਵੀਂ ਦਿੱਲੀ : ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਭੂਟਾਨ ਦੇ ਦੌਰੇ ‘ਤੇ ਆਉਣ ਵਾਲੇ ਹਨ। ਦੇਸ਼ ਦੇ ਵਿਦੇਸ਼ ਮੰਤਰਾਲੇ ਨੇ ਇਸ ਦੀ ਅਧਿਕਾਰਤ ਤੌਰ ‘ਤੇ ਜਾਣਕਾਰੀ ਦਿੱਤੀ ਹੈ। ਪ੍ਰਧਾਨ ਮੰਤਰੀ ਮੋਦੀ ਦਾ ਭੂਟਾਨ ਦੌਰਾ ਇੱਕ ਸਰਕਾਰੀ ਦੌਰਾ ਹੋਵੇਗਾ ਅਤੇ 11 ਤੋਂ 12 ਨਵੰਬਰ ਤੱਕ ਦੋ ਦਿਨਾਂ ਲਈ ਹੋਵੇਗਾ। ਪ੍ਰਧਾਨ ਮੰਤਰੀ ਮੋਦੀ ਆਪਣੇ ਕਾਰਜਕਾਲ ਦੌਰਾਨ ਇਸ ਤੋਂ ਪਹਿਲਾਂ ਤਿੰਨ ਵਾਰ ਭੂਟਾਨ ਦਾ ਦੌਰਾ ਕਰ ਚੁੱਕੇ ਹਨ। ਪ੍ਰਧਾਨ ਮੰਤਰੀ ਮੋਦੀ, ਭੂਟਾਨ ਨਰੇਸ਼ ਜਿਗਮੇ ਖੇਸਰ ਨਾਮਗਿਆਲ ਵਾਂਗਚੁਕ ਦੇ ਸੱਦੇ ‘ਤੇ ਭੂਟਾਨ ਜਾ ਰਹੇ ਹਨ।
ਦੋਵਾਂ ਦੇਸ਼ਾਂ ਵਿਚਕਾਰ ਸਬੰਧ ਹੋਣਗੇ ਮਜ਼ਬੂਤ
ਪ੍ਰਧਾਨ ਮੰਤਰੀ ਮੋਦੀ ਦੇ ਇਸ ਦੌਰੇ ਦੌਰਾਨ ਭਾਰਤ ਅਤੇ ਭੂਟਾਨ ਦੇ ਰਿਸ਼ਤੇ ਹੋਰ ਮਜ਼ਬੂਤ ਹੋਣਗੇ, ਜੋ ਇਸ ਸਰਕਾਰੀ ਦੌਰੇ ਦਾ ਮੁੱਖ ਮੰਤਵ ਹੈ। ਪੀਐਮ ਮੋਦੀ ਦਾ ਇਹ ਦੌਰਾ ਭਾਰਤ ਅਤੇ ਭੂਟਾਨ ਦੇ ਦੋ-ਪੱਖੀ ਉੱਚ-ਪੱਧਰੀ ਆਦਾਨ-ਪ੍ਰਦਾਨ ਦੀ ਪਰੰਪਰਾ ਦੇ ਅਨੁਸਾਰ ਹੈ। ਧਿਆਨਯੋਗ ਹੈ ਕਿ ਇਸੇ ਸਾਲ ਦੀ ਸ਼ੁਰੂਆਤ ਵਿੱਚ ਭੂਟਾਨ ਦੇ ਰਾਜੇ, ਭਾਰਤ ਆਏ ਸਨ।
1020 ਮੈਗਾਵਾਟ ਪਣਬਿਜਲੀ ਪ੍ਰੋਜੈਕਟ ਦਾ ਕਰਨਗੇਂ ਉਦਘਾਟਨ
ਪ੍ਰਧਾਨ ਮੰਤਰੀ ਮੋਦੀ, ਭੂਟਾਨ ਦੌਰੇ ਦੌਰਾਨ ਭੂਟਾਨ ਦੇ ਰਾਜੇ ਨਾਲ ਮੁਲਾਕਾਤ ਕਰਨਗੇ। ਦੋਵੇਂ ਮਿਲ ਕੇ ਭਾਰਤ ਸਰਕਾਰ ਅਤੇ ਭੂਟਾਨ ਸਰਕਾਰ ਦੁਆਰਾ ਸਾਂਝੇ ਤੌਰ ‘ਤੇ ਵਿਕਸਤ 1020 ਮੈਗਾਵਾਟ ਦੀ ਪੁਨਤਸਾਂਗਚੂ-II ਜਲ-ਬਿਜਲੀ ਪ੍ਰੋਜੈਕਟ ਦਾ ਉਦਘਾਟਨ ਕਰਨਗੇ। ਇਸ ਦੇ ਨਾਲ ਹੀ ਪ੍ਰਧਾਨ ਮੰਤਰੀ ਮੋਦੀ, ਚੌਥੇ ਭੂਟਾਨ ਦੇ ਰਾਜੇ ਜਿਗਮੇ ਸਿੰਘਯੇ ਵਾਂਗਚੁਕ ਦੀ 70ਵੀਂ ਜਯੰਤੀ ਦੇ ਮੌਕੇ ‘ਤੇ ਆਯੋਜਿਤ ਸਮਾਰੋਹ ਵਿੱਚ ਵੀ ਹਿੱਸਾ ਲੈਣਗੇ।
ਭੂਟਾਨ ਦੇ ਪ੍ਰਧਾਨ ਮੰਤਰੀ ਨਾਲ ਹੋਵੇਗੀ ਮੁਲਾਕਾਤ
ਪੀ.ਐਮ. ਮੋਦੀ ਦੇ ਇਸ ਦੌਰੇ ਦੇ ਦੌਰਾਨ ਭੂਟਾਨ ਦੇ ਪੀ.ਐਮ. ਸ਼ੇਰਿੰਗ ਤੋਬਗੇ ਨਾਲ ਵੀ ਮੁਲਾਕਾਤ ਹੋਵੇਗੀ। ਇਸ ਦੌਰਾਨ ਦੋਵੇਂ ਭਾਰਤ ਅਤੇ ਭੂਟਾਨ ਦੇ ਦੁਵੱਲੇ ਸਬੰਧਾਂ ਨੂੰ ਹੋਰ ਮਜ਼ਬੂਤ ਕਰਨ ‘ਤੇ ਚਰਚਾ ਕਰਨਗੇ।
ਭਗਵਾਨ ਬੁੱਧ ਦੀ ਪੂਜਾ ਵੀ ਕਰਨਗੇ ਪ੍ਰਧਾਨ ਮੰਤਰੀ ਮੋਦੀ
ਜ਼ਿਕਰਯੋਗ ਹੈ ਕਿ ਪੀਐਮ ਮੋਦੀ ਦਾ ਇਹ ਦੌਰਾ ਭਗਵਾਨ ਬੁੱਧ ਦੇ ਪਵਿੱਤਰ ਪਿਪਰਾਹਵਾ ਅਵਸ਼ੇਸ਼ਾਂ, ਜਿਨ੍ਹਾਂ ਨੂੰ ਭਾਰਤ ਤੋਂ ਭੂਟਾਨ ਭੇਜਿਆ ਗਿਆ ਹੈ, ਦੀ ਪ੍ਰਦਰਸ਼ਨੀ ਦੇ ਮੌਕੇ ‘ਤੇ ਹੋ ਰਿਹਾ ਹੈ। ਇਸ ਤਰ੍ਹਾਂ ਪੀਐਮ ਮੋਦੀ ਥਿੰਪੂ ਦੇ ਤਾਸ਼ੀਛੋਜ਼ੋਂਗ ਵਿੱਚ ਭਗਵਾਨ ਬੁੱਧ ਦੇ ਪਵਿੱਤਰ ਅਵਸ਼ੇਸ਼ਾਂ ਦੀ ਪੂਜਾ-ਅਰਚਨਾ ਕਰਨਗੇ ਅਤੇ ਭੂਟਾਨ ਦੀ ਸਰਕਾਰ ਵੱਲੋਂ ਆਯੋਜਿਤ ਵਿਸ਼ਵ ਸ਼ਾਂਤੀ ਪ੍ਰਾਰਥਨਾ ਮਹੋਤਸਵ ਵਿੱਚ ਵੀ ਹਿੱਸਾ ਲੈਣਗੇ।
ਦੋਵਾਂ ਦੇਸ਼ਾਂ ਦੇ ਵਿਚਕਾਰ ਹੈ ਇੱਕ ਵਿਸ਼ੇਸ਼ ਪਾਰਟਨਰਸ਼ਿਪ
ਭਾਰਤ ਅਤੇ ਭੂਟਾਨ ਦੇ ਵਿਚਕਾਰ ਇੱਕ ਖ਼ਾਸ ਸਾਂਝ ਹੈ ਜੋ ਇੱਕ-ਦੂਜੇ ਪ੍ਰਤੀ ਡੂੰਘੇ ਆਪਸੀ ਵਿਸ਼ਵਾਸ, ਸਦਭਾਵਨਾ ਅਤੇ ਸਤਿਕਾਰ ਉੱਤੇ ਆਧਾਰਿਤ ਹੈ। ਸਾਂਝੀ ਰੂਹਾਨੀ ਵਿਰਾਸਤ ਅਤੇ ਲੋਕਾਂ ਦੇ ਵਿਚਕਾਰ ਮਿੱਠੇ ਸੰਬੰਧ ਇਸ ਖ਼ਾਸ ਸਾਂਝ ਦੀ ਪਛਾਣ ਹਨ। ਪ੍ਰਧਾਨ ਮੰਤਰੀ ਮੋਦੀ ਦਾ ਇਹ ਦੌਰਾ ਦੋਵਾਂ ਦੇਸ਼ਾਂ ਲਈ ਦੁਵੱਲੇ ਭਾਈਵਾਲੀ ਨੂੰ ਹੋਰ ਵਧਾਉਣ ਦੇ ਨਾਲ-ਨਾਲ ਮਜ਼ਬੂਤ ਕਰਨ ਦੇ ਤਰੀਕਿਆਂ ‘ਤੇ ਵਿਚਾਰ-ਵਟਾਂਦਰਾ ਕਰਨ ਅਤੇ ਆਪਸੀ ਹਿੱਤ ਦੇ ਖੇਤਰੀ ਅਤੇ ਵਿਆਪਕ ਮੁੱਦਿਆਂ ‘ਤੇ ਵਿਚਾਰਾਂ ਦਾ ਆਦਾਨ-ਪ੍ਰਦਾਨ ਕਰਨ ਦਾ ਮੌਕਾ ਹੈ।











