ਭਾਰਤੀ ਜੂਨੀਅਰ ਹਾਕੀ ਲਈ ਮਾਣ ਵਾਲੀ ਖ਼ਬਰ ਸਾਹਮਣੇ ਆਈ ਹੈ। ਭਾਰਤ ਦੀਆਂ ਜੂਨੀਅਰ ਪੁਰਸ਼ ਅਤੇ ਮਹਿਲਾ ਦੋਵਾਂ ਟੀਮਾਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਜੂਨੀਅਰ ਏਸ਼ੀਆ ਕੱਪ ਦਾ ਖਿਤਾਬ ਆਪਣੇ ਨਾਮ ਕਰ ਲਿਆ ਹੈ। ਇਸ ਦੇ ਨਾਲ ਹੀ ਦੋਵਾਂ ਟੀਮਾਂ ਨੇ ਆਗਾਮੀ ਵਰਲਡ ਕੱਪ ਲਈ ਵੀ ਕੁਆਲੀਫਾਈ ਕਰ ਲਿਆ ਹੈ।
ਫਾਈਨਲ ਮੁਕਾਬਲੇ ਵਿੱਚ ਭਾਰਤੀ ਜੂਨੀਅਰ ਮਹਿਲਾ ਟੀਮ ਨੇ ਚੀਨ ਨੂੰ 1-0 ਨਾਲ ਮਾਤ ਦੇ ਕੇ ਖਿਤਾਬ ’ਤੇ ਕਬਜ਼ਾ ਕੀਤਾ। ਟੀਮ ਨੇ ਪੂਰੇ ਟੂਰਨਾਮੈਂਟ ਦੌਰਾਨ ਦਮਦਾਰ ਖੇਡ ਦਿਖਾਈ ਅਤੇ ਅਹਿਮ ਮੁਕਾਬਲੇ ਵਿੱਚ ਆਪਣਾ ਜਜ਼ਬਾ ਕਾਇਮ ਰੱਖਦਿਆਂ ਚੈਂਪੀਅਨ ਬਣਨ ਦਾ ਮਾਣ ਹਾਸਲ ਕੀਤਾ।
ਉੱਥੇ ਹੀ ਜੂਨੀਅਰ ਪੁਰਸ਼ ਟੀਮ ਨੇ ਫਾਈਨਲ ਵਿੱਚ ਦੱਖਣੀ ਕੋਰੀਆ ਨੂੰ 4-1 ਨਾਲ ਹਰਾ ਕੇ ਸ਼ਾਨਦਾਰ ਜਿੱਤ ਦਰਜ ਕੀਤੀ। ਇਸ ਜਿੱਤ ਨਾਲ ਭਾਰਤੀ ਪੁਰਸ਼ ਟੀਮ ਨੇ ਲਗਾਤਾਰ ਚੌਥੀ ਵਾਰ ਜੂਨੀਅਰ ਏਸ਼ੀਆ ਕੱਪ ਦੀ ਟਰਾਫੀ ਆਪਣੇ ਨਾਮ ਕੀਤੀ।
ਭਾਰਤ ਦੀਆਂ ਦੋਵਾਂ ਜੂਨੀਅਰ ਟੀਮਾਂ ਦੀ ਇਸ ਕਾਮਯਾਬੀ ਨਾਲ ਦੇਸ਼ ਦੇ ਖੇਡ ਪ੍ਰੇਮੀਆਂ ਵਿੱਚ ਖੁਸ਼ੀ ਦੀ ਲਹਿਰ ਹੈ। ਖਿਡਾਰੀਆਂ ਦੀ ਮਿਹਨਤ, ਜਜ਼ਬੇ ਅਤੇ ਕੋਚਿੰਗ ਸਟਾਫ਼ ਦੀ ਭੂਮਿਕਾ ਦੀ ਹਰ ਪਾਸੇ ਸ਼ਲਾਘਾ ਕੀਤੀ ਜਾ ਰਹੀ ਹੈ।
ਇਸ ਮੌਕੇ ’ਤੇ ਟੀਮ ਦੇ ਸਾਰੇ ਹੋਣਹਾਰ ਖਿਡਾਰੀਆਂ ਅਤੇ ਕੋਚਾਂ ਨੂੰ ਵਧਾਈ ਦਿੱਤੀ ਗਈ ਹੈ। ਨਾਲ ਹੀ ਖੇਡਾਂ ਦੇ ਖੇਤਰ ਵਿੱਚ ਦੇਸ਼ ਅਤੇ ਪੰਜਾਬ ਦਾ ਨਾਮ ਹੋਰ ਉੱਚਾ ਚੁੱਕਣ ਲਈ ਵਚਨਬੱਧਤਾ ਦਾ ਪ੍ਰਗਟਾਵਾ ਕੀਤਾ ਗਿਆ ਹੈ।
ਇਹ ਜਿੱਤ ਭਾਰਤੀ ਹਾਕੀ ਦੇ ਸੁਨਹਿਰੇ ਭਵਿੱਖ ਦੀ ਇੱਕ ਹੋਰ ਮਜ਼ਬੂਤ ਝਲਕ ਮੰਨੀ ਜਾ ਰਹੀ ਹੈ।
