ਨਵੀਂ ਦਿੱਲੀ : ਭਾਰਤੀ ਵਿਦੇਸ਼ ਮੰਤਰੀ ਡਾ. ਐਸ. ਜੈਸ਼ੰਕਰ ਅਗਲੇ ਹਫ਼ਤੇ ਕੈਨੇਡਾ ਦੀ ਯਾਤਰਾ ’ਤੇ ਜਾਣਗੇ । ਇਹ ਯਾਤਰਾ ਦੋਵਾਂ ਦੇਸ਼ਾਂ ਦੇ ਵਿਚਕਾਰ ਸਬੰਧਾਂ ਵਿੱਚ ਆਏ ਹਾਲੀਆ ਸੁਧਾਰ ਨੂੰ ਮਜਬੂਤ ਕਰਨ ਦੀ ਦਿਸ਼ਾ ਵਿੱਚ ਇੱਕ ਮਹੱਤਵਪੂਰਨ ਕਦਮ ਮੰਨੀ ਜਾ ਰਹੀ ਹੈ। ਜੈਸ਼ੰਕਰ 11-12 ਨਵੰਬਰ ਨੂੰ ਓਂਟਾਰੀਓ ਦੇ ਨਿਆਗਰਾ ਖੇਤਰ ਵਿੱਚ ਹੋਣ ਵਾਲੀ ਜੀ7 ਵਿਦੇਸ਼ ਮੰਤਰੀਆਂ ਦੀ ਬੈਠਕ ਵਿੱਚ ਭਾਗ ਲੈਣਗੇ। ਕੈਨੇਡਾ ਇਸ ਸਾਲ ਦੂਜੀ ਵਾਰ ਜੀ7 ਦੀ ਮੇਜਬਾਨੀ ਕਰ ਰਿਹਾ ਹੈ, ਕਿਉਂਕਿ ਉਹ ਇਸ ਸਮੇਂ ਸਮੂਹ ਦੀ ਪ੍ਰਧਾਨਗੀ ਇਸ ਕੋਲ ਹੈ।
ਕੈਨੇਡਾ ਵੱਲੋਂ ਜਾਰੀ ਬਿਆਨ ਵਿੱਚ ਕਿਹਾ ਗਿਆ ਹੈ ਕਿ ਇਹ ਮੀਟਿੰਗ ਜੀ7 ਮੰਤਰੀਆਂ ਨੂੰ ਵਿਸ਼ਵ ਚੁਣੌਤੀਆਂ ‘ਤੇ ਚਰਚਾ ਕਰਨ ਅਤੇ ਅੰਤਰਰਾਸ਼ਟਰੀ ਸਹਿਯੋਗ ਨੂੰ ਮਜ਼ਬੂਤ ਕਰਨ ਦਾ ਮੌਕਾ ਦੇਵੇਗੀ। ਇਸ ਵਿੱਚ ਸੁਰੱਖਿਆ, ਖੁਸ਼ਹਾਲੀ ਅਤੇ ਆਰਥਿਕ ਲਚਕੀਲੇਪਣ ਵਰਗੇ ਅਹਿਮ ਮੁੱਦਿਆਂ ‘ਤੇ ਵਿਚਾਰ-ਵਟਾਂਦਰਾ ਹੋਵੇਗਾ। ਭਾਰਤ, ਹਾਲਾਂਕਿ ਜੀ7 ਦਾ ਮੈਂਬਰ ਨਹੀਂ ਹੈ, ਪਰ 2019 ਵਿੱਚ ਫਰਾਂਸ ਦੁਆਰਾ ਦੁਬਾਰਾ ਸ਼ੁਰੂ ਕੀਤੀ ਗਈ ਪਰੰਪਰਾ ਤੋਂ ਬਾਅਦ ਤੋਂ ਲਗਾਤਾਰ ਇਨ੍ਹਾਂ ਬੈਠਕਾਂ ਵਿੱਚ ਸੱਦੇ ਗਏ ਦੇਸ਼ ਦੇ ਰੂਪ ਵਿੱਚ ਭਾਗ ਲੈਂਦਾ ਆ ਰਿਹਾ ਹੈ।
ਸਬੰਧਾਂ ਨੂੰ ਸੁਧਾਰ ਵੱਲ ਇੱਕ ਹੋਰ ਕਦਮ
ਜੈਸ਼ੰਕਰ ਦਾ ਇਹ ਦੌਰਾ ਅਜਿਹੇ ਸਮੇਂ ਹੋ ਰਿਹਾ ਹੈ ਜਦੋਂ ਦੋਵਾਂ ਦੇਸ਼ਾਂ ਵਿਚਾਲੇ ਰਿਸ਼ਤਿਆਂ ਵਿੱਚ ਪਿਛਲੇ ਕੁਝ ਮਹੀਨਿਆਂ ਵਿੱਚ ਵਧੀਆ ਸੁਧਾਰ ਦੇਖਿਆ ਗਿਆ ਹੈ। ਪਿਛਲੇ ਮਹੀਨੇ ਕੈਨੇਡਾ ਦੀ ਵਿਦੇਸ਼ ਮੰਤਰੀ ਅਨੀਤਾ ਆਨੰਦ ਨੇ ਨਵੀਂ ਦਿੱਲੀ ਦਾ ਦੌਰਾ ਕੀਤਾ ਸੀ। ਇਹ ਪਿਛਲੇ ਦੋ ਸਾਲਾਂ ਵਿੱਚ ਕਿਸੇ ਕੈਨੇਡੀਅਨ ਕੈਬਨਿਟ ਮੰਤਰੀ ਦੀ ਪਹਿਲਾ ਦੌਰਾ ਸੀ।
ਆਪਣੀ ਯਾਤਰਾ ਦੌਰਾਨ ਆਨੰਦ ਨੇ ਡਾ. ਜੈਸ਼ੰਕਰ ਅਤੇ ਵਣਜ ਤੇ ਉਦਯੋਗ ਮੰਤਰੀ ਪੀਯੂਸ਼ ਗੋਇਲ ਨਾਲ ਵਿਸਤ੍ਰਿਤ ਵਾਰਤਾਲਾਪ ਕੀਤਾ ਸੀ। ਉਨ੍ਹਾਂ ਨੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨਾਲ ਵੀ ਮੁਲਾਕਾਤ ਕੀਤੀ ਸੀ, ਜੋ ਕਿਸੇ ਵਿਦੇਸ਼ੀ ਮੰਤਰੀ ਲਈ ਦੁਰਲੱਭ ਮੌਕਾ ਮੰਨਿਆ ਜਾਂਦਾ ਹੈ। ਇਸ ਮੁਲਾਕਾਤ ਤੋਂ ਬਾਅਦ ਦੋਵਾਂ ਦੇਸ਼ਾਂ ਨੇ ਊਰਜਾ ਸੰਵਾਦ ਨੂੰ ਫਿਰ ਤੋਂ ਸ਼ੁਰੂ ਕਰਨ ਅਤੇ ਸੰਯੁਕਤ ਵਿਗਿਆਨ ਤੇ ਤਕਨਾਲੋਜੀ ਸਹਿਯੋਗ ਕਮੇਟੀ ਦੇ ਪੁਨਰਗਠਨ ਦਾ ਐਲਾਨ ਕੀਤਾ।
ਤਣਾਅ ਤੋਂ ਭਾਈਵਾਲੀ ਵੱਲ
ਭਾਰਤ-ਕੈਨੇਡਾ ਸਬੰਧ 2023-24 ਵਿੱਚ ਸਭ ਤੋਂ ਹੇਠਲੇ ਪੱਧਰ ‘ਤੇ ਪਹੁੰਚ ਗਏ ਸਨ ਜਦੋਂ ਉਸ ਵੇਲੇ ਦੇ ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਇਲਜ਼ਾਮ ਲਾਇਆ ਸੀ ਕਿ ਭਾਰਤ ਦੇ ਏਜੰਟਾਂ ਦਾ ਸਬੰਧ ਖਾਲਿਸਤਾਨ ਸਮਰਥਕ ਅਤੇ ਭਾਰਤ ਦੁਆਰਾ ਐਲਾਨੇ ਗਏ ਅੱਤਵਾਦੀ ਹਰਦੀਪ ਸਿੰਘ ਨਿੱਝਰ ਦੇ ਕਤਲ ਨਾਲ ਹੈ। ਨਵੀਂ ਦਿੱਲੀ ਨੇ ਇਨ੍ਹਾਂ ਇਲਜ਼ਾਮਾਂ ਨੂੰ ਬੇਤੁਕਾ ਕਰਾਰ ਦਿੰਦੇ ਹੋਏ ਸਖ਼ਤ ਪ੍ਰਤੀਕਿਰਿਆ ਦਿੱਤੀ ਸੀ। ਇਸ ਤੋਂ ਬਾਅਦ ਦੋਹਾਂ ਦੇਸ਼ਾਂ ਵਿੱਚ ਤਿੱਖੀ ਬਿਆਨਬਾਜ਼ੀ, ਰਾਜਦੂਤਾਂ ਦੀ ਵਾਪਸੀ ਅਤੇ ਰਿਸ਼ਤਿਆਂ ਵਿੱਚ ਠਹਿਰਾਅ ਵੇਖਣ ਨੂੰ ਮਿਲਿਆ ਸੀ।
ਹਾਲਾਂਕਿ, 2025 ਦੇ ਸ਼ੁਰੂ ਵਿੱਚ ਕੈਨੇਡਾ ਵਿੱਚ ਸੱਤਾ ਬਦਲੀ ਦੇ ਨਾਲ ਹੀ ਮਾਹੌਲ ਬਦਲ ਗਿਆ। ਮਾਰਕ ਕਾਰਨੀ ਨੇ ਪ੍ਰਧਾਨ ਮੰਤਰੀ ਦਾ ਅਹੁਦਾ ਸੰਭਾਲਦਿਆਂ ਹੀ ਚੋਣ ਪ੍ਰਚਾਰ ਵਿੱਚ ਕੀਤੇ ਵਾਅਦੇ ਅਨੁਸਾਰ ਭਾਰਤ ਨਾਲ ਰਿਸ਼ਤੇ ਸੁਧਾਰਨ ‘ਤੇ ਜ਼ੋਰ ਦਿੱਤਾ। 29 ਮਈ ਨੂੰ ਜੈਸ਼ੰਕਰ ਅਤੇ ਅਨੀਤਾ ਆਨੰਦ ਵਿਚਕਾਰ ਹੋਈ ਟੈਲੀਫੋਨ ਗੱਲਬਾਤ ਨੂੰ ਰਿਸ਼ਤੇ ਸੁਧਾਰਨ ਦੀ ਦਿਸ਼ਾ ਵਿੱਚ ਟਰਨਿੰਗ ਪੁਆਇੰਟ ਮੰਨਿਆ ਗਿਆ।











