ਨਵੀਂ ਦਿੱਲੀ: ਭਾਰਤ ਸਰਕਾਰ ਨੇ ਦੇਸ਼ ਵਿੱਚ ਖੇਡਾਂ ਨੂੰ ਹੋਰ ਮਜ਼ਬੂਤ ਕਰਨ ਅਤੇ ਅੰਤਰਰਾਸ਼ਟਰੀ ਪੱਧਰ ’ਤੇ ਭਾਰਤੀ ਖਿਡਾਰੀਆਂ ਦੇ ਪ੍ਰਦਰਸ਼ਨ ਨੂੰ ਬਿਹਤਰ ਬਣਾਉਣ ਲਈ ਵੱਡੀ ਯੋਜਨਾ ਤਿਆਰ ਕੀਤੀ ਹੈ। ਸਰਕਾਰ ਅਗਲੇ ਪੰਜ ਸਾਲਾਂ ਦੌਰਾਨ ਖੇਡਾਂ ’ਤੇ 36,441 ਕਰੋੜ ਰੁਪਏ ਖਰਚ ਕਰੇਗੀ। ਸਪੋਰਟਸ ਅਥਾਰਟੀ ਆਫ਼ ਇੰਡੀਆ (SAI) ਵੱਲੋਂ ਮੰਗਲਵਾਰ ਨੂੰ ਇਸ ਸਬੰਧੀ ਜਾਣਕਾਰੀ ਦਿੱਤੀ ਗਈ।
ਇਹ ਰਕਮ 2026 ਤੋਂ 2031 ਤੱਕ ‘ਖੇਲੋ ਇੰਡੀਆ’ ਯੋਜਨਾ ਤਹਿਤ ਖਰਚ ਕੀਤੀ ਜਾਣੀ ਹੈ। ਸਰਕਾਰ ਦਾ ਉਦੇਸ਼ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿੱਚ ਖੇਡਾਂ ਲਈ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨਾ, ਨੌਜਵਾਨ ਖਿਡਾਰੀਆਂ ਦੀ ਪ੍ਰਤਿਭਾ ਦੀ ਪਛਾਣ ਕਰਨਾ ਅਤੇ ਉਨ੍ਹਾਂ ਨੂੰ ਉੱਚ ਪੱਧਰੀ ਸਿਖਲਾਈ ਮੁਹੱਈਆ ਕਰਵਾਉਣਾ ਹੈ।
ਸਰਕਾਰ ਨੇ ਖੇਡਾਂ ਲਈ ਬਜਟ ਵਧਾਉਣ ਦੇ ਨਾਲ-ਨਾਲ ਆਉਣ ਵਾਲੀਆਂ ਓਲੰਪਿਕ ਖੇਡਾਂ ਲਈ ਵੱਡੇ ਟੀਚੇ ਵੀ ਨਿਰਧਾਰਤ ਕੀਤੇ ਹਨ। ਭਾਰਤ ਦਾ ਟੀਚਾ 2036 ਦੀਆਂ ਓਲੰਪਿਕ ਖੇਡਾਂ ਵਿੱਚ ਤਗਮਾ ਸੂਚੀ ਦੇ ਚੋਟੀ ਦੇ 10 ਦੇਸ਼ਾਂ ਵਿੱਚ ਸ਼ਾਮਲ ਹੋਣਾ ਹੈ। ਇਸ ਤੋਂ ਅੱਗੇ 2048 ਦੀਆਂ ਓਲੰਪਿਕ ਖੇਡਾਂ ਵਿੱਚ ਭਾਰਤ ਨੂੰ ਚੋਟੀ ਦੇ ਪੰਜ ਦੇਸ਼ਾਂ ਵਿੱਚ ਪਹੁੰਚਾਉਣ ਦਾ ਟੀਚਾ ਰੱਖਿਆ ਗਿਆ ਹੈ।
2036 ਦੀਆਂ ਓਲੰਪਿਕ ਖੇਡਾਂ ਭਾਰਤ ਲਈ ਵਿਸ਼ੇਸ਼ ਮਹੱਤਵ ਰੱਖਦੀਆਂ ਹਨ ਕਿਉਂਕਿ ਦੇਸ਼ ਇਨ੍ਹਾਂ ਖੇਡਾਂ ਦੀ ਮੇਜ਼ਬਾਨੀ ਕਰਨ ਦੀ ਇੱਛਾ ਰੱਖਦਾ ਹੈ। ਜੇਕਰ ਭਾਰਤ ਨੂੰ ਮੇਜ਼ਬਾਨੀ ਮਿਲਦੀ ਹੈ ਤਾਂ ਦੇਸ਼ ਵਿੱਚ ਖੇਡਾਂ ਨਾਲ ਜੁੜੇ ਬੁਨਿਆਦੀ ਢਾਂਚੇ ਦੇ ਵਿਕਾਸ ਨੂੰ ਵੀ ਵੱਡਾ ਹੁਲਾਰਾ ਮਿਲ ਸਕਦਾ ਹੈ।
2048 ਦੀਆਂ ਓਲੰਪਿਕ ਖੇਡਾਂ ਵੀ ਭਾਰਤ ਲਈ ਇਤਿਹਾਸਕ ਮਹੱਤਵ ਰੱਖਣਗੀਆਂ। ਇਹ ਸਾਲ ਭਾਰਤ ਦੀ ਆਜ਼ਾਦੀ ਦੀ 100ਵੀਂ ਵਰ੍ਹੇਗੰਢ ਨਾਲ ਜੁੜਿਆ ਹੋਵੇਗਾ। ਇਸ ਲਈ ਸਰਕਾਰ ਲੰਬੇ ਸਮੇਂ ਦੀ ਖੇਡ ਨੀਤੀ ਰਾਹੀਂ ਭਾਰਤੀ ਖਿਡਾਰੀਆਂ ਨੂੰ ਵਿਸ਼ਵ ਪੱਧਰ ’ਤੇ ਹੋਰ ਮਜ਼ਬੂਤ ਬਣਾਉਣ ਦੀ ਕੋਸ਼ਿਸ਼ ਕਰ ਰਹੀ ਹੈ।











