ਭਾਰਤ ਅਤੇ ਪਾਕਿਸਤਾਨ ਵਿਚਾਲੇ ਪਹਿਲਾਂ ਤੋਂ ਚੱਲ ਰਹੇ ਤਣਾਅ ਦਰਮਿਆਨ ਅਰਬ ਸਾਗਰ ਤੋਂ ਇੱਕ ਅਹਿਮ ਘਟਨਾ ਸਾਹਮਣੇ ਆਈ ਹੈ। ਜਾਣਕਾਰੀ ਮੁਤਾਬਕ ਬੀਤੀ ਸ਼ਾਮ ਨੂੰ ਉੱਤਰੀ ਅਰਬ ਸਾਗਰ ਵਿੱਚ ਭਾਰਤੀ ਜਲ ਸੈਨਾ ਦੇ ਇੱਕ ਜੰਗੀ ਜਹਾਜ਼ ਅਤੇ ਪਾਕਿਸਤਾਨੀ ਨੇਵੀ ਦੇ ਜਹਾਜ਼ ਵਿਚਾਲੇ ਟੱਕਰ ਹੋ ਗਈ। ਭਾਰਤੀ ਜਲ ਸੈਨਾ ਮੁਤਾਬਕ ਇਹ ਘਟਨਾ ਨਿਯਮਤ ਨਿਗਰਾਨੀ ਮੁਹਿੰਮ ਦੌਰਾਨ ਵਾਪਰੀ। ਘਟਨਾ ਵਿੱਚ ਕਿਸੇ ਵੱਡੇ ਨੁਕਸਾਨ ਦੀ ਜਾਣਕਾਰੀ ਨਹੀਂ ਮਿਲੀ ਹੈ।
ਭਾਰਤੀ ਜਲ ਸੈਨਾ ਵੱਲੋਂ ਦਿੱਤੀ ਜਾਣਕਾਰੀ ਅਨੁਸਾਰ, ਉੱਤਰੀ ਅਰਬ ਸਾਗਰ ਵਿੱਚ ਰੂਟੀਨ ਸਰਵਿਲੈਂਸ ਮਿਸ਼ਨ ਦੌਰਾਨ ਪਾਕਿਸਤਾਨੀ ਜਲ ਸੈਨਾ ਦਾ ਇੱਕ ਜਹਾਜ਼ ਭਾਰਤੀ ਜਲ ਸੈਨਾ ਦੇ ਫਰੰਟਲਾਈਨ ਜੰਗੀ ਜਹਾਜ਼ ਦੇ ਕਾਫ਼ੀ ਨੇੜੇ ਆ ਗਿਆ।
ਭਾਰਤੀ ਪੱਖ ਦਾ ਕਹਿਣਾ ਹੈ ਕਿ ਪਾਕਿਸਤਾਨੀ ਜਹਾਜ਼ ਤੇਜ਼ ਰਫ਼ਤਾਰ ਨਾਲ ਚੱਲ ਰਿਹਾ ਸੀ ਅਤੇ ਉਸ ਦੀਆਂ ਹਰਕਤਾਂ ਨੂੰ ਅਸੁਰੱਖਿਅਤ ਤੇ ਗੈਰ-ਪੇਸ਼ੇਵਰ ਦੱਸਿਆ ਗਿਆ। ਇਸ ਦੌਰਾਨ ਦੋਵੇਂ ਜਹਾਜ਼ ਆਪਸ ਵਿੱਚ ਟਕਰਾ ਗਏ। ਹਾਲਾਂਕਿ, ਹੁਣ ਤੱਕ ਕਿਸੇ ਵੱਡੇ ਨੁਕਸਾਨ ਦੀ ਸੂਚਨਾ ਨਹੀਂ ਹੈ।
ਘਟਨਾ ਤੋਂ ਬਾਅਦ ਭਾਰਤ ਨੇ ਇਸ ਮਾਮਲੇ ‘ਤੇ ਪਾਕਿਸਤਾਨ ਸਾਹਮਣੇ ਆਪਣਾ ਵਿਰੋਧ ਦਰਜ ਕਰਵਾਇਆ। ਨਵੀਂ ਦਿੱਲੀ ਸਥਿਤ ਪਾਕਿਸਤਾਨੀ ਹਾਈ ਕਮਿਸ਼ਨ ਦੇ ਚਾਰਜ ਡੀ’ਅਫੇਅਰਜ਼ ਨੂੰ ਵਿਦੇਸ਼ ਮੰਤਰਾਲੇ ਵੱਲੋਂ ਤਲਬ ਕੀਤਾ ਗਿਆ।
ਭਾਰਤ ਵੱਲੋਂ ਪਾਕਿਸਤਾਨੀ ਜਲ ਸੈਨਾ ਦੇ ਜਹਾਜ਼ ਦੀ ਕਾਰਵਾਈ ਨੂੰ ਲੈ ਕੇ ਆਪਣੀ ਨਾਰਾਜ਼ਗੀ ਜ਼ਾਹਰ ਕੀਤੀ ਗਈ ਅਤੇ ਅਜਿਹੀਆਂ ਘਟਨਾਵਾਂ ਤੋਂ ਬਚਣ ਲਈ ਸਾਵਧਾਨੀ ਵਰਤਣ ਦੀ ਗੱਲ ਕਹੀ ਗਈ।
ਭਾਰਤ ਨੇ ਇਸ ਘਟਨਾ ਨੂੰ ਅਪ੍ਰੈਲ 1991 ਵਿੱਚ ਭਾਰਤ ਅਤੇ ਪਾਕਿਸਤਾਨ ਵਿਚਾਲੇ ਹੋਏ ਇੱਕ ਸਮਝੌਤੇ ਨਾਲ ਵੀ ਜੋੜਿਆ ਹੈ। ਇਸ ਸਮਝੌਤੇ ਵਿੱਚ ਫੌਜੀ ਅਭਿਆਸਾਂ, ਜੰਗੀ ਅਭਿਆਸ ਅਤੇ ਸੈਨਿਕਾਂ ਦੀ ਆਵਾਜਾਈ ਸਬੰਧੀ ਪਹਿਲਾਂ ਤੋਂ ਜਾਣਕਾਰੀ ਦੇਣ ਦੇ ਪ੍ਰਬੰਧ ਸ਼ਾਮਲ ਹਨ। ਭਾਰਤੀ ਪੱਖ ਨੇ ਕਿਹਾ ਹੈ ਕਿ ਪਾਕਿਸਤਾਨ ਨੂੰ ਦੋਵਾਂ ਦੇਸ਼ਾਂ ਵਿਚਾਲੇ ਹੋਏ ਸਮਝੌਤਿਆਂ ਅਤੇ ਉਨ੍ਹਾਂ ਦੇ ਪ੍ਰਬੰਧਾਂ ਦਾ ਸਨਮਾਨ ਕਰਨਾ ਚਾਹੀਦਾ ਹੈ।
ਵਿਦੇਸ਼ ਮੰਤਰਾਲੇ ਨੇ ਪਾਕਿਸਤਾਨੀ ਹਾਈ ਕਮਿਸ਼ਨ ਦੇ ਚਾਰਜ ਡੀ’ਅਫੇਅਰਜ਼ ਨੂੰ ਕਿਹਾ ਹੈ ਕਿ ਉਹ ਆਪਣੇ ਦੇਸ਼ ਦੇ ਸਬੰਧਤ ਅਧਿਕਾਰੀਆਂ ਤੱਕ ਭਾਰਤ ਦਾ ਵਿਰੋਧ ਪਹੁੰਚਾਉਣ। ਨਾਲ ਹੀ ਸਾਰੀਆਂ ਸੈਨਿਕ ਇਕਾਈਆਂ ਨੂੰ ਭਵਿੱਖ ਵਿੱਚ ਅਜਿਹੀ ਘਟਨਾ ਤੋਂ ਬਚਣ ਲਈ ਲੋੜੀਂਦੀ ਸਾਵਧਾਨੀ ਵਰਤਣ ਦੀ ਸਲਾਹ ਦੇਣ ਲਈ ਕਿਹਾ ਗਿਆ ਹੈ।
ਇਸ ਦੇ ਨਾਲ ਹੀ ਇਸਲਾਮਾਬਾਦ ਵਿੱਚ ਭਾਰਤੀ ਮਿਸ਼ਨ ਦੇ ਚਾਰਜ ਡੀ’ਅਫੇਅਰਜ਼ ਨੂੰ ਵੀ ਪਾਕਿਸਤਾਨੀ ਵਿਦੇਸ਼ ਮੰਤਰਾਲੇ ਸਾਹਮਣੇ ਇਹ ਮਾਮਲਾ ਉਠਾਉਣ ਦੇ ਨਿਰਦੇਸ਼ ਦਿੱਤੇ ਗਏ ਹਨ।
