ਨਵੀਂ ਦਿੱਲੀ: ਭਾਰਤ ਨੇ ਡੇਂਗੂ ਵਰਗੀ ਗੰਭੀਰ ਬਿਮਾਰੀ ਨਾਲ ਲੜਾਈ ਵਿੱਚ ਇੱਕ ਵੱਡੀ ਉਪਲਬਧੀ ਹਾਸਲ ਕੀਤੀ ਹੈ। ਪਹਿਲੀ ਵਾਰ ਦੇਸ਼ ਵਿੱਚ ਡੇਂਗੂ ਤੋਂ ਬਚਾਅ ਲਈ ਇੱਕ ਟੀਕੇ ਨੂੰ ਅਧਿਕਾਰਤ ਮਨਜ਼ੂਰੀ ਮਿਲੀ ਹੈ। ਡਰੱਗ ਕੰਟਰੋਲਰ ਜਨਰਲ ਆਫ਼ ਇੰਡੀਆ (DCGI) ਨੇ ਟਾਕੇਡਾ ਬਾਇਓਫਾਰਮਾਸਿਊਟੀਕਲਜ਼ ਇੰਡੀਆ ਦੇ ਡੇਂਗੂ ਟੀਕੇ ਕਿਡੈਂਗਾ (Qdenga) ਨੂੰ ਬਾਜ਼ਾਰ ਵਿੱਚ ਵਰਤੋਂ ਲਈ ਮਨਜ਼ੂਰੀ ਦੇ ਦਿੱਤੀ ਹੈ। ਇਸ ਮਨਜ਼ੂਰੀ ਨੂੰ ਭਾਰਤ ਦੀ ਜਨ ਸਿਹਤ ਪ੍ਰਣਾਲੀ ਲਈ ਇੱਕ ਮਹੱਤਵਪੂਰਨ ਕਦਮ ਮੰਨਿਆ ਜਾ ਰਿਹਾ ਹੈ।
ਕੰਪਨੀ ਵੱਲੋਂ ਦਿੱਤੀ ਜਾਣਕਾਰੀ ਅਨੁਸਾਰ ਇਹ ਟੀਕਾ 4 ਤੋਂ 60 ਸਾਲ ਦੀ ਉਮਰ ਦੇ ਲੋਕਾਂ ਲਈ ਉਪਲਬਧ ਹੋਵੇਗਾ। ਇਸ ਦੀ ਸਭ ਤੋਂ ਵੱਡੀ ਖ਼ਾਸੀਅਤ ਇਹ ਹੈ ਕਿ ਟੀਕਾ ਲਗਵਾਉਣ ਤੋਂ ਪਹਿਲਾਂ ਡੇਂਗੂ ਦੀ ਪੁਰਾਣੀ ਲਾਗ ਜਾਂ ਐਂਟੀਬਾਡੀ ਟੈਸਟ ਕਰਵਾਉਣ ਦੀ ਲੋੜ ਨਹੀਂ ਹੋਵੇਗੀ। ਇਸ ਕਾਰਨ ਵੱਡੀ ਗਿਣਤੀ ਵਿੱਚ ਲੋਕ ਇਸ ਟੀਕੇ ਦਾ ਲਾਭ ਲੈ ਸਕਣਗੇ।
ਡੇਂਗੂ ਹਰ ਸਾਲ ਭਾਰਤ ਦੇ ਕਈ ਰਾਜਾਂ ਵਿੱਚ ਹਜ਼ਾਰਾਂ ਲੋਕਾਂ ਨੂੰ ਪ੍ਰਭਾਵਿਤ ਕਰਦਾ ਹੈ। ਬਰਸਾਤੀ ਮੌਸਮ ਦੌਰਾਨ ਇਸ ਦੇ ਮਾਮਲੇ ਤੇਜ਼ੀ ਨਾਲ ਵੱਧਦੇ ਹਨ ਅਤੇ ਕਈ ਵਾਰ ਮਰੀਜ਼ਾਂ ਦੀ ਜਾਨ ਵੀ ਚਲੀ ਜਾਂਦੀ ਹੈ। ਸਿਹਤ ਮਾਹਿਰਾਂ ਦਾ ਮੰਨਣਾ ਹੈ ਕਿ ਇਸ ਟੀਕੇ ਦੀ ਉਪਲਬਧਤਾ ਨਾਲ ਡੇਂਗੂ ਦੇ ਗੰਭੀਰ ਮਾਮਲਿਆਂ ਅਤੇ ਹਸਪਤਾਲ ਵਿੱਚ ਦਾਖ਼ਲੇ ਦੀ ਸੰਭਾਵਨਾ ਘਟ ਸਕਦੀ ਹੈ।
ਟਾਕੇਡਾ, ਜੋ ਕਿ ਜਾਪਾਨ ਦੀ ਇੱਕ ਪ੍ਰਮੁੱਖ ਗਲੋਬਲ ਬਾਇਓਫਾਰਮਾਸਿਊਟੀਕਲ ਕੰਪਨੀ ਹੈ, ਨੇ ਦੱਸਿਆ ਕਿ ਇਸ ਟੀਕੇ ਦੀ ਮਨਜ਼ੂਰੀ ਵਿਆਪਕ ਕਲੀਨਿਕਲ ਟਰਾਇਲਾਂ ਦੇ ਨਤੀਜਿਆਂ ‘ਤੇ ਆਧਾਰਿਤ ਹੈ। ਟੀਕੇ ਦੇ ਵਿਕਾਸ ਲਈ ਕੁੱਲ 19 ਪੜਾਅ-I, ਪੜਾਅ-II ਅਤੇ ਪੜਾਅ-III ਕਲੀਨਿਕਲ ਅਧਿਐਨ ਕੀਤੇ ਗਏ, ਜਿਨ੍ਹਾਂ ਵਿੱਚ 28 ਹਜ਼ਾਰ ਤੋਂ ਵੱਧ ਲੋਕਾਂ ਨੇ ਭਾਗ ਲਿਆ। ਟਰਾਇਲਾਂ ਦੌਰਾਨ ਟੀਕੇ ਦੀ ਸੁਰੱਖਿਆ ਅਤੇ ਪ੍ਰਭਾਵਸ਼ੀਲਤਾ ਦੇ ਸੰਤੋਸ਼ਜਨਕ ਨਤੀਜੇ ਸਾਹਮਣੇ ਆਏ।
ਕਿਡੈਂਗਾ ਟੀਕਾ ਦੋ ਖੁਰਾਕਾਂ ਵਿੱਚ ਦਿੱਤਾ ਜਾਵੇਗਾ। ਹਰ ਖੁਰਾਕ 0.5 ਮਿਲੀਲੀਟਰ ਦੀ ਹੋਵੇਗੀ ਅਤੇ ਇਸਨੂੰ ਚਮੜੀ ਦੇ ਹੇਠਾਂ ਲਗਾਇਆ ਜਾਵੇਗਾ। ਪਹਿਲੀ ਅਤੇ ਦੂਜੀ ਖੁਰਾਕ ਵਿਚਕਾਰ ਤਿੰਨ ਮਹੀਨਿਆਂ ਦਾ ਅੰਤਰ ਰੱਖਿਆ ਜਾਵੇਗਾ। ਸਿਹਤ ਮਾਹਿਰਾਂ ਦਾ ਕਹਿਣਾ ਹੈ ਕਿ ਪੂਰੀ ਸੁਰੱਖਿਆ ਲਈ ਦੋਵੇਂ ਖੁਰਾਕਾਂ ਲੈਣਾ ਜ਼ਰੂਰੀ ਹੋਵੇਗਾ।
ਸਿਹਤ ਖੇਤਰ ਦੇ ਵਿਸ਼ੇਸ਼ਗਿਆਨ ਇਸ ਮਨਜ਼ੂਰੀ ਨੂੰ ਡੇਂਗੂ ਰੋਕਥਾਮ ਦੇ ਖੇਤਰ ਵਿੱਚ ਇੱਕ ਇਤਿਹਾਸਕ ਕਦਮ ਮੰਨ ਰਹੇ ਹਨ। ਆਉਣ ਵਾਲੇ ਸਮੇਂ ਵਿੱਚ ਇਸ ਟੀਕੇ ਦੀ ਉਪਲਬਧਤਾ ਨਾਲ ਦੇਸ਼ ਵਿੱਚ ਡੇਂਗੂ ਦੇ ਬੋਝ ਨੂੰ ਘਟਾਉਣ ਵਿੱਚ ਮਦਦ ਮਿਲਣ ਦੀ ਉਮੀਦ ਹੈ।












