ਬਿਹਾਰ : ਗੋਪਾਲ ਖੇਮਕਾ ਕਤਲ ਕੇਸ ’ਚ ਬਿਹਾਰ ਪੁਲਿਸ ਨੇ ਉਦਯੋਗਪਤੀ ਗੋਪਾਲ ਖੇਮਕਾ ਦੇ ਕਤਲ ਦੀ ਜਾਂਚ ਤੇਜ਼ ਕਰ ਦਿੱਤੀ ਹੈ। ਪੁਲਿਸ ਡਾਇਰੈਕਟਰ ਜਨਰਲ (ਡੀ.ਜੀ.ਪੀ) ਵਿਨੈ ਕੁਮਾਰ ਨੇ ਇਸ ਬਾਰੇ ਅਪਡੇਟ ਦਿੱਤੀ ਹੈ। ਉਨ੍ਹਾਂ ਕਿਹਾ ਕਿ ਕਤਲ ਕੇਸ ਦੀ ਹਰ ਸੰਭਵ ਪਹਿਲੂ ਤੋਂ ਜਾਂਚ ਕੀਤੀ ਜਾ ਰਹੀ ਹੈ ਅਤੇ ਪੁਲਿਸ ਇਸ ਕੇਸ ਨੂੰ ਸੁਲਝਾਉਣ ਦੇ ਬਹੁਤ ਨੇੜੇ ਹੈ। ਡੀਜੀਪੀ ਨੇ ਕਿਹਾ ਕਿ ਪੁਲਿਸ ਮਾਮਲੇ ਦੀ ਹਰ ਪਹਿਲੂ ਤੋਂ ਜਾਂਚ ਕਰ ਰਹੀ ਹੈ। ਅਸੀਂ ਇਸ ਮਾਮਲੇ ਦੇ ਬਹੁਤ ਨੇੜੇ ਆ ਗਏ ਹਾਂ। ਇੱਕ-ਦੋ ਦਿਨਾਂ ਵਿੱਚ ਸਾਰਾ ਮਾਮਲਾ ਸਾਹਮਣੇ ਆ ਜਾਵੇਗਾ। ਉਨ੍ਹਾਂ ਕਿਹਾ ਕਿ ਪਟਨਾ ਦੇ ਬਾਂਕੀਪੁਰ ਕਲੱਬ ਦੇ ਸੀਸੀਟੀਵੀ ਫੁਟੇਜ ਨੂੰ ਵੀ ਸਕੈਨ ਕੀਤਾ ਜਾ ਰਿਹਾ ਹੈ, ਪਰ ਉੱਥੇ ਸੀਸੀਟੀਵੀ ਬੈਕਅੱਪ ਉਪਲਬਧ ਨਹੀਂ ਹੈ।
ਹਮਲਾਵਰ ਦੀ ਪਛਾਣ ਨਹੀਂ ਹੋ ਸਕੀ : ਇਸ ਤੋਂ ਪਹਿਲਾਂ ਐਤਵਾਰ ਨੂੰ ਡੀਜੀਪੀ ਨੇ ਕਿਹਾ ਸੀ ਕਿ ਪਟਨਾ ਅਤੇ ਵੈਸ਼ਾਲੀ ਜ਼ਿਲਿ੍ਹਆਂ ਵਿੱਚ ਰਾਤ ਭਰ ਛਾਪੇਮਾਰੀ ਕੀਤੀ ਗਈ। ਪੁਲਿਸ ਟੀਮਾਂ ਨੇ ਕਈ ਛੁਪਣਗਾਹਾਂ ’ਤੇ ਛਾਪੇਮਾਰੀ ਕੀਤੀ ਹੈ ਅਤੇ ਇੱਕ ਦਰਜਨ ਤੋਂ ਵੱਧ ਸ਼ੱਕੀਆਂ ਨੂੰ ਹਿਰਾਸਤ ਵਿੱਚ ਲਿਆ ਹੈ, ਜਿਨ੍ਹਾਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਘਟਨਾ ਵਾਲੀ ਥਾਂ ਤੋਂ ਇਲਾਵਾ, ਸ਼ਹਿਰ ਦੇ ਹੋਰ ਇਲਾਕਿਆਂ ਵਿੱਚ ਲੱਗੇ ਸੀਸੀਟੀਵੀ ਕੈਮਰਿਆਂ ਰਾਹੀਂ ਦੋਸ਼ੀ ਦੇ ਮੋਟਰਸਾਈਕਲ ਨੂੰ ਟਰੈਕ ਕੀਤਾ ਗਿਆ। ਹਾਲਾਂਕਿ, ਹਮਲਾਵਰ ਨੇ ਹੈਲਮੇਟ ਪਾਇਆ ਹੋਇਆ ਸੀ, ਜਿਸ ਕਾਰਨ ਉਸਦਾ ਚਿਹਰਾ ਅਜੇ ਤੱਕ ਪਛਾਣਿਆ ਨਹੀਂ ਜਾ ਸਕਿਆ।
ਇਹ ਮਾਮਲਾ ਹੈ : ਤੁਹਾਨੂੰ ਦੱਸ ਦੇਈਏ ਕਿ ਸ਼ੁੱਕਰਵਾਰ ਦੇਰ ਰਾਤ (4 ਜੁਲਾਈ) ਨੂੰ ਅਣਪਛਾਤੇ ਅਪਰਾਧੀਆਂ ਨੇ ਪਟਨਾ ਦੇ ਗਾਂਧੀ ਮੈਦਾਨ ਥਾਣਾ ਖੇਤਰ ਵਿੱਚ ਸਥਿਤ ਰਾਮਗੁਲਮ ਚੌਕ ਨੇੜੇ ਕਾਰੋਬਾਰੀ ਗੋਪਾਲ ਖੇਮਕਾ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ। ਪੁਲਿਸ ਨੇ ਇਸ ਕਤਲ ਮਾਮਲੇ ਦੀ ਜਾਂਚ ਲਈ ਇੱਕ ਵਿਸ਼ੇਸ਼ ਜਾਂਚ ਟੀਮ (ਐਸ.ਆਈ.ਟੀ.) ਬਣਾਈ ਹੈ। ਐਸਆਈਟੀ ਨੂੰ ਇਸ ਮਾਮਲੇ ਵਿੱਚ ਜਲਦੀ ਤੋਂ ਜਲਦੀ ਇੱਕ ਠੋਸ ਸਿੱਟੇ ’ਤੇ ਪਹੁੰਚਣ ਦੇ ਨਿਰਦੇਸ਼ ਦਿੱਤੇ ਗਏ ਹਨ। ਇਸ ਮਾਮਲੇ ਵਿੱਚ ਪੁਲਿਸ ਦੀਆਂ ਸਾਰੀਆਂ ਖੁਫੀਆ ਇਕਾਈਆਂ ਨੂੰ ਵੀ ਸਰਗਰਮ ਕਰ ਦਿੱਤਾ ਗਿਆ ਹੈ।
ਕਾਰੋਬਾਰੀਆਂ ਨੇ ਮੰਗ ਕੀਤੀ : ਇਸ ਕਤਲ ਕਾਰਨ ਵਪਾਰਕ ਭਾਈਚਾਰੇ ਵਿੱਚ ਭਾਰੀ ਰੋਸ ਹੈ। ਕਾਰੋਬਾਰੀਆਂ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਕਾਤਲਾਂ ਨੂੰ ਜਲਦੀ ਤੋਂ ਜਲਦੀ ਗ੍ਰਿਫ਼ਤਾਰ ਕੀਤਾ ਜਾਵੇ।
