ਚੰਡੀਗੜ੍ਹ: ਇਸ ਸਾਲ ਦੇ ਅੱਧ ਸਤੰਬਰ ਤੱਕ 100 ਵਿਸ਼ਵ ਪੱਧਰੀ ‘ਪੀ.ਆਰ.ਟੀ.ਸੀ. ਜੂਨੀਅਰ’ ਬੱਸਾਂ ਪੈਪਸੂ ਰੋਡ ਟਰਾਂਸਪੋਰਟ ਕਾਰਪੋਰੇਸ਼ਨ (ਪੀ.ਆਰ.ਟੀ.ਸੀ.) ਦੇ ਫਲੀਟ ਵਿੱਚ ਅਧਿਕਾਰਤ ਤੌਰ ‘ਤੇ ਸ਼ਾਮਲ ਹੋ ਜਾਣਗੀਆਂ। ਇਹ ਐਲਾਨ ਵਿੱਤ ਮੰਤਰੀ ਨੇ ਟਰਾਂਸਪੋਰਟ ਵਿਭਾਗ ਦੇ ਉੱਚ ਅਧਿਕਾਰੀਆਂ ਨਾਲ ਕੀਤੀ ਵਿਆਪਕ ਸਮੀਖਿਆ ਮੀਟਿੰਗ ਤੋਂ ਬਾਅਦ ਕੀਤਾ। ਮੀਟਿੰਗ ਵਿੱਚ ਚੱਲ ਰਹੇ ਬੁਨਿਆਦੀ ਢਾਂਚੇ ਦੇ ਨਵੀਨੀਕਰਨ ਅਤੇ ਸੇਵਾਵਾਂ ਦੇ ਵਿਸਥਾਰ ਦੀ ਸਮੀਖਿਆ ਕੀਤੀ ਗਈ। ਇਨ੍ਹਾਂ ਬੱਸਾਂ ਦੇ ਸ਼ਾਮਲ ਹੋਣ ਨਾਲ ਪੇਂਡੂ ਖੇਤਰਾਂ ਵਿੱਚ ਜਨਤਕ ਆਵਾਜਾਈ ਦੀ ਪਹੁੰਚ ਵਿੱਚ ਸੁਧਾਰ ਹੋਵੇਗਾ।
ਇਹ ਮਿੰਨੀ ਬੱਸਾਂ ਆਈਸ਼ਰ ਕੰਪਨੀ ਵੱਲੋਂ ਬਣਾਈਆਂ ਜਾ ਰਹੀਆਂ ਹਨ। ਟਰਾਂਸਪੋਰਟ ਵਿਭਾਗ ਨੂੰ ਜਨਤਕ ਟਰਾਂਸਪੋਰਟ ਸੇਵਾਵਾਂ ਦੀ ਗੁਣਵੱਤਾ ਵਿੱਚ ਹੋਰ ਸੁਧਾਰ ਕਰਨ ਲਈ ਨਵੇਂ ਅਤੇ ਨਿਵੇਕਲੇ ਵਿਚਾਰ ਪੇਸ਼ ਕਰਨ ਲਈ ਵਿਸ਼ੇਸ਼ ਤੌਰ ‘ਤੇ ਨਿਰਦੇਸ਼ ਦਿੱਤੇ ਗਏ ਹਨ। ਇਸ ਤਹਿਤ ਰਾਜ ਸਰਕਾਰ ਦੇ ਬੱਸ ਫਲੀਟ ਵਿੱਚ 1,279 ਨਵੀਆਂ ਬੱਸਾਂ ਸ਼ਾਮਲ ਕੀਤੀਆਂ ਜਾ ਰਹੀਆਂ ਹਨ। ਇਸ ਨਾਲ ਸਰਕਾਰੀ ਬੱਸਾਂ ਦੀ ਗਿਣਤੀ 2,267 ਤੋਂ ਵਧ ਕੇ 3,546 ਹੋ ਜਾਵੇਗੀ, ਜੋ ਕਿ ਪਿਛਲੇ 20 ਸਾਲਾਂ ਵਿੱਚ ਸਭ ਤੋਂ ਵੱਡਾ ਵਾਧਾ ਦੱਸਿਆ ਜਾ ਰਿਹਾ ਹੈ।
ਮੀਟਿੰਗ ਵਿੱਚ ਟਰਾਂਸਪੋਰਟ ਵਿਭਾਗ ਦੇ ਕਈ ਸੀਨੀਅਰ ਅਧਿਕਾਰੀਆਂ ਨੇ ਸ਼ਮੂਲੀਅਤ ਕੀਤੀ। ਇਨ੍ਹਾਂ ਵਿੱਚ ਟਰਾਂਸਪੋਰਟ ਸਕੱਤਰ ਵਰੁਣ ਰੂਜ਼ਮ, ਪਨਬੱਸ ਦੇ ਮੈਨੇਜਿੰਗ ਡਾਇਰੈਕਟਰ ਰਾਜੀਵ ਕੁਮਾਰ ਗੁਪਤਾ, ਪੀ.ਆਰ.ਟੀ.ਸੀ. ਦੀ ਮੈਨੇਜਿੰਗ ਡਾਇਰੈਕਟਰ ਮਨੀਸ਼ਾ ਰਾਣਾ, ਪੀ.ਆਰ.ਟੀ.ਸੀ. ਦੇ ਐਡੀਸ਼ਨਲ ਮੈਨੇਜਿੰਗ ਡਾਇਰੈਕਟਰ ਨਵਦੀਪ ਕੁਮਾਰ ਅਤੇ ਪੀ.ਆਰ.ਟੀ.ਸੀ. ਚੰਡੀਗੜ੍ਹ ਦੇ ਜਨਰਲ ਮੈਨੇਜਰ ਅਮਨਵੀਰ ਟਿਵਾਣਾ ਸ਼ਾਮਲ ਸਨ।











