ਲੁਧਿਆਣਾ : ਨਗਰ ਨਿਗਮ ਲੁਧਿਆਣਾ ਜ਼ੋਨ ਬੀ ਦੇ ਦਫ਼ਤਰ ‘ਚ ਭਾਰੀ ਹੰਗਾਮਾ ਹੋਣ ਦੀ ਸੂਚਨਾ ਮਿਲੀ ਹੈ।ਜਾਣਕਾਰੀ ਅਨੁਸਾਰ ਅਕਾਲੀ ਕੌਂਸਲਰ ਕਮਲ ਅਰੋੜਾ ਨੇ ਨਗਰ ਨਿਗਮ ਦੇ ਐੱਸ.ਈ. ਪ੍ਰਵੀਨ ਸਿੰਗਲਾ ਨਾਲ ਕਿਸੇ ਗੱਲ ਨੂੰ ਲੈ ਕੇ ਝਗੜਾ ਹੋ ਗਿਆ, ਜਿਸ ਤੋਂ ਬਾਅਦ ਮੌਕੇ ‘ਤੇ ਹੀ ਹੱਥੋਪਾਈ ਹੋ ਗਈ। ਇਸ ਮਗਰੋਂ ਨਿਗਮ ਵਿੱਚ ਤਣਾਅ ਵਾਲਾ ਮਾਹੌਲ ਬਣ ਗਿਆ।
ਜਾਣਕਾਰੀ ਅਨੁਸਾਰ ਕੌਂਸਲਰ ਕਮਲ ਅਰੋੜਾ ਆਪਣੇ ਵਾਰਡ ਨੰਬਰ 20 ਦੇ ਵਿਕਾਸ ਕਾਰਜਾਂ ਸਬੰਧੀ ਨਿਗਮ ਦਫ਼ਤਰ ਗਏ ਹੋਏ ਸਨ, ਜਿੱਥੇ ਉਨ੍ਹਾਂ ਦੇ ਐੱਸ. ਪ੍ਰਵੀਨ ਸਿੰਗਲਾ ਨਾਲ ਬਹਿਸ ਹੋ ਗਈ। ਇਸ ਦੌਰਾਨ ਕੌਂਸਲਰ ਐਸ.ਈ. ਪ੍ਰਵੀਨ ਸਿੰਗਲਾ ‘ਤੇ ਹਮਲਾ ਕਰਨ ਅਤੇ ਹੱਥੋਪਾਈ ਹੋਣ ਦੀਆਂ ਖ਼ਬਰਾਂ ਵੀ ਆਈਆਂ ਹਨ। ਇਹ ਵੀ ਦੱਸਿਆ ਜਾ ਰਿਹਾ ਹੈ ਕਿ ਕੌਂਸਲਰ ਕਮਲ ਅਰੋੜਾ ਨੇ ਪ੍ਰਵੀਨ ਸਿੰਗਲਾ ਨੂੰ ਥੱਪੜ ਮਾਰਿਆ ਹੈ।
ਇਸ ਤੋਂ ਬਾਅਦ ਨਗਰ ਨਿਗਮ ਦੇ ਮੁਲਾਜ਼ਮਾਂ ਵਿੱਚ ਇਸ ਦਾ ਵਿਰੋਧ ਕੀਤਾ ਜਾ ਰਿਹਾ ਹੈ। ਉਕਤ ਮਾਮਲਾ ਸਿਆਸੀ ਰੂਪ ਵੀ ਲੈ ਸਕਦਾ ਹੈ ਅਤੇ ਇਸ ਘਟਨਾ ਦੇ ਵਿਰੋਧ ‘ਚ ਮੁਲਾਜ਼ਮ ਹੜਤਾਲ ‘ਤੇ ਵੀ ਜਾ ਸਕਦੇ ਹਨ। ਇਸ ਸਮੇਂ ਨਗਰ ਨਿਗਮ ਵਿੱਚ ਤਣਾਅ ਵਾਲੀ ਸਥਿਤੀ ਬਣੀ ਹੋਈ ਹੈ।












