ਕੋਟ ਈਸੇ ਖਾਂ: ਜਿੱਥੇ ਅਮਰੀਕਾ-ਇਰਾਨ ਜੰਗ ਕਾਰਨ ਗੈਸ, ਤੇਲ, ਕੋਲੇ ਦੀਆਂ ਕੀਮਤਾਂ ਵਧ ਗਈਆਂ ਹਨ, ਉਥੇ ਹੀ ਹੁਣ ਇੱਟਾਂ ਦੀਆਂ ਅਸਮਾਨੀ ਚੜ੍ਹੀਆਂ ਕੀਮਤਾਂ ਕਾਰਨ ਗਰੀਬ ਅਤੇ ਮੱਧ ਵਰਗ ਦੇ ਪਰਿਵਾਰਾਂ ਲਈ ਆਪਣੇ ਘਰ ਬਣਾਉਣੇ ਵੀ ਔਖੇ ਹੋ ਗਏ ਹਨ। ਇੱਟਾਂ ਦੇ ਭਾਅ ਵਿੱਚ ਹੋਏ ਭਾਰੀ ਵਾਧੇ ਬਾਰੇ ਜਾਣਕਾਰੀ ਦਿੰਦਿਆਂ ਅਨਮੋਲ ਸਿੰਘ, ਪਾਲਾ ਸਿੰਘ, ਸੁਖਦੇਵ ਸਿੰਘ ਖੋਸਾ, ਦਲੇਰ ਸਿੰਘ, ਵਿਵੇਕ ਸਾਹਿਤਕਾਰ, ਵਿਜੇ ਕੁਮਾਰ ਜਨਤਾ ਟਰੇਡਿੰਗ ਕੰਪਨੀ, ਸੋਨੀ ਅਰੋੜਾ ਆਦਿ ਨੇ ਦੱਸਿਆ ਕਿ ਜੋ ਇੱਟਾਂ ਕੁਝ ਦਿਨ ਪਹਿਲਾਂ 5000-6000 ਰੁਪਏ ਪ੍ਰਤੀ ਹਜ਼ਾਰ ਦੇ ਹਿਸਾਬ ਨਾਲ ਵਿਕ ਰਹੀਆਂ ਸਨ, ਉਹ ਇਸ ਵੇਲੇ 95000 ਰੁਪਏ ਪ੍ਰਤੀ ਹਜ਼ਾਰ ਦੇ ਹਿਸਾਬ ਨਾਲ ਵਿਕ ਰਹੀਆਂ ਹਨ।
ਉਨ੍ਹਾਂ ਕਿਹਾ ਕਿ ਇੱਟਾਂ ਦੀਆਂ ਅਸਮਾਨ ਛੂੰਹਦੀਆਂ ਕੀਮਤਾਂ ਇੱਟਾਂ ਨਾਲ ਬਣੇ ਘਰਾਂ ਅਤੇ ਸਰਕਾਰੀ ਇਮਾਰਤਾਂ ਦੇ ਕੰਮਕਾਜ ਨੂੰ ਪ੍ਰਭਾਵਿਤ ਕਰ ਰਹੀਆਂ ਹਨ। ਉਨ੍ਹਾਂ ਕਿਹਾ ਕਿ ਰੇਤਾ-ਬੱਜਰੀ ਦੀਆਂ ਕੀਮਤਾਂ ਪਹਿਲਾਂ ਹੀ ਵਧ ਗਈਆਂ ਹਨ, ਜਿਸ ਕਾਰਨ ਗਰੀਬ ਅਤੇ ਮੱਧ ਵਰਗ ਦੇ ਪਰਿਵਾਰਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਕਤ ਇਲਾਕਾ ਨਿਵਾਸੀਆਂ ਨੇ ਕਿਹਾ ਕਿ ਜੇਕਰ ਇੱਟਾਂ ਦੇ ਭਾਅ ਨਾ ਘਟਾਏ ਗਏ ਤਾਂ ਮਕਾਨਾਂ ਦੀ ਉਸਾਰੀ ‘ਤੇ ਮਾੜਾ ਅਸਰ ਪਵੇਗਾ । ਇਸ ਤੋਂ ਇਲਾਵਾ ਕੰਮ ਬੰਦ ਹੋਣ ਨਾਲ ਬੇਰੁਜ਼ਗਾਰੀ ਵੀ ਵਧੇਗੀ।
ਭੱਠਾ ਮਾਲਕਾਂ ਨਾਲ ਜਦੋਂ ਇੱਟਾਂ ਦੇ ਭਾਅ ਵਿੱਚ ਹੋਏ ਭਾਰੀ ਵਾਧੇ ਬਾਰੇ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਜੋ ਕੋਲਾ ਪਹਿਲਾਂ 10,500 ਤੋਂ 11,000 ਰੁਪਏ ਪ੍ਰਤੀ ਟਨ ਮਿਲਦਾ ਸੀ, ਉਹ ਹੁਣ 20,000 ਰੁਪਏ ਪ੍ਰਤੀ ਟਨ ਤੱਕ ਪਹੁੰਚ ਗਿਆ ਹੈ। ਉਨ੍ਹਾਂ ਕਿਹਾ ਕਿ ਕੋਲੇ ਲਈ ਪੈਸੇ ਜਮ੍ਹਾਂ ਕਰਵਾਉਣ ਦੇ ਬਾਵਜੂਦ ਕਈ-ਕਈ ਦਿਨਾਂ ਤੋਂ ਕੋਲਾ ਨਹੀਂ ਮਿਲ ਰਿਹਾ, ਜਿਸ ਕਾਰਨ ਇੱਟਾਂ ਦੀ ਕੀਮਤ ਵਧਾਉਣੀ ਉਨ੍ਹਾਂ ਦੀ ਮਜਬੂਰੀ ਬਣ ਗਈ ਹੈ।












