Home ਪੰਜਾਬ ਮਾਈਨਿੰਗ ਨਾਕੇ ਨੇੜੇ ਭਿਆਨਕ ਸੜਕ ਹਾਦਸਾ, ਕਾਰ ਸਵਾਰ ਪਤੀ-ਪਤਨੀ ਤੇ ਬੱਚਾ ਜ਼ਖਮੀ

ਮਾਈਨਿੰਗ ਨਾਕੇ ਨੇੜੇ ਭਿਆਨਕ ਸੜਕ ਹਾਦਸਾ, ਕਾਰ ਸਵਾਰ ਪਤੀ-ਪਤਨੀ ਤੇ ਬੱਚਾ ਜ਼ਖਮੀ

0

ਕੀਰਤਪੁਰ ਸਾਹਿਬ: ਕੀਰਤਪੁਰ ਸਾਹਿਬ-ਰੂਪਨਗਰ ਮੁੱਖ ਮਾਰਗ ’ਤੇ ਪਿੰਡ ਹਜ਼ਾਰਾਂ ਦੇ ਨੇੜੇ ਪ੍ਰਿਥੀਪੁਰ ਵਿਖੇ ਮਾਈਨਿੰਗ ਵਿਭਾਗ ਵੱਲੋਂ ਲਗਾਏ ਨਾਕੇ ਨੇੜੇ ਬੀਤੀ ਦੇਰ ਸ਼ਾਮ ਇੱਕ ਭਿਆਨਕ ਸੜਕ ਹਾਦਸਾ ਵਾਪਰਿਆ। ਹਾਦਸੇ ਵਿੱਚ ਇੱਕ ਸਵਿਫਟ ਕਾਰ ਬੁਰੀ ਤਰ੍ਹਾਂ ਨੁਕਸਾਨੀ ਗਈ, ਜਦਕਿ ਕਾਰ ਸਵਾਰ ਪਤੀ-ਪਤਨੀ ਅਤੇ ਉਨ੍ਹਾਂ ਦਾ ਬੱਚਾ ਜ਼ਖਮੀ ਹੋ ਗਿਆ।

ਜਾਣਕਾਰੀ ਮੁਤਾਬਕ ਹਾਦਸੇ ਤੋਂ ਬਾਅਦ ਮੌਕੇ ’ਤੇ ਲੋਕਾਂ ਦੀ ਭੀੜ ਇਕੱਠੀ ਹੋ ਗਈ। ਲੋਕਾਂ ਨੇ ਕਾਫੀ ਮਸ਼ੱਕਤ ਤੋਂ ਬਾਅਦ ਕਾਰ ਵਿੱਚ ਫਸੇ ਤਿੰਨਾਂ ਜ਼ਖਮੀਆਂ ਨੂੰ ਬਾਹਰ ਕੱਢਿਆ। ਇਸ ਦੌਰਾਨ ਜੇਸੀਬੀ ਦੀ ਮਦਦ ਵੀ ਲਈ ਗਈ ਅਤੇ ਜ਼ਖਮੀਆਂ ਨੂੰ ਇਲਾਜ ਲਈ ਰੂਪਨਗਰ ਦੇ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ। ਦੱਸਿਆ ਜਾ ਰਿਹਾ ਹੈ ਕਿ ਤਿੰਨਾਂ ਦੀ ਹਾਲਤ ਖਤਰੇ ਤੋਂ ਬਾਹਰ ਹੈ।

ਬੈਰੀਕੇਡ ਤੇ ਟਿੱਪਰਾਂ ਨੂੰ ਲੈ ਕੇ ਲੋਕਾਂ ਨੇ ਚੁੱਕੇ ਸਵਾਲ

ਹਾਦਸੇ ਤੋਂ ਬਾਅਦ ਇਕੱਠੀ ਹੋਈ ਭੀੜ ਨੇ ਦੋਸ਼ ਲਗਾਇਆ ਕਿ ਮਾਈਨਿੰਗ ਵਿਭਾਗ ਵੱਲੋਂ ਸੜਕ ’ਤੇ ਲਗਾਏ ਗਏ ਬੈਰੀਕੇਡਾਂ ਅਤੇ ਉੱਥੇ ਖੜ੍ਹੇ ਟਿੱਪਰਾਂ ਕਾਰਨ ਹਾਦਸੇ ਦੀ ਸਥਿਤੀ ਬਣੀ। ਲੋਕਾਂ ਦਾ ਕਹਿਣਾ ਸੀ ਕਿ ਇਸ ਥਾਂ ’ਤੇ ਨਾਕਾ ਲਗਾਉਣ ਲਈ ਢੁਕਵੀਂ ਜਗ੍ਹਾ ਨਹੀਂ ਹੈ ਅਤੇ ਸੜਕ ’ਤੇ ਵੱਡੀ ਗਿਣਤੀ ਵਿੱਚ ਵਾਹਨ ਖੜ੍ਹੇ ਹੋਣ ਕਾਰਨ ਆਵਾਜਾਈ ਪ੍ਰਭਾਵਿਤ ਹੁੰਦੀ ਹੈ।

ਕੁਝ ਲੋਕਾਂ ਨੇ ਕੈਮਰੇ ਸਾਹਮਣੇ ਨਾ ਆਉਣ ਦੀ ਸ਼ਰਤ ’ਤੇ ਦੱਸਿਆ ਕਿ ਹਾਦਸੇ ਸਮੇਂ ਸੜਕ ’ਤੇ ਕਈ ਟਿੱਪਰ ਖੜ੍ਹੇ ਸਨ। ਕਾਰ ਚਾਲਕ ਨੇ ਟਿੱਪਰਾਂ ਨੂੰ ਦੇਖ ਕੇ ਗੱਡੀ ਦੀ ਰਫ਼ਤਾਰ ਘਟਾਈ ਅਤੇ ਬਰੇਕ ਲਗਾਈ। ਇਸੇ ਦੌਰਾਨ ਪਿੱਛੋਂ ਆ ਰਹੇ ਇੱਕ ਅਣਪਛਾਤੇ ਵੱਡੇ ਵਾਹਨ ਨੇ ਕਾਰ ਨੂੰ ਟੱਕਰ ਮਾਰ ਦਿੱਤੀ। ਟੱਕਰ ਤੋਂ ਬਾਅਦ ਕਾਰ ਅੱਗੇ ਖੜ੍ਹੇ ਟਿੱਪਰ ਨਾਲ ਜਾ ਟਕਰਾਈ, ਜਿਸ ਕਾਰਨ ਕਾਰ ਬੁਰੀ ਤਰ੍ਹਾਂ ਨੁਕਸਾਨੀ ਗਈ ਅਤੇ ਪਰਿਵਾਰ ਅੰਦਰ ਫਸ ਗਿਆ।

ਹਾਦਸੇ ਤੋਂ ਬਾਅਦ ਮਾਈਨਿੰਗ ਅਧਿਕਾਰੀਆਂ ਦੀ ਗੱਡੀ ਪਲਟਾਈ

ਘਟਨਾ ਤੋਂ ਬਾਅਦ ਮੌਕੇ ’ਤੇ ਮੌਜੂਦ ਭੀੜ ਵੱਲੋਂ ਮਾਈਨਿੰਗ ਵਿਭਾਗ ਦੇ ਅਧਿਕਾਰੀਆਂ ਦੀ ਗੱਡੀ ਨੂੰ ਵੀ ਪਲਟਾ ਦਿੱਤਾ ਗਿਆ। ਇਸ ਮਾਮਲੇ ਵਿੱਚ ਥਾਣਾ ਕੀਰਤਪੁਰ ਸਾਹਿਬ ਦੀ ਪੁਲਿਸ ਨੇ ਮਾਈਨਿੰਗ ਵਿਭਾਗ ਦੇ ਅਧਿਕਾਰੀਆਂ ਦੇ ਬਿਆਨਾਂ ਦੇ ਆਧਾਰ ’ਤੇ 20-25 ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ।

ਥਾਣਾ ਕੀਰਤਪੁਰ ਸਾਹਿਬ ਦੇ ਤਫਤੀਸ਼ੀ ਅਧਿਕਾਰੀ ਪਵਨਦੀਪ ਸਿੰਘ ਨੇ ਦੱਸਿਆ ਕਿ ਮਾਈਨਿੰਗ ਵਿਭਾਗ ਦੇ ਅਧਿਕਾਰੀਆਂ ਦੀ ਗੱਡੀ ਪਲਟਾਉਣ ਦੇ ਮਾਮਲੇ ਵਿੱਚ ਕਾਰਵਾਈ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਕਾਰ ਸਵਾਰਾਂ ਸਬੰਧੀ ਫਿਲਹਾਲ ਪੁਲਿਸ ਨੂੰ ਕੋਈ ਜਾਣਕਾਰੀ ਨਹੀਂ ਮਿਲੀ। ਜਦੋਂ ਕਾਰ ਸਵਾਰ ਆਪਣੇ ਬਿਆਨ ਦਰਜ ਕਰਵਾਉਣਗੇ ਤਾਂ ਉਨ੍ਹਾਂ ਦੇ ਬਿਆਨਾਂ ਦੇ ਆਧਾਰ ’ਤੇ ਅਗਲੀ ਕਾਰਵਾਈ ਕੀਤੀ ਜਾਵੇਗੀ।

ਜੇਸੀਬੀ ਦੀ ਮਦਦ ਨਾਲ ਜ਼ਖਮੀਆਂ ਨੂੰ ਕੱਢਿਆ ਬਾਹਰ

ਜ਼ਖਮੀਆਂ ਨੂੰ ਹਸਪਤਾਲ ਪਹੁੰਚਾਉਣ ਵਾਲੇ ਵਿਅਕਤੀ ਨੇ ਦੱਸਿਆ ਕਿ ਹਾਦਸੇ ਦੀ ਸੂਚਨਾ ਮਿਲਦੇ ਹੀ ਉਹ ਮੌਕੇ ’ਤੇ ਪਹੁੰਚਿਆ ਅਤੇ ਆਪਣੀ ਜੇਸੀਬੀ ਬੁਲਾਈ। ਜੇਸੀਬੀ ਦੀ ਮਦਦ ਨਾਲ ਕਾਰ ਵਿੱਚ ਫਸੇ ਪਤੀ-ਪਤਨੀ ਅਤੇ ਉਨ੍ਹਾਂ ਦੇ ਬੱਚੇ ਨੂੰ ਬਾਹਰ ਕੱਢ ਕੇ ਹਸਪਤਾਲ ਪਹੁੰਚਾਇਆ ਗਿਆ। ਉਸ ਨੇ ਵੀ ਸੜਕ ’ਤੇ ਲੱਗੇ ਬੈਰੀਕੇਡਾਂ ਅਤੇ ਖੜ੍ਹੇ ਟਿੱਪਰਾਂ ਨੂੰ ਲੈ ਕੇ ਸਵਾਲ ਚੁੱਕੇ।

ਸ੍ਰੀ ਆਨੰਦਪੁਰ ਸਾਹਿਬ ਤੋਂ ਵਾਪਸ ਲੁਧਿਆਣਾ ਜਾ ਰਿਹਾ ਸੀ ਪਰਿਵਾਰ

ਉਧਰ ਕਾਰ ਚਾਲਕ ਅਤਿੰਦਰ ਪਾਲ ਸਿੰਘ ਨਾਲ ਫੋਨ ’ਤੇ ਗੱਲਬਾਤ ਦੌਰਾਨ ਉਸ ਨੇ ਦੱਸਿਆ ਕਿ ਉਹ ਆਪਣੇ ਪਰਿਵਾਰ ਸਮੇਤ ਸ੍ਰੀ ਆਨੰਦਪੁਰ ਸਾਹਿਬ ਦੇ ਗੁਰੂ ਘਰਾਂ ਵਿੱਚ ਮੱਥਾ ਟੇਕਣ ਤੋਂ ਬਾਅਦ ਲੁਧਿਆਣਾ ਵਾਪਸ ਜਾ ਰਹੇ ਸਨ। ਰਸਤੇ ਵਿੱਚ ਬੈਰੀਕੇਡ ਅਤੇ ਟਿੱਪਰ ਖੜ੍ਹੇ ਹੋਣ ਕਾਰਨ ਉਨ੍ਹਾਂ ਨੇ ਕਾਰ ਦੀ ਰਫ਼ਤਾਰ ਹੌਲੀ ਕਰਕੇ ਬਰੇਕ ਲਗਾਈ।

ਇਸੇ ਦੌਰਾਨ ਪਿੱਛੋਂ ਆ ਰਹੇ ਇੱਕ ਅਣਪਛਾਤੇ ਵਾਹਨ ਨੇ ਉਨ੍ਹਾਂ ਦੀ ਕਾਰ ਨੂੰ ਟੱਕਰ ਮਾਰ ਦਿੱਤੀ। ਇਸ ਤੋਂ ਬਾਅਦ ਉਸ ਨੂੰ ਕੁਝ ਪਤਾ ਨਹੀਂ ਲੱਗਿਆ ਅਤੇ ਲੋਕਾਂ ਨੇ ਉਸ ਸਮੇਤ ਉਸ ਦੇ ਪਰਿਵਾਰ ਨੂੰ ਕਾਰ ਵਿੱਚੋਂ ਬਾਹਰ ਕੱਢ ਕੇ ਹਸਪਤਾਲ ਪਹੁੰਚਾਇਆ।

ਅਤਿੰਦਰ ਪਾਲ ਸਿੰਘ ਨੇ ਦੱਸਿਆ ਕਿ ਰਾਹਤ ਦੀ ਗੱਲ ਹੈ ਕਿ ਉਸ ਦਾ ਪਰਿਵਾਰ ਠੀਕ ਹੈ ਅਤੇ ਉਨ੍ਹਾਂ ਨੂੰ ਮਾਮੂਲੀ ਸੱਟਾਂ ਹੀ ਲੱਗੀਆਂ ਹਨ। ਫਿਲਹਾਲ ਪੁਲਿਸ ਵੱਲੋਂ ਪੂਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

NO COMMENTS

LEAVE A REPLY

Please enter your comment!
Please enter your name here

Exit mobile version