ਮਹਾਰਾਸ਼ਟਰ: ਮਹਾਰਾਸ਼ਟਰ ਦੇ ਗੋਂਦੀਆ ਨੇੜੇ ਬੀਤੀ ਰਾਤ ਇੱਕ ਭਿਆਨਕ ਸੜਕ ਹਾਦਸਾ ਵਾਪਰਿਆ। ਗੋਂਦੀਆ-ਬਾਲਾਘਾਟ ਸਟੇਟ ਹਾਈਵੇਅ ’ਤੇ ਨਾਗਰਾ ਪਿੰਡ ਨੇੜੇ ਇੱਕ ਤੇਜ਼ ਰਫ਼ਤਾਰ ਟਰੱਕ ਨੇ ਮਜ਼ਦੂਰਾਂ ਨਾਲ ਭਰੀ ਬੋਲੇਰੋ ਗੱਡੀ ਨੂੰ ਟੱਕਰ ਮਾਰ ਦਿੱਤੀ। ਹਾਦਸਾ ਇੰਨਾ ਜ਼ਬਰਦਸਤ ਸੀ ਕਿ ਬੋਲੇਰੋ ਬੁਰੀ ਤਰ੍ਹਾਂ ਨੁਕਸਾਨੀ ਗਈ। ਇਸ ਹਾਦਸੇ ਵਿੱਚ 3 ਸਾਲ ਦੇ ਬੱਚੇ ਸਮੇਤ 6 ਲੋਕਾਂ ਦੀ ਮੌਤ ਹੋ ਗਈ, ਜਦਕਿ 7 ਹੋਰ ਲੋਕ ਜ਼ਖ਼ਮੀ ਦੱਸੇ ਜਾ ਰਹੇ ਹਨ।
ਪੁਲਿਸ ਮੁਤਾਬਕ ਮੱਧ ਪ੍ਰਦੇਸ਼ ਦੇ ਬਾਲਾਘਾਟ ਜ਼ਿਲ੍ਹੇ ਦੀ ਕਿਰਨਾਪੁਰ ਅਤੇ ਲਾਂਜੀ ਤਹਿਸੀਲ ਦੇ ਵੱਖ-ਵੱਖ ਪਿੰਡਾਂ ਤੋਂ ਮਜ਼ਦੂਰ ਆਪਣੇ ਪਰਿਵਾਰਾਂ ਸਮੇਤ ਬੋਲੇਰੋ ਵਿੱਚ ਸਵਾਰ ਹੋ ਕੇ ਤੇਲੰਗਾਨਾ ਦੇ ਹੈਦਰਾਬਾਦ ਵੱਲ ਜਾ ਰਹੇ ਸਨ। ਰਾਤ ਕਰੀਬ 11:30 ਵਜੇ ਜਦੋਂ ਬੋਲੇਰੋ ਗੋਂਦੀਆ ਸ਼ਹਿਰ ਤੋਂ ਲਗਭਗ 5 ਕਿਲੋਮੀਟਰ ਦੂਰ ਨਾਗਰਾ ਨੇੜੇ ਪਹੁੰਚੀ ਤਾਂ ਸਾਹਮਣੇ ਤੋਂ ਆ ਰਹੇ ਇੱਕ ਟਰੱਕ ਨਾਲ ਇਸ ਦੀ ਟੱਕਰ ਹੋ ਗਈ।
ਟੱਕਰ ਤੋਂ ਬਾਅਦ ਬੋਲੇਰੋ ਬੁਰੀ ਤਰ੍ਹਾਂ ਨੁਕਸਾਨੀ ਗਈ ਅਤੇ ਕਈ ਲੋਕ ਗੱਡੀ ਵਿੱਚ ਫਸ ਗਏ। ਹਾਦਸੇ ਦੀ ਸੂਚਨਾ ਮਿਲਦੇ ਹੀ ਗੋਂਦੀਆ ਗ੍ਰਾਮੀਣ ਪੁਲਿਸ ਦੀ ਟੀਮ ਮੌਕੇ ’ਤੇ ਪਹੁੰਚੀ ਅਤੇ ਰਾਹਤ ਤੇ ਬਚਾਅ ਕਾਰਜ ਸ਼ੁਰੂ ਕੀਤਾ ਗਿਆ। ਪੁਲਿਸ ਅਤੇ ਬਚਾਅ ਟੀਮਾਂ ਨੇ ਗੱਡੀ ਵਿੱਚ ਫਸੇ ਲੋਕਾਂ ਨੂੰ ਬਾਹਰ ਕੱਢ ਕੇ ਹਸਪਤਾਲ ਪਹੁੰਚਾਇਆ। ਹਸਪਤਾਲ ਵਿੱਚ ਡਾਕਟਰਾਂ ਨੇ 6 ਲੋਕਾਂ ਨੂੰ ਮ੍ਰਿਤਕ ਐਲਾਨ ਦਿੱਤਾ।
ਇਸ ਮਾਮਲੇ ਵਿੱਚ ਜ਼ਖ਼ਮੀ ਰਾਜੇਂਦਰ ਸ਼ਿਵਚਰਨ ਪੰਧਾਰੇ, ਵਾਸੀ ਪਿਪਲਗਾਂਵ ਖੁਰਦ, ਕਿਰਨਾਪੁਰ, ਬਾਲਾਘਾਟ ਦੇ ਬਿਆਨ ਦੇ ਆਧਾਰ ’ਤੇ ਗੋਂਦੀਆ ਗ੍ਰਾਮੀਣ ਪੁਲਿਸ ਨੇ ਟਰੱਕ ਡਰਾਈਵਰ ਮੋਹਸਿਨ ਖਾਨ (32) ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਪੁਲਿਸ ਮੁਤਾਬਕ ਮਾਮਲਾ ਭਾਰਤੀ ਨਿਆਂ ਸੰਹਿਤਾ (BNS) ਦੀਆਂ ਧਾਰਾਵਾਂ 281, 106(1), 125(a), 125(b) ਅਤੇ ਮੋਟਰ ਵਹੀਕਲ ਐਕਟ ਦੀ ਧਾਰਾ 184 ਤਹਿਤ ਦਰਜ ਕੀਤਾ ਗਿਆ ਹੈ।
ਮਾਮਲੇ ਦੀ ਅਗਲੀ ਜਾਂਚ ਪੁਲਿਸ ਇੰਸਪੈਕਟਰ ਵੈਭਵ ਪਵਾਰ ਦੀ ਅਗਵਾਈ ਹੇਠ ਮਹਿਲਾ ਸਹਾਇਕ ਪੁਲਿਸ ਉਪ-ਨਿਰੀਖਕ ਵਰਸ਼ਾ ਨੈਤਾਮ ਵੱਲੋਂ ਕੀਤੀ ਜਾ ਰਹੀ ਹੈ।












