ਝਾਰਖੰਡ : ਭਾਰਤੀ ਮੌਸਮ ਵਿਭਾਗ (IMD) ਨੇ ਅੱਜ ਬੰਗਾਲ ਦੀ ਖਾੜੀ ਵਿੱਚ ਬਣੇ ਚੱਕਰਵਾਤ ਦੇ ਪ੍ਰਭਾਵ ਕਾਰਨ ਝਾਰਖੰਡ ਦੇ ਕੁਝ ਹਿੱਸਿਆਂ ਵਿੱਚ 31 ਅਕਤੂਬਰ ਤੱਕ ਭਾਰੀ ਤੋਂ ਬਹੁਤ ਭਾਰੀ ਮੀਂਹ ਪੈਣ ਦੀ ਭਵਿੱਖਬਾਣੀ ਕੀਤੀ ਹੈ।
ਇਨ੍ਹਾਂ ਜ਼ਿਲ੍ਹਿਆਂ ਵਿੱਚ ਭਾਰੀ ਤੋਂ ਬਹੁਤ ਭਾਰੀ ਮੀਂਹ ਦੀ ਚੇਤਾਵਨੀ
ਮੌਸਮ ਵਿਗਿਆਨੀਆਂ ਨੇ ਝਾਰਖੰਡ ਲਈ ਇੱਕ ਚੇਤਾਵਨੀ ਜਾਰੀ ਕੀਤੀ, ਜਿਸ ਵਿੱਚ ਕਿਹਾ ਗਿਆ ਹੈ ਕਿ ਅੱਜ ਸਿਮਡੇਗਾ, ਪੱਛਮੀ ਸਿੰਘਭੂਮ, ਖੁੰਟੀ ਅਤੇ ਗੁਮਲਾ ਦੇ ਕੁਝ ਹਿੱਸਿਆਂ ਵਿੱਚ ਭਾਰੀ ਮੀਂਹ ਪੈਣ ਦੀ ਸੰਭਾਵਨਾ ਹੈ, ਜਦੋਂ ਕਿ ਬੁੱਧਵਾਰ ਨੂੰ ਚਤਰਾ, ਗੜ੍ਹਵਾ, ਲਾਤੇਹਾਰ ਅਤੇ ਪਲਾਮੂ ਦੇ ਕੁਝ ਹਿੱਸਿਆਂ ਵਿੱਚ ਬਹੁਤ ਭਾਰੀ ਮੀਂਹ ਪੈਣ ਦੀ ਸੰਭਾਵਨਾ ਹੈ। ਉਨ੍ਹਾਂ ਇਹ ਵੀ ਕਿਹਾ ਕਿ 30 ਅਤੇ 31 ਅਕਤੂਬਰ ਨੂੰ ਗਿਰੀਡੀਹ, ਕੋਡਰਮਾ, ਲੋਹਾਰਦਗਾ, ਬੋਕਾਰੋ, ਰਾਮਗੜ੍ਹ, ਹਜ਼ਾਰੀਬਾਗ, ਰਾਂਚੀ, ਖੁੰਟੀ, ਗੁਮਲਾ, ਦੁਮਕਾ, ਗੋਡਾ, ਪਾਕੁਰ ਅਤੇ ਸਾਹਿਬਗੰਜ ਦੇ ਕੁਝ ਹਿੱਸਿਆਂ ਵਿੱਚ ਵੀ ਮੀਂਹ ਪੈਣ ਦੀ ਉਮੀਦ ਹੈ।
IMD ਨੇ ਇੱਕ ਬੁਲੇਟਿਨ ਵਿੱਚ ਕਿਹਾ ਕਿ ਚੱਕਰਵਾਤ ਮੋਨਥਾ ਅੱਜ ਸਵੇਰੇ 5:30 ਵਜੇ ਤੱਕ ਇੱਕ ਗੰਭੀਰ ਚੱਕਰਵਾਤੀ ਤੂਫਾਨ ਵਿੱਚ ਬਦਲ ਗਿਆ। “ਮੋਂਥਾ” ਦਾ ਅਰਥ ਥਾਈ ਵਿੱਚ ਖੁਸ਼ਬੂਦਾਰ ਫੁੱਲ ਹੈ। ਇਹ ਤੂਫ਼ਾਨ ਸਵੇਰੇ 5:30 ਵਜੇ ਕੇਂਦਰਿਤ ਸੀ, ਜੋ ਕਿ ਆਂਧਰਾ ਪ੍ਰਦੇਸ਼ ਵਿੱਚ ਮਛਲੀਪਟਨਮ ਤੋਂ 190 ਕਿਲੋਮੀਟਰ ਦੱਖਣ-ਪੂਰਬ, ਕਾਕੀਨਾਡਾ ਤੋਂ 270 ਕਿਲੋਮੀਟਰ ਦੱਖਣ-ਪੂਰਬ ਅਤੇ ਵਿਸ਼ਾਖਾਪਟਨਮ ਤੋਂ 340 ਕਿਲੋਮੀਟਰ ਦੱਖਣ-ਦੱਖਣ-ਪੂਰਬ ਵਿੱਚ ਸੀ।
110 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਚੱਲਣਗੀਆਂ ਹਵਾਵਾਂ
ਬੁਲੇਟਿਨ ਵਿੱਚ ਦੱਸਿਆ ਗਿਆ ਹੈ, ”ਇਸਦੇ ਉੱਤਰ-ਉੱਤਰ ਪੱਛਮ ਵੱਲ ਵਧਣ ਅਤੇ ਮੰਗਲਵਾਰ ਦੀ ਸ਼ਾਮ ਅਤੇ ਰਾਤ ਦੌਰਾਨ ਭਿਆਨਕ ਚੱਕਰਵਾਤੀ ਤੂਫਾਨ ਦੇ ਰੂਪ ਵਿੱਚ ਮੱਛਲੀਪੱਟਨਮ ਅਤੇ ਕਲਿੰਗਪੱਟਨਮ ਦੇ ਵਿਚਕਾਰ ਕਾਕੀਨਾਡਾ ਦੇ ਨੇੜੇ ਆਂਧਰਾ ਪ੍ਰਦੇਸ਼ ਦੇ ਕੰਢੇ ਨੂੰ ਪਾਰ ਕਰਨ ਦੀ ਸੰਭਾਵਨਾ ਹੈ। ਇਸ ਦੌਰਾਨ ਹਵਾ ਦੀ ਵੱਧ ਤੋਂ ਵੱਧ ਗਤੀ 90-100 ਕਿਲੋਮੀਟਰ ਪ੍ਰਤੀ ਘੰਟਾ ਹੋਵੇਗੀ ਅਤੇ ਹਵਾਵਾਂ 110 ਕਿਲੋਮੀਟਰ ਪ੍ਰਤੀ ਘੰਟਾ ਦੀ ਰਫਤਾਰ ਨਾਲ ਚੱਲ ਸਕਦੀਆਂ ਹਨ।”











