ਨਵੀਂ ਦਿੱਲੀ : ਦਿੱਲੀ-ਐਨ.ਸੀ.ਆਰ. ਵਿੱਚ ਇੱਕ ਵਾਰ ਫਿਰ ਮੌਸਮ ਬਦਲ ਗਿਆ ਹੈ। ਦਿੱਲੀ ਅਤੇ ਨੋਇਡਾ ਸਮੇਤ ਕਈ ਇਲਾਕਿਆਂ ਵਿੱਚ ਤੇਜ਼ ਤੂਫ਼ਾਨ ਤੋਂ ਬਾਅਦ ਮੀਂਹ ਵੀ ਪੈਣਾ ਸ਼ੁਰੂ ਹੋ ਗਿਆ ਹੈ। ਅੱਜ ਸਵੇਰ ਤੋਂ ਨਮੀ ਵਾਲੀ ਗਰਮੀ ਨੂੰ ਸਹਿਣ ਕਰਨ ਤੋਂ ਬਾਅਦ, ਦੁਪਹਿਰ ਨੂੰ ਆਏ ਇਸ ਬਦਲਾਅ ਨਾਲ ਨਿਵਾਸੀਆਂ ਨੂੰ ਥੋੜੀ ਰਾਹਤ ਮਿਲੀ ਹੈ। ਇਸ ਦੌਰਾਨ, ਮੌਸਮ ਵਿਭਾਗ ਨੇ ਅਗਲੇ ਤਿੰਨ ਘੰਟਿਆਂ ਵਿੱਚ ਦਿੱਲੀ ਐਨ.ਸੀ.ਆਰ. ਦੇ ਕਈ ਇਲਾਕਿਆਂ ਵਿੱਚ ਗਰਜ-ਤੂਫ਼ਾਨ ਦੇ ਨਾਲ ਮੀਂਹ ਦੀ ਚੇਤਾਵਨੀ ਦਿੰਦੇ ਹੋਏ ਰੈੱਡ ਅਲਰਟ ਜਾਰੀ ਕੀਤੀ ਹੈ।
ਆਈ.ਐਮ.ਡੀ. ਨੇ ਕਿਹਾ ਹੈ ਕਿ ਅਗਲੇ ਇੱਕ ਘੰਟੇ ਦੇ ਦੌਰਾਨ ਦਿੱਲੀ ਦੇ ਉੱਤਰੀ ਹਿੱਸਿਆਂ ਵਿੱਚ ਹਲਕੇ ਤੋਂ ਦਰਮਿਆਨਾ ਮੀਂਹ ਦੇ ਨਾਲ ਤੂਫ਼ਾਨ, ਬਿਜਲੀ ਚਮਕਣ ਦੀ ਸੰਭਾਵਨਾ ਹੈ। ਅਗਲੇ ਤਿੰਨ ਘੰਟਿਆਂ ਦੌਰਾਨ ਦਿੱਲੀ ਦੇ ਜ਼ਿਆਦਾਤਰ ਹਿੱਸਿਆਂ ਵਿੱਚ ਦਰਮਿਆਨਾ ਤੋਂ ਭਾਰੀ ਮੀਂਹ, ਗਰਜ ਅਤੇ ਬਿਜਲੀ ਡਿੱਗਣ ਦੀ ਸੰਭਾਵਨਾ ਹੈ। ਵੱਧ ਤੋਂ ਵੱਧ ਤਾਪਮਾਨ 32 ਤੋਂ 34 ਡਿਗਰੀ ਸੈਲਸੀਅਸ ਦੇ ਵਿਚਕਾਰ ਰਹਿਣ ਦੀ ਉਮੀਦ ਹੈ।












