ਨਵੀਂ ਦਿੱਲੀ : ਦੱਖਣੀ ਭਾਰਤ ਦੇ ਕਈ ਰਾਜਾਂ ਵਿੱਚ ਜਿੱਥੇ ਭਾਰੀ ਮੀਂਹ ਪੈ ਰਿਹਾ ਹੈ, ਉੱਥੇ ਹੀ ਉੱਤਰ ਭਾਰਤ ਵਿੱਚ ਮੌਸਮ ਹੌਲੀ-ਹੌਲੀ ਬਦਲ ਰਿਹਾ ਹੈ। ਦਿੱਲੀ-NCR ਵਿੱਚ ਠੰਡੀ ਹਵਾ ਚੱਲ ਰਹੀ ਹੈ। ਇਸ ਦੇ ਕਾਰਨ ਤਾਪਮਾਨ ਵਿੱਚ ਗਿਰਾਵਟ ਆਈ ਹੈ। ਦਿੱਲੀ ਵਿੱਚ ਅੱਜ ਸਵੇਰੇ ਹਲਕੀ ਧੁੰਧ ਹੈ ਅਤੇ ਅਕਾਸ਼ ਵਿੱਚ ਬੱਦਲ ਛਾਏ ਹੋਏ ਹਨ। ਮੌਸਮ ਵਿਭਾਗ ਨੇ ਅਗਲੇ 24 ਘੰਟਿਆਂ ਦੇ ਦੌਰਾਨ ਹਲਕੇ ਮੀਂਹ ਦੀ ਚੇਤਾਵਨੀ ਜਾਰੀ ਕੀਤੀ ਹੈ। ਇਸ ਨਾਲ ਤਾਪਮਾਨ ਹੋਰ ਘੱਟ ਸਕਦਾ ਹੈ, ਜਿਸ ਨਾਲ ਸਵੇਰ ਅਤੇ ਸ਼ਾਮ ਕਾਫ਼ੀ ਠੰਢੀ ਹੋ ਜਾਵੇਗੀ।
ਤੇਜ਼ ਹਵਾਵਾਂ ਦੇ ਨਾਲ ਇੱਥੇ ਵੀ ਪਵੇਗਾ ਮੀਂਹ
ਚੱਕਰਵਾਤ ਮੋਨਥਾ ਦੇ ਪ੍ਰਭਾਵ ਕਾਰਨ ਕਈ ਰਾਜਾਂ ਵਿੱਚ ਭਾਰੀ ਮੀਂਹ ਪੈ ਰਿਹਾ ਹੈ। ਮੌਸਮ ਵਿਭਾਗ ਨੇ ਅੱਜ ਯਾਨੀ 30 ਅਕਤੂਬਰ ਨੂੰ ਤਾਮਿਲਨਾਡੂ, ਤੇਲੰਗਾਨਾ, ਕਰਨਾਟਕ ਅਤੇ ਰਾਇਲਸੀਮਾ ਵਿੱਚ ਗਰਜ-ਤੂਫ਼ਾਨ ਦੇ ਨਾਲ ਭਾਰੀ ਮੀਂਹ ਪੈਣ ਦੀ ਚੇਤਾਵਨੀ ਦਿੱਤੀ ਹੈ। 30 ਅਤੇ 31 ਅਕਤੂਬਰ ਨੂੰ ਬਿਹਾਰ, ਝਾਰਖੰਡ, ਪੂਰਬੀ ਮੱਧ ਪ੍ਰਦੇਸ਼, ਵਿਦਰਭ ਅਤੇ ਛੱਤੀਸਗੜ੍ਹ ਵਿੱਚ ਤੇਜ਼ ਹਵਾਵਾਂ ਦੇ ਨਾਲ ਮੀਂਹ ਪੈਣ ਦੀ ਸੰਭਾਵਨਾ ਹੈ। 31 ਤਰੀਕ ਨੂੰ ਉਪ-ਹਿਮਾਲੀਅਨ ਪੱਛਮੀ ਬੰਗਾਲ ਅਤੇ ਸਿੱਕਮ ਵਿੱਚ ਭਾਰੀ ਮੀਂਹ ਪੈਣ ਦੀ ਸੰਭਾਵਨਾ ਹੈ। ਇਸ ਸਮੇਂ ਦੌਰਾਨ, 30-40 ਕਿਲੋਮੀਟਰ ਦੀ ਰਫ਼ਤਾਰ ਨਾਲ ਤੇਜ਼ ਹਵਾਵਾਂ ਚੱਲ ਸਕਦੀਆਂ ਹਨ।
ਮੌਸਮ ਵਿਭਾਗ ਦੇ ਅਨੁਸਾਰ, 30 ਅਕਤੂਬਰ ਨੂੰ ਪੂਰਬੀ ਰਾਜਸਥਾਨ, ਗੁਜਰਾਤ, ਮੱਧ ਮਹਾਰਾਸ਼ਟਰ, ਮਰਾਠਵਾੜਾ, ਸੌਰਾਸ਼ਟਰ ਅਤੇ ਕੁਝ ਖੇਤਰਾਂ ਵਿੱਚ ਭਾਰੀਂ ਮੀਂਹ ਪੈਣ ਦੀ ਸੰਭਾਵਨਾ ਹੈ। 31 ਅਕਤੂਬਰ ਤੋਂ 1 ਨਵੰਬਰ ਤੱਕ ਅਰੁਣਾਚਲ ਪ੍ਰਦੇਸ਼, ਅਸਾਮ, ਮੇਘਾਲਿਆ, ਨਾਗਾਲੈਂਡ, ਮਨੀਪੁਰ, ਮਿਜ਼ੋਰਮ ਅਤੇ ਤ੍ਰਿਪੁਰਾ ਵਿੱਚ ਭਾਰੀ ਮੀਂਹ ਪੈਣ ਦੀ ਸੰਭਾਵਨਾ ਹੈ।
ਝਾਰਖੰਡ ਵਿੱਚ ਮੀਂਹ ਦਾ ਅਲਰਟ
ਰਾਂਚੀ ਮੈਟਿਓਰੋਲੋਜੀਕਲ ਸੈਂਟਰ ਨੇ 30 ਤੋਂ 31 ਅਕਤੂਬਰ ਤੱਕ ਝਾਰਖੰਡ ਦੇ ਕਈ ਜ਼ਿਲ੍ਹਿਆਂ ਵਿੱਚ ਭਾਰੀ ਮੀਂਹ ਦੀ ਭਵਿੱਖਬਾਣੀ ਕੀਤੀ ਹੈ। ਰਾਜ ਦੇ ਕਈ ਹਿੱਸਿਆਂ ਵਿੱਚ ਤੇਜ਼ ਹਵਾਵਾਂ ਦੇ ਨਾਲ ਗਰਜ ਅਤੇ ਬਿਜਲੀ ਡਿੱਗਣ ਦੀ ਵੀ ਉਮੀਦ ਹੈ।
ਬਿਹਾਰ ਵਿੱਚ ਮੀਂਹ ਦੀ ਚੇਤਾਵਨੀ
ਪਟਨਾ ਮੌਸਮ ਵਿਭਾਗ ਨੇ 30 ਅਕਤੂਬਰ ਤੋਂ ਬਿਹਾਰ ਵਿੱਚ ਭਾਰੀ ਮੀਂਹ ਦੀ ਚੇਤਾਵਨੀ ਜਾਰੀ ਕੀਤੀ ਹੈ। 30 ਤੋਂ 31 ਅਕਤੂਬਰ ਤੱਕ ਕਈ ਜ਼ਿਲ੍ਹਿਆਂ ਵਿੱਚ ਭਾਰੀ ਮੀਂਹ ਅਤੇ ਤੇਜ਼ ਹਵਾਵਾਂ ਚੱਲਣ ਦੀ ਉਮੀਦ ਹੈ।
ਪੱਛਮੀ ਬੰਗਾਲ ਵਿੱਚ ਮੀਂਹ ਦੀ ਚੇਤਾਵਨੀ
ਪੱਛਮੀ ਬੰਗਾਲ ਵਿੱਚ 30 ਤੋਂ 31 ਅਕਤੂਬਰ ਤੱਕ ਭਾਰੀ ਮੀਂਹ ਦਾ ਅਲਰਟ ਜਾਰੀ ਕੀਤਾ ਗਿਆ ਹੈ। ਹਾਲਾਂਕਿ ਸਾਈਕਲੋਨ ਦੇ ਆਂਧਰਾ ਪ੍ਰਦੇਸ਼ ਦੇ ਕੰਢੇ ‘ਤੇ ਆਉਣ ਦੀ ਉਮੀਦ ਹੈ, ਪਰ ਇਸਦਾ ਪ੍ਰਭਾਵ ਕੋਲਕਾਤਾ, ਦੱਖਣੀ 24 ਪਰਗਨਾ, ਮੇਦਿਨੀਪੁਰ, ਹਾਵੜਾ, ਝਾਰਗ੍ਰਾਮ, ਪੁਰੁਲੀਆ, ਬਾਂਕੁੜਾ ਅਤੇ ਹੁਗਲੀ ਸਮੇਤ ਦੱਖਣੀ ਬੰਗਾਲ ਤੱਕ ਫੈਲ ਸਕਦਾ ਹੈ।
ਉੱਤਰ ਪ੍ਰਦੇਸ਼ ਚ ਕਿਵੇਂ ਦਾ ਰਹੇਗਾ ਮੌਸਮ
ਮੌਸਮ ਵਿਭਾਗ ਦੇ ਅਨੁਸਾਰ, ਉੱਤਰ ਪ੍ਰਦੇਸ਼ ਵਿੱਚ ਸਰਦੀ ਹੌਲੀ-ਹੌਲੀ ਵਧ ਰਹੀ ਹੈ। ਪੱਛਮੀ ਉੱਤਰ ਪ੍ਰਦੇਸ਼ ਵਿੱਚ ਬੱਦਲਵਾਈ ਦੇ ਬਾਵਜੂਦ, ਮੌਸਮ ਖੁਸ਼ਕ ਰਹਿਣ ਦੀ ਉਮੀਦ ਹੈ। ਆਈ.ਐਮ.ਡੀ. ਨੇ ਭਵਿੱਖਬਾਣੀ ਕੀਤੀ ਹੈ ਕਿ ਚੱਕਰਵਾਤ ਮੋਥਾ ਕਾਰਨ ਪ੍ਰਯਾਗਰਾਜ, ਵਾਰਾਣਸੀ, ਮਿਰਜ਼ਾਪੁਰ, ਗਾਜ਼ੀਪੁਰ ਅਤੇ ਮਊ ਵਿੱਚ ਗਰਜ-ਤੂਫ਼ਾਨ ਆ ਸਕਦਾ ਹੈ।
ਆਜ਼ਮਗੜ੍ਹ, ਸੰਤ ਰਵਿਦਾਸ ਨਗਰ, ਚੰਦੌਲੀ, ਜੌਨਪੁਰ, ਕੌਸ਼ੰਬੀ, ਪ੍ਰਤਾਪਗੜ੍ਹ ਅਤੇ ਚਿੱਤਰਕੂਟ ਵਿੱਚ ਹਲਕਾ ਮੀਂਹ ਪੈ ਸਕਦਾ ਹੈ। ਆਈਐਮਡੀ ਨੇ ਝਾਂਸੀ, ਕਾਨਪੁਰ ਅਤੇ ਲਖਨਊ ਦੇ ਕੁਝ ਹਿੱਸਿਆਂ ਵਿੱਚ ਵੀ ਮੀਂਹ ਦੀ ਭਵਿੱਖਬਾਣੀ ਕੀਤੀ ਹੈ। ਮੀਂਹ ਨਾਲ ਠੰਡ ਅਤੇ ਧੁੰਦ ਵਧ ਸਕਦੀ ਹੈ।











