ਉੱਤਰ ਪ੍ਰਦੇਸ: ਉੱਤਰ ਪ੍ਰਦੇਸ਼ ਦੇ ਬਾਰਾਬੰਕੀ ਜ਼ਿਲ੍ਹੇ ਤੋਂ ਬੇਹੱਦ ਦੁਖਦਾਈ ਖ਼ਬਰ ਸਾਹਮਣੇ ਆਈ ਹੈ। ਇੱਥੇ ਮਾਨਸਿਕ ਪਰੇਸ਼ਾਨੀ ਨਾਲ ਜੂਝ ਰਹੀ ਇੱਕ ਔਰਤ ਨੇ ਆਪਣੀਆਂ ਤਿੰਨ ਮਾਸੂਮ ਧੀਆਂ ਸਮੇਤ ਟਰੇਨ ਅੱਗੇ ਜਾ ਕੇ ਆਪਣੀ ਜਾਨ ਦੇ ਦਿੱਤੀ। ਇਸ ਦਰਦਨਾਕ ਘਟਨਾ ਵਿੱਚ ਮਾਂ ਸਮੇਤ ਚਾਰਾਂ ਦੀ ਮੌਤ ਹੋ ਗਈ। ਇਹ ਘਟਨਾ ਸ਼ੁੱਕਰਵਾਰ ਦੇਰ ਸ਼ਾਮ ਨਗਰ ਕੋਤਵਾਲੀ ਇਲਾਕੇ ਵਿੱਚ ਵਾਪਰੀ।
ਮਿਲੀ ਜਾਣਕਾਰੀ ਅਨੁਸਾਰ, ਗਾਂਧੀਨਗਰ ਦੇ ਰਹਿਣ ਵਾਲੇ ਰਾਮਤੇਜ ਪਾਲ ਦੀ ਪਤਨੀ ਕਿਰਨ ਦੇਵੀ (39) ਘਰ ਵਿੱਚ ਆਪਣੀਆਂ ਤਿੰਨ ਧੀਆਂ ਨਾਲ ਮੌਜੂਦ ਸੀ। ਸ਼ੁੱਕਰਵਾਰ ਦੁਪਹਿਰ ਨੂੰ ਰਾਮਤੇਜ ਆਪਣੀ ਪਤਨੀ ਲਈ ਦਵਾਈ ਲੈ ਕੇ ਘਰ ਆਏ ਸਨ। ਇਸ ਤੋਂ ਬਾਅਦ ਉਹ ਆਪਣੀ ਵੱਡੀ ਧੀ ਰਿਆ ਨੂੰ ਨਾਲ ਲੈ ਕੇ ਕੱਪੜੇ ਖ਼ਰੀਦਣ ਲਈ ਬਾਜ਼ਾਰ ਚਲੇ ਗਏ।
ਇਸੇ ਦੌਰਾਨ ਕਿਰਨ ਦੇਵੀ ਆਪਣੀਆਂ ਤਿੰਨਾਂ ਧੀਆਂ ਨੂੰ ਨਾਲ ਲੈ ਕੇ ਘਰੋਂ ਚਲੀ ਗਈ ਅਤੇ ਰੇਲਵੇ ਟਰੈਕ ‘ਤੇ ਪਹੁੰਚ ਗਈ। ਕੁਝ ਸਮੇਂ ਬਾਅਦ ਟਰੇਨ ਦੀ ਲਪੇਟ ਵਿੱਚ ਆਉਣ ਕਾਰਨ ਚਾਰਾਂ ਦੀ ਮੌਤ ਹੋ ਗਈ।
ਰਾਮਤੇਜ ਪਾਲ ਨੇ ਪੁਲਿਸ ਨੂੰ ਦੱਸਿਆ ਕਿ ਉਨ੍ਹਾਂ ਦੀ ਪਤਨੀ ਦੀ ਮਾਨਸਿਕ ਸਿਹਤ ਠੀਕ ਨਹੀਂ ਰਹਿੰਦੀ ਸੀ ਅਤੇ ਉਹ ਆਪਣੀ ਬਿਮਾਰੀ ਕਾਰਨ ਕਾਫ਼ੀ ਪਰੇਸ਼ਾਨ ਰਹਿੰਦੀ ਸੀ।
ਘਟਨਾ ਦੀ ਸੂਚਨਾ ਮਿਲਣ ਤੋਂ ਬਾਅਦ ਪੁਲਿਸ ਮੌਕੇ ‘ਤੇ ਪਹੁੰਚੀ ਅਤੇ ਜਾਂਚ ਸ਼ੁਰੂ ਕੀਤੀ। ਚਾਰਾਂ ਦੀਆਂ ਲਾਸ਼ਾਂ ਨੂੰ ਪੋਸਟਮਾਰਟਮ ਲਈ ਭੇਜਣ ਦੀ ਕਾਰਵਾਈ ਕੀਤੀ ਗਈ ਹੈ। ਦੱਸਿਆ ਜਾ ਰਿਹਾ ਹੈ ਕਿ ਰਾਮਤੇਜ ਪਾਲ ਜੰਗਲਾਤ ਵਿਭਾਗ ਵਿੱਚ ਦਰਜਾ ਚਾਰ ਕਰਮਚਾਰੀ ਹਨ। ਫਿਲਹਾਲ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
