ਮਹਾਰਾਸ਼ਟਰ : ਮਹਾਰਾਸ਼ਟਰ ਵਿੱਚ ਮਾਨਸੂਨ ਨੇ ਇੱਕ ਵਾਰ ਫਿਰ ਆਪਣੀ ਪੂਰੀ ਤਾਕਤ ਦਿਖਾਉਣੀ ਸ਼ੁਰੂ ਕਰ ਦਿੱਤੀ ਹੈ। ਮੁੰਬਈ ਮੈਟਰੋਪੋਲੀਟਨ ਰੀਜਨ (MMR) ਤੋਂ ਲੈ ਕੇ ਠਾਣੇ, ਪਾਲਘਰ, ਵਸਈ, ਨਾਲਾਸੋਪਾਰਾ ਅਤੇ ਭਿਵੰਡੀ ਤੱਕ, ਲਗਾਤਾਰ ਪੈ ਰਹੇ ਮੂਸਲਾਧਾਰ ਮੀਂਹ ਨੇ ਜਨਜੀਵਨ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕਰ ਦਿੱਤਾ ਹੈ। ਕਈ ਇਲਾਕਿਆਂ ਵਿੱਚ, ਸੜਕਾਂ ਪਾਣੀ ਵਿੱਚ ਡੁੱਬ ਗਈਆਂ ਹਨ, ਕਲੋਨੀਆਂ ਚਾਰੇ ਪਾਸਿਓਂ ਘਿਰੀਆਂ ਹੋਈਆਂ ਹਨ ਅਤੇ ਲੋਕਾਂ ਦਾ ਘਰ ਤੋਂ ਨਿਕਲਣਾ ਮੁਸ਼ਕਲ ਹੋ ਗਿਆ ਹੈ।
ਇਸ ਦੌਰਾਨ, ਭਾਰਤੀ ਮੌਸਮ ਵਿਭਾਗ (IMD) ਨੇ ਮੁੰਬਈ, ਠਾਣੇ, ਪਾਲਘਰ ਅਤੇ ਰਾਏਗੜ੍ਹ ਜ਼ਿਲ੍ਹਿਆਂ ਦੇ ਲਈ ਰੈੱਡ ਅਲਰਟ ਜਾਰੀ ਕੀਤਾ ਹੈ। ਵਿਭਾਗ ਨੇ ਅਗਲੇ ਕੁਝ ਘੰਟਿਆਂ ਲਈ ਕਈ ਖੇਤਰਾਂ ਵਿੱਚ ਭਾਰੀ ਮੀਂਹ ਦੀ ਚੇਤਾਵਨੀ ਦਿੱਤੀ ਹੈ। ਪਾਲਘਰ ਜ਼ਿਲ੍ਹੇ ਦੇ ਨਾਲਾਸੋਪਾਰਾ ਫਾਟਾ ਖੇਤਰ ਦੇ ਲੋਕਾਂ ਨੂੰ ਭਾਰੀ ਮੁਸ਼ਕਲ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਲਗਾਤਾਰ ਮੀਂਹ ਕਾਰਨ, ਹਾਈਵੇਅ ਦੇ ਨੇੜੇ ਸਥਿਤ ਇਹ ਖੇਤਰ ਗੋਡਿਆਂ ਤੱਕ ਪਾਣੀ ਨਾਲ ਭਰ ਗਿਆ ਹੈ।
ਸਤਵਾਲੀ ਰੋਡ: ਹਾਈਵੇਅ ਨੂੰ ਜੋੜਨ ਵਾਲੀ ਇੱਕ ਮੁੱਖ ਸੜਕ ਵੀ ਪਾਣੀ ਵਿੱਚ ਡੁੱਬੀ
ਵਸਈ ਪੂਰਬ ਵਿੱਚ ਸਤਿਵਲੀ ਰੋਡ, ਜੋ ਕਿ ਹਾਈਵੇਅ ਨੂੰ ਜੋੜਨ ਵਾਲੀ ਮੁੱਖ ਸੜਕ ਹੈ, ਵੀ ਮੀਂਹ ਦੇ ਪਾਣੀ ਨਾਲ ਭਰੀ ਹੋਈ ਹੈ। ਸੜਕ ਦੇ ਦੋਵੇਂ ਪਾਸੇ ਪਾਣੀ ਭਰਨ ਕਾਰਨ ਆਵਾਜਾਈ ਪ੍ਰਭਾਵਿਤ ਹੋਈ ਹੈ। ਰੋਜ਼ਾਨਾ ਹਜ਼ਾਰਾਂ ਲੋਕ ਇਸ ਰਸਤੇ ਰਾਹੀ ਸਫ਼ਰ ਕਰਦੇ ਹਨ, ਪਰ ਮੀਂਹ ਨੇ ਇਸ ਅਹਿਮ ਸੜਖ ਦੀ ਰਫਤਾਰ ਹੌਲੀ ਕਰ ਦਿੱਤੀ ਹੈ। ਸਥਾਨਕ ਨਿਵਾਸੀਆਂ ਨੇ ਪ੍ਰਸ਼ਾਸਨ ਤੋਂ ਤੁਰੰਤ ਪਾਣੀ ਦੀ ਨਿਕਾਸੀ ਦੀ ਮੰਗ ਕੀਤੀ ਹੈ।
ਇਸ ਤੋਂ ਇਲਾਵਾ, ਬਹੁਤ ਮੁਸ਼ਕਲ ਹਾਲਾਤ ਵਸਈ ਪੂਰਬ ਦੀ ਮਿੱਠਾਗਰ ਕਲੋਨੀ ਵਿੱਚ ਦੇਖਣ ਨੂੰ ਮਿਲੇ ਹਨ। ਲਗਾਤਾਰ ਪੈ ਰਹੇ ਮੀਂਹ ਕਾਰਨ ਪੂਰੀ ਕਲੋਨੀ ਪਾਣੀ ਵਿੱਚ ਡੁੱਬ ਗਈ ਹੈ। ਮੁੱਖ ਸੜਕ ਪੂਰੀ ਤਰ੍ਹਾਂ ਪਾਣੀ ਵਿੱਚ ਡੁੱਬ ਗਈ ਹੈ। ਇਸ ਨਾਲ ਲਗਭਗ 120 ਪਰਿਵਾਰਾਂ ਦੇ 300 ਤੋਂ 400 ਲੋਕ ਪ੍ਰਭਾਵਿਤ ਹੋਏ ਹਨ। ਸਮੱਸਿਆ ਸਿਰਫ਼ ਪਾਣੀ ਤੱਕ ਸੀਮਤ ਨਹੀਂ ਹੈ।
ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਪਿਛਲੇ 24 ਘੰਟਿਆਂ ਤੋਂ ਬਿਜਲੀ ਸਪਲਾਈ ਵਿੱਚ ਵਿਘਨ ਪਿਆ ਹੈ। ਹਨੇਰਾ, ਪਾਣੀ ਭਰਨਾ ਅਤੇ ਜ਼ਰੂਰੀ ਸੇਵਾਵਾਂ ਦੀ ਘਾਟ ਨੇ ਸਮੱਸਿਆਵਾਂ ਨੂੰ ਹੋਰ ਵਧਾ ਦਿੱਤਾ ਹੈ।
ਇੱਥੇ ਦੇ ਵਸਨੀਕਾਂ ਦਾ ਕਹਿਣਾ ਹੈ ਕਿ ਇਹ ਸਥਿਤੀ ਹਰ ਸਾਲ ਮੀਂਹ ਦੌਰਾਨ ਹੁੰਦੀ ਹੈ, ਪਰ ਕੋਈ ਸਥਾਈ ਹੱਲ ਨਹੀਂ ਲੱਭਿਆ ਗਿਆ ਹੈ। ਉਨ੍ਹਾਂ ਦਾ ਦੋਸ਼ ਹੈ ਕਿ ਇੰਨੀ ਭਿਆਨਕ ਸਥਿਤੀ ਦੇ ਬਾਵਜੂਦ, ਕੋਈ ਵੀ ਪ੍ਰਸ਼ਾਸਨਿਕ ਟੀਮ ਰਾਹਤ ਪ੍ਰਦਾਨ ਕਰਨ ਲਈ ਅਜੇ ਤੱਕ ਨਹੀਂ ਪਹੁੰਚੀ ਹੈ।
ਚੰਦਨਸਰ ਕੋਪਰੀ ਪਿੰਡ: ਤਿੰਨ ਫੁੱਟ ਪਾਣੀ ਵਿੱਚ ਡੁੱਬ ਗਿਆ ਰਸਤਾ
ਵਸਈ ਦੇ ਚੰਦਨਸਰ ਕੋਪਰੀ ਪਿੰਡ ਦਾ ਮੁੱਖ ਸੰਪਰਕ ਮਾਰਗ ਪਾਣੀ ’ਚ ਡੁੱਬ ਗਿਆ ਹੈ। ਲਗਭਗ ਤਿੰਨ ਫੁੱਟ ਪਾਣੀ ਇਲਾਕੇ ਵਿੱਚ ਭਰ ਗਿਆ ਹੈ, ਜਿਸ ਕਾਰਨ ਸਵੇਰੇ ਕੰਮ ‘ਤੇ ਜਾਣ ਵਾਲੇ ਲੋਕਾਂ ਲਈ ਕਾਫ਼ੀ ਮੁਸ਼ਕਲਾਂ ਪੈਦਾ ਹੋ ਰਹੀਆਂ ਹਨ। ਪਹਾੜੀ ਇਲਾਕਿਆਂ ਤੋਂ ਪਾਣੀ ਦੇ ਵਹਾਅ ਕਾਰਨ ਪਾਣੀ ਦਾ ਪੱਧਰ ਲਗਾਤਾਰ ਵਧਦਾ ਰਿਹਾ। ਲੋਕਾਂ ਨੇ ਪਾਣੀ ਪਾਰ ਕਰਨ ਲਈ ਆਪਣੀਆਂ ਜਾਨਾਂ ਜੋਖਮ ਵਿੱਚ ਪਾਈਆਂ। ਬਹੁਤ ਸਾਰੇ ਵਾਹਨ ਫਸ ਗਏ, ਜਿਸ ਨਾਲ ਆਵਾਜਾਈ ਵਿੱਚ ਵਿਘਨ ਪਿਆ। ਸਥਾਨਕ ਲੋਕਾਂ ਨੇ ਹਰ ਸਾਲ ਵਾਪਰਨ ਵਾਲੀਆਂ ਅਜਿਹੀਆਂ ਸਥਿਤੀਆਂ ਨਾਲ ਨਜਿੱਠਣ ਲਈ ਆਫ਼ਤ ਪ੍ਰਬੰਧਨ ਦੀ ਤਿਆਰੀ ‘ਤੇ ਸਵਾਲ ਉਠਾਏ।












