Homeਸੰਸਾਰਅਮਰੀਕਾ 'ਚ ਭਾਰੀ ਮੀਂਹ ਤੇ ਤੇਜ਼ ਹਵਾਵਾਂ ਦਾ ਕਹਿਰ

ਅਮਰੀਕਾ ‘ਚ ਭਾਰੀ ਮੀਂਹ ਤੇ ਤੇਜ਼ ਹਵਾਵਾਂ ਦਾ ਕਹਿਰ

ਵਾਸ਼ਿੰਗਟਨ: ਅਮਰੀਕਾ ਵਿੱਚ ਥੈਂਕਸਗਿਵਿੰਗ ਦੀਆਂ ਛੁੱਟੀਆਂ ਦੌਰਾਨ ਖ਼ਰਾਬ ਮੌਸਮ ਨੇ ਲੋਕਾਂ ਦੀਆਂ ਮੁਸ਼ਕਲਾਂ ਵਧਾ ਦਿੱਤੀਆਂ ਹਨ। ਦੇਸ਼ ਦੇ ਪੂਰਬੀ ਅਤੇ ਪੱਛਮੀ ਤੱਟਾਂ ‘ਤੇ ਆਏ ਤੂਫ਼ਾਨ ਕਾਰਨ 6 ਹਜ਼ਾਰ ਤੋਂ ਵੱਧ ਉਡਾਣਾਂ ਪ੍ਰਭਾਵਿਤ ਹੋਈਆਂ, ਜਦਕਿ ਲਗਭਗ 150 ਫਲਾਈਟਾਂ ਰੱਦ ਕਰ ਦਿੱਤੀਆਂ ਗਈਆਂ। ਇਸ ਦਾ ਸਭ ਤੋਂ ਵੱਧ ਅਸਰ ਅਮਰੀਕਾ ਦੇ ਪੂਰਬੀ ਤੱਟ ‘ਤੇ ਦੇਖਣ ਨੂੰ ਮਿਲ ਰਿਹਾ ਹੈ।

ਇੱਥੇ ‘ਨਾਰਈਸਟਰ’ ਨਾਮ ਦਾ ਤੂਫ਼ਾਨ ਅੱਗੇ ਵਧ ਰਿਹਾ ਹੈ, ਜਿਸ ਕਾਰਨ ਨਿਊਯਾਰਕ, ਨਿਊ ਜਰਸੀ ਅਤੇ ਫਿਲਾਡੇਲਫੀਆ ਸਮੇਤ ਕਈ ਇਲਾਕਿਆਂ ਵਿੱਚ ਤੇਜ਼ ਹਵਾਵਾਂ ਅਤੇ ਭਾਰੀ ਮੀਂਹ ਪੈਣ ਦੀ ਸੰਭਾਵਨਾ ਹੈ। ਸਮੁੰਦਰ ਵਿੱਚ ਉੱਚੀਆਂ ਲਹਿਰਾਂ ਉੱਠਣ ਕਾਰਨ ਤੱਟਵਰਤੀ ਇਲਾਕਿਆਂ ਵਿੱਚ ਹੜ੍ਹ ਆਉਣ ਦਾ ਖ਼ਤਰਾ ਵੀ ਵਧ ਗਿਆ ਹੈ।

ਇਸੇ ਦੌਰਾਨ ਮਿਆਮੀ ਹਵਾਈ ਅੱਡੇ ‘ਤੇ ਭਾਰੀ ਮੀਂਹ ਕਾਰਨ ਇੱਕ ਕੈਰੀਅਰ ਜਹਾਜ਼ ਲੈਂਡਿੰਗ ਸਮੇਂ ਰਨਵੇਅ ਤੋਂ ਅੱਗੇ ਨਿਕਲ ਗਿਆ। ਇਸ ਘਟਨਾ ਤੋਂ ਬਾਅਦ ਹਵਾਈ ਅੱਡੇ ਦੇ ਜ਼ਿਆਦਾਤਰ ਰਨਵੇਅ ਕੁਝ ਸਮੇਂ ਲਈ ਬੰਦ ਕਰਨੇ ਪਏ, ਜਿਸ ਕਾਰਨ ਉਡਾਣਾਂ ਦੀ ਆਵਾਜਾਈ ਪ੍ਰਭਾਵਿਤ ਹੋਈ।

14 ਸਾਲਾਂ ਬਾਅਦ ਸਮੁੰਦਰ ਦਾ ਜਲ-ਪੱਧਰ ਸਭ ਤੋਂ ਉੱਚਾ ਹੋਣ ਦਾ ਖ਼ਦਸ਼ਾ

ਅਮਰੀਕਾ ਦੇ ਪੱਛਮੀ ਤੱਟ ‘ਤੇ ਵੀ ਤੇਜ਼ ਸਮੁੰਦਰੀ ਲਹਿਰਾਂ ਕਾਰਨ ਕਈ ਤੱਟਵਰਤੀ ਢਾਂਚਿਆਂ ਨੂੰ ਨੁਕਸਾਨ ਪਹੁੰਚਿਆ ਹੈ। ਸੈਨ ਡਿਏਗੋ ਦੇ ਆਲੇ-ਦੁਆਲੇ ਸਮੁੰਦਰ ਦਾ ਪਾਣੀ ਪੁਰਾਣੇ ਰਿਕਾਰਡ ਤੋਂ ਵੀ ਉੱਪਰ ਪਹੁੰਚ ਗਿਆ ਹੈ, ਜਿਸ ਨਾਲ ਨੇੜਲੇ ਇਲਾਕਿਆਂ ਵਿੱਚ ਹੜ੍ਹ ਦਾ ਖ਼ਤਰਾ ਵਧ ਗਿਆ ਹੈ।

ਪੂਰਬੀ ਤੱਟ ‘ਤੇ ਸਾਲ 2012 ਵਿੱਚ ਆਏ ਸੁਪਰਸਟਾਰਮ ਸੈਂਡੀ ਤੋਂ ਬਾਅਦ ਸਮੁੰਦਰ ਦਾ ਜਲ-ਪੱਧਰ ਹੁਣ ਸਭ ਤੋਂ ਉੱਚਾ ਹੋਣ ਦਾ ਅਨੁਮਾਨ ਲਗਾਇਆ ਜਾ ਰਿਹਾ ਹੈ। ਡੇਲਾਵੇਅਰ ਅਤੇ ਨਿਊ ਜਰਸੀ ਦੇ ਕੁਝ ਹਿੱਸਿਆਂ ਵਿੱਚ ਤੇਜ਼ ਹਵਾਵਾਂ ਕਾਰਨ ਬਿਜਲੀ ਸਪਲਾਈ ਪ੍ਰਭਾਵਿਤ ਹੋਣ ਦਾ ਖ਼ਦਸ਼ਾ ਹੈ।

ਇਸ ਤੋਂ ਇਲਾਵਾ ਦੇਸ਼ ਦੇ ਮੱਧ ਹਿੱਸਿਆਂ ਵਿੱਚ ਮੀਂਹ ਅਤੇ ਬਰਫ਼ਬਾਰੀ ਹੋਣ ਦੀ ਸੰਭਾਵਨਾ ਹੈ। ਪੈਸੀਫਿਕ ਨਾਰਥਵੈਸਟ ਖੇਤਰ ਵਿੱਚ ਵੀ ਬੁੱਧਵਾਰ ਰਾਤ ਤੋਂ ਮੀਂਹ ਅਤੇ ਤੇਜ਼ ਹਵਾਵਾਂ ਦਾ ਨਵਾਂ ਦੌਰ ਸ਼ੁਰੂ ਹੋ ਸਕਦਾ ਹੈ।

ਥੈਂਕਸਗਿਵਿੰਗ ‘ਤੇ ਸਫ਼ਰ ਕਰਨ ਵਾਲੇ ਯਾਤਰੀਆਂ ਦੀ ਵਧੀ ਮੁਸ਼ਕਲ

ਅਮਰੀਕਾ ਵਿੱਚ ਥੈਂਕਸਗਿਵਿੰਗ ਇੱਕ ਪ੍ਰਮੁੱਖ ਤਿਉਹਾਰ ਹੈ, ਜਿਸ ਦੌਰਾਨ ਲੱਖਾਂ ਲੋਕ ਆਪਣੇ ਪਰਿਵਾਰਾਂ ਅਤੇ ਦੋਸਤਾਂ ਨਾਲ ਸਮਾਂ ਬਿਤਾਉਣ ਲਈ ਵੱਖ-ਵੱਖ ਸ਼ਹਿਰਾਂ ਦਾ ਸਫ਼ਰ ਕਰਦੇ ਹਨ। ਅਜਿਹੇ ਵਿੱਚ ਖ਼ਰਾਬ ਮੌਸਮ ਕਾਰਨ ਉਡਾਣਾਂ ਵਿੱਚ ਹੋ ਰਹੀ ਦੇਰੀ ਨੇ ਯਾਤਰੀਆਂ ਦੀਆਂ ਮੁਸ਼ਕਲਾਂ ਵਧਾ ਦਿੱਤੀਆਂ ਹਨ।

ਫੈਡਰਲ ਐਵੀਏਸ਼ਨ ਐਡਮਿਨਿਸਟ੍ਰੇਸ਼ਨ (FAA) ਨੇ ਚਿਤਾਵਨੀ ਦਿੱਤੀ ਹੈ ਕਿ ਥੈਂਕਸਗਿਵਿੰਗ ਵਾਲੇ ਦਿਨ ਵੀ ਉੱਤਰ-ਪੂਰਬੀ ਅਮਰੀਕਾ ਵਿੱਚ ਖ਼ਰਾਬ ਮੌਸਮ ਕਾਰਨ ਹਵਾਈ ਸੇਵਾਵਾਂ ਪ੍ਰਭਾਵਿਤ ਹੋ ਸਕਦੀਆਂ ਹਨ। ਉੱਧਰ, ਇੱਕ ਟਰੈਵਲ ਵੈੱਬਸਾਈਟ ਅਨੁਸਾਰ ਇਸ ਦੌਰਾਨ ਅਟਲਾਂਟਾ ਹਵਾਈ ਅੱਡੇ ‘ਤੇ ਸਭ ਤੋਂ ਵੱਧ ਯਾਤਰੀਆਂ ਦੀ ਭੀੜ ਰਹਿਣ ਦੀ ਸੰਭਾਵਨਾ ਹੈ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine
Google search engine

Most Popular

Recent Comments