Homeਹਰਿਆਣਾਹਰਿਆਣਾ ਸਰਕਾਰ ਦਾ ਵੱਡਾ ਫ਼ੈਸਲਾ: 8ਵੀਂ ਜਮਾਤ ਦੇ ਇਤਿਹਾਸ ਕੋਰਸ ਵਿੱਚ ਸ਼ਾਮਲ...

ਹਰਿਆਣਾ ਸਰਕਾਰ ਦਾ ਵੱਡਾ ਫ਼ੈਸਲਾ: 8ਵੀਂ ਜਮਾਤ ਦੇ ਇਤਿਹਾਸ ਕੋਰਸ ਵਿੱਚ ਸ਼ਾਮਲ ਹੋਇਆ ਸਿੱਖ ਗੁਰੂਆਂ ਅਤੇ ਬਾਬਾ ਬੰਦਾ ਸਿੰਘ ਬਹਾਦਰ ਦਾ ਇਤਿਹਾਸ

ਚੰਡੀਗੜ੍ਹ: ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਸਿੱਖ ਭਾਈਚਾਰੇ ਨਾਲ ਕੀਤਾ ਇੱਕ ਮਹੱਤਵਪੂਰਨ ਵਾਅਦਾ ਪੂਰਾ ਕਰਦਿਆਂ ਰਾਜ ਦੇ ਸਕੂਲਾਂ ਦੀ 8ਵੀਂ ਜਮਾਤ ਦੇ ਇਤਿਹਾਸ ਦੇ ਕੋਰਸ ਵਿੱਚ ਸਿੱਖ ਗੁਰੂਆਂ ਅਤੇ ਬਾਬਾ ਬੰਦਾ ਸਿੰਘ ਬਹਾਦਰ ਦੇ ਜੀਵਨ, ਸੰਘਰਸ਼ ਅਤੇ ਕੁਰਬਾਨੀਆਂ ਨੂੰ ਸ਼ਾਮਲ ਕਰਨ ਦਾ ਫ਼ੈਸਲਾ ਲਾਗੂ ਕਰ ਦਿੱਤਾ ਹੈ। ਇਸ ਫ਼ੈਸਲੇ ਨਾਲ ਵਿਦਿਆਰਥੀਆਂ ਨੂੰ ਸਿੱਖ ਇਤਿਹਾਸ ਅਤੇ ਮਹਾਨ ਸ਼ਖਸੀਅਤਾਂ ਦੇ ਆਦਰਸ਼ਾਂ ਬਾਰੇ ਵਿਸਥਾਰ ਨਾਲ ਜਾਣਨ ਦਾ ਮੌਕਾ ਮਿਲੇਗਾ।

ਮੁੱਖ ਮੰਤਰੀ ਨੇ ਗੁਰੂ ਤੇਗ ਬਹਾਦਰ ਜੀ ਦੇ 350ਵੇਂ ਸ਼ਹੀਦੀ ਸਮਾਗਮ ਮੌਕੇ ਐਲਾਨ ਕੀਤਾ ਸੀ ਕਿ ਨਵੀਂ ਪੀੜ੍ਹੀ ਨੂੰ ਸਿੱਖ ਗੁਰੂਆਂ ਦੇ ਇਤਿਹਾਸ, ਉਨ੍ਹਾਂ ਦੀਆਂ ਸਿੱਖਿਆਵਾਂ ਅਤੇ ਮਹਾਨ ਕੁਰਬਾਨੀਆਂ ਨਾਲ ਜਾਣੂ ਕਰਵਾਉਣ ਲਈ ਇਹ ਵਿਸ਼ੇ ਸਕੂਲੀ ਪਾਠਕ੍ਰਮ ਦਾ ਹਿੱਸਾ ਬਣਾਏ ਜਾਣਗੇ। ਹੁਣ ਸਰਕਾਰ ਨੇ ਆਪਣੇ ਇਸ ਵਾਅਦੇ ਨੂੰ ਅਮਲੀ ਰੂਪ ਦੇ ਦਿੱਤਾ ਹੈ।

ਮੁੱਖ ਮੰਤਰੀ ਨੇ ਕਿਹਾ ਕਿ ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਜੀ ਤੱਕ ਸਾਰੇ ਸਿੱਖ ਗੁਰੂਆਂ ਨੇ ਮਨੁੱਖਤਾ, ਸੇਵਾ, ਸਮਾਨਤਾ, ਭਾਈਚਾਰੇ ਅਤੇ ਸਮਾਜਿਕ ਨਿਆਂ ਦਾ ਸੰਦੇਸ਼ ਦਿੱਤਾ। ਉਨ੍ਹਾਂ ਦੀਆਂ ਸਿੱਖਿਆਵਾਂ ਅੱਜ ਵੀ ਸਮਾਜ ਨੂੰ ਸਹੀ ਦਿਸ਼ਾ ਦਿਖਾਉਂਦੀਆਂ ਹਨ ਅਤੇ ਨੌਜਵਾਨ ਪੀੜ੍ਹੀ ਲਈ ਪ੍ਰੇਰਣਾ ਦਾ ਸਰੋਤ ਹਨ।

ਉਨ੍ਹਾਂ ਕਿਹਾ ਕਿ ਬਾਬਾ ਬੰਦਾ ਸਿੰਘ ਬਹਾਦਰ ਦਾ ਜੀਵਨ ਵੀ ਦੇਸ਼ ਭਗਤੀ, ਨਿਆਂ ਅਤੇ ਜਨ-ਕਲਿਆਣ ਦੀ ਵਿਲੱਖਣ ਮਿਸਾਲ ਹੈ। ਉਨ੍ਹਾਂ ਨੇ ਗੁਰੂ ਗੋਬਿੰਦ ਸਿੰਘ ਜੀ ਦੀ ਪ੍ਰੇਰਣਾ ਨਾਲ ਜੁਲਮ ਅਤੇ ਬੇਇਨਸਾਫ਼ੀ ਵਿਰੁੱਧ ਸੰਘਰਸ਼ ਕਰਕੇ ਸਮਾਜ ਦੇ ਕਮਜ਼ੋਰ ਵਰਗਾਂ ਨੂੰ ਹੱਕ ਅਤੇ ਸਨਮਾਨ ਦਿਵਾਉਣ ਲਈ ਇਤਿਹਾਸਕ ਯੋਗਦਾਨ ਪਾਇਆ।

ਮੁੱਖ ਮੰਤਰੀ ਦਾ ਮੰਨਣਾ ਹੈ ਕਿ ਸਕੂਲੀ ਸਿੱਖਿਆ ਸਿਰਫ਼ ਗਿਆਨ ਹਾਸਲ ਕਰਨ ਦਾ ਸਾਧਨ ਨਹੀਂ, ਸਗੋਂ ਸੰਸਕਾਰ ਅਤੇ ਚਰਿੱਤਰ ਨਿਰਮਾਣ ਦਾ ਮਜ਼ਬੂਤ ਮਾਧਿਅਮ ਵੀ ਹੈ। ਇਸ ਲਈ ਅਜਿਹੇ ਮਹਾਨ ਵਿਅਕਤੀਆਂ ਦੇ ਜੀਵਨ ਅਤੇ ਆਦਰਸ਼ਾਂ ਨੂੰ ਪਾਠਕ੍ਰਮ ਦਾ ਹਿੱਸਾ ਬਣਾਉਣਾ ਸਮੇਂ ਦੀ ਲੋੜ ਹੈ।

ਮੁੱਖ ਮੰਤਰੀ ਦੇ ਓ.ਐਸ.ਡੀ. ਡਾ. ਪ੍ਰਭਲੀਨ ਸਿੰਘ ਨੇ ਇਸ ਫ਼ੈਸਲੇ ਦਾ ਸਵਾਗਤ ਕਰਦਿਆਂ ਕਿਹਾ ਕਿ ਇਹ ਸਿੱਖ ਭਾਈਚਾਰੇ ਦੀ ਲੰਬੇ ਸਮੇਂ ਤੋਂ ਚੱਲ ਰਹੀ ਮੰਗ ਸੀ। ਉਨ੍ਹਾਂ ਕਿਹਾ ਕਿ ਸਰਕਾਰ ਦਾ ਇਹ ਕਦਮ ਨਾ ਸਿਰਫ਼ ਸਿੱਖ ਇਤਿਹਾਸ ਨੂੰ ਸਨਮਾਨ ਦੇਵੇਗਾ, ਸਗੋਂ ਵਿਦਿਆਰਥੀਆਂ ਵਿੱਚ ਦੇਸ਼ ਭਗਤੀ, ਨੈਤਿਕ ਮੁੱਲਾਂ ਅਤੇ ਸਮਾਜਿਕ ਸਦਭਾਵਨਾ ਦੀ ਭਾਵਨਾ ਵੀ ਮਜ਼ਬੂਤ ਕਰੇਗਾ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine
Google search engine

Most Popular

Recent Comments