ਚੰਡੀਗੜ੍ਹ : ਹਰਿਆਣਾ ਵਿੱਚ ਬਾਗਬਾਨੀ ਵਿੱਚ ਦਿਲਚਸਪੀ ਰੱਖਣ ਵਾਲੇ ਕਿਸਾਨਾਂ ਲਈ ਖੁਸ਼ਖਬਰੀ ਸਾਹਮਣੇ ਆਈ ਹੈ। ਪ੍ਰਦੇਸ਼ ਸਰਕਾਰ ਨੇ ਫਲ-ਫੁੱਲ, ਸਬਜ਼ੀਆਂ ਅਤੇ ਮਸਾਲਿਆਂ ਦੀ ਖੇਤੀ ਕਰਨ ਵਾਲੇ ਕਿਸਾਨਾਂ ਨੂੰ ਸਬਸਿਡੀ ਦੇਣ ਦੀ ਯੋਜਨਾ ਬਣਾਈ ਹੈ। ਨਵਾਂ ਬਾਗ਼ ਲਾਉਣ ‘ਤੇ ਕਿਸਾਨਾਂ ਨੂੰ ਸਾਢੇ 24 ਹਜ਼ਾਰ ਰੁਪਏ ਤੋਂ ਲੈ ਕੇ 1.40 ਲੱਖ ਰੁਪਏ ਪ੍ਰਤੀ ਏਕੜ ਤੱਕ ਸਬਸਿਡੀ ਦੀ ਰਕਮ ਦਾ ਲਾਭ ਮਿਲੇਗਾ।
5 ਏਕੜ ਤੱਕ ਮਿਲੇਗਾ ਲਾਭ
ਬਾਗਬਾਨੀ ਖੇਤੀ ’ਤੇ ਵੱਧ ਤੋਂ ਵੱਧ 5 ਏਕੜ ਤੱਕ ਹੀ ਸਬਸਿਡੀ ਦਾ ਲਾਭ ਮਿਲੇਗਾ। ਬਾਗਬਾਨੀ ਵਿੱਚ ਫਲਾਂ ਦੇ ਨਵੇਂ ਬਾਗ਼ ਲਾਉਣਾ, ਸਬਜ਼ੀਆਂ ਦੀ ਖੇਤੀ ਏਕੀਕ੍ਰਿਤ ਮਾਡਲ ਦੇ ਨਾਲ ਕਰਨਾ, ਫਲਾਂ ਦੀ ਖੇਤੀ, ਮਸਾਲਿਆਂ ਦੀ ਖੇਤੀ ਅਤੇ ਖੁਸ਼ਬੂਦਾਰ ਬੂਟਿਆਂ ਦੀ ਖੇਤੀ ਕਰਨਾ ਸ਼ਾਮਲ ਹੈ।
ਇੰਨੀ ਮਿਲੇਗੀ ਸਬਸਿਡੀ ਦੀ ਰਕਮ:
ਕਿਸਾਨਾਂ ਨੂੰ ਸਬਜ਼ੀਆਂ ਦੀ ਕਾਸ਼ਤ ‘ਤੇ ਏਕੀਕ੍ਰਿਤ ਮਾਡਲ ਦੇ ਤਹਿਤ 15,000 ਹਜ਼ਾਰ ਰੁਪਏ ਪ੍ਰਤੀ ਏਕੜ ਅਤੇ ਅਨੁਸੂਚਿਤ ਜਾਤੀ ਵਰਗ ਨੂੰ ਸਾਢੇ 25 ਹਜ਼ਾਰ ਰੁਪਏ ਪ੍ਰਤੀ ਏਕੜ, ਮਸਾਲਿਆਂ ਦੀ ਕਾਸ਼ਤ ‘ਤੇ 15 ਹਜ਼ਾਰ ਰੁਪਏ ਤੋਂ 30 ਹਜ਼ਾਰ ਰੁਪਏ ਪ੍ਰਤੀ ਏਕੜ, ਫੁੱਲਾਂ ਦੀ ਕਾਸ਼ਤ ‘ਤੇ 8 ਹਜ਼ਾਰ ਰੁਪਏ ਤੋਂ 40 ਹਜ਼ਾਰ ਰੁਪਏ ਪ੍ਰਤੀ ਏਕੜ ਅਤੇ ਖੁਸ਼ਬੂਦਾਰ ਬੂਟਿਆਂ ਦੀ ਕਾਸ਼ਤ ‘ਤੇ 8 ਹਜ਼ਾਰ ਪ੍ਰਤਿ ਏਕੜ ਸਬਸਿਡੀ ਰਾਸ਼ੀ ਦਿੱਤੀ ਜਾਵੇਗੀ।
ਇਹਨਾਂ ਦਸਤਾਵੇਜ਼ਾਂ ਦੀ ਹੋਵੇਗੀ ਲੋੜ
ਇਸ ਸਬਸਿਡੀ ਦੀ ਰਾਸ਼ੀ ਦਾ ਭੁਗਤਾਨ ਸਿੱਧੇ ਕਿਸਾਨਾਂ ਦੇ ਬੈਂਕ ਖਾਤਿਆਂ ਵਿੱਚ ਕੀਤਾ ਜਾਵੇਗਾ। ਇਸ ਯੋਜਨਾ ਦਾ ਲਾਭ ਲੈਣ ਲਈ ਕਿਸਾਨ ਮੇਰੀ ਫ਼ਸਲ-ਮੇਰਾ ਬਿਓਰਾ ਪੋਰਟਲ ਅਤੇ ਹੋਰਟਨੈੱਟ ਪੋਰਟਲ (hortnet.hortharyana.gov.in) ‘ਤੇ ਰਜਿਸਟ੍ਰੇਸ਼ਨ ਕਰ ਸਕਦੇ ਹਨ।
ਅਰਜ਼ੀ ਦੇਣ ਵਾਲੇ ਕੋਲ ਫੈਮਿਲੀ ਆਈ.ਡੀ., ਬੈਂਕ ਖਾਤਾ, ਰਜਿਸਟਰਡ ਮੋਬਾਈਲ ਨੰਬਰ ਅਤੇ ਜੇ ਲੋੜ ਹੋਵੇ, ਤਾਂ ਅਨੁਸੂਚਿਤ ਜਾਤੀ ਦਾ ਸਰਟੀਫਿਕੇਟ ਵਰਗੇ ਡਾਕੂਮੈਂਟ ਹੋਣੇ ਚਾਹੀਦੇ ਹਨ। ਇਸ ਸਕੀਮ ਬਾਰੇ ਵਿਸਤ੍ਰਿਤ ਜਾਣਕਾਰੀ ਹਾਸਲ ਕਰਨ ਲਈ, ਜ਼ਿਲ੍ਹਾ ਬਾਗਬਾਨੀ ਅਫਸਰ ਨਾਲ ਸੰਪਰਕ ਕਰ ਸਕਦੇ ਹੋ ਜਾਂ ਟੋਲ ਫ੍ਰੀ ਨੰਬਰ 1800-180-2021 ‘ਤੇ ਫੋਨ ਕਰ ਸਕਦੇ ਹੋ।
