ਕੈਥਲ: ਅੰਬਾਲਾ ਐਂਟੀ ਕੁਰੱਪਸ਼ਨ ਬਿਊਰੋ (ਏ.ਸੀ.ਬੀ.) ਦੀ ਟੀਮ ਨੇ ਬੀਤੇ ਦਿਨ ਵੱਡੀ ਕਾਰਵਾਈ ਕੀਤੀ ਹੈ। ਉੱਤਰ ਹਰਿਆਣਾ ਬਿਜਲੀ ਵੰਡ ਨਿਗਮ ਦੇ ਸੀਵਾਨ ਦਫ਼ਤਰ ਦੇ ਇੱਕ ਖਪਤਕਾਰ ਕਲਰਕ ਸੰਦੀਪ ਗਰਗ ਨੂੰ 5,000 ਰੁਪਏ ਦੀ ਰਿਸ਼ਵਤ ਲੈਂਦੇ ਹੋਏ ਰੰਗੇ ਹੱਥੀਂ ਕਾਬੂ ਕੀਤਾ ਗਿਆ। ਮੁਲਜ਼ਮ ਨੂੰ ਸੋਲਰ ਸਿਸਟਮ ਲਈ ਸਰਕਾਰੀ ਸਬਸਿਡੀ ਜਾਰੀ ਕਰਨ ਦੇ ਬਦਲੇ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕੀਤਾ ਗਿਆ।
ਮਾਡਲ ਟਾਊਨ ਸਥਿਤ ਬਿਜਲੀ ਨਿਗਮ ਦੇ ਕਲਰਕ ਸੰਦੀਪ ਨੂੰ ਕਾਬੂ ਕੀਤਾ ਗਿਆ। ਸ਼ਿਕਾਇਤ ਦਰਜ ਕਰਵਾਈ ਗਈ ਸੀ ਕਿ ਸੰਦੀਪ ਗਰਗ ਸੋਲਰ ਸਬਸਿਡੀ ਦੀਆਂ ਦੋ ਵੱਖ-ਵੱਖ ਫਾਈਲਾਂ ਦੀ ਅਦਾਇਗੀ ਜਾਰੀ ਕਰਨ ਦੇ ਬਦਲੇ 5,000 ਰੁਪਏ ਦੀ ਰਿਸ਼ਵਤ ਦੀ ਮੰਗ ਕਰ ਰਿਹਾ ਸੀ। ਸ਼ਿਕਾਇਤ ਦੀ ਪੁਸ਼ਟੀ ਕਰਨ ਤੋਂ ਬਾਅਦ, ਅੰਬਾਲਾ ਏ.ਸੀ.ਬੀ. ਨੇ ਕਲਰਕ ਸੰਦੀਪ ਨੂੰ ਫੜਨ ਲਈ ਇੱਕ ਯੋਜਨਾਬੱਧ ਜਾਲ ਵਿਛਾਇਆ। ਜਿਵੇਂ ਹੀ ਮੁਲਜ਼ਮ ਨੇ ਦੋ ਫਾਈਲਾਂ ਲਈ 2500-2500 ਰੁਪਏ ਦੀ ਰਿਸ਼ਵਤ ਲਈ , ਟੀਮ ਨੇ ਉਸ ਨੂੰ ਮੌਕੇ ‘ਤੇ ਹੀ ਗ੍ਰਿਫ਼ਤਾਰ ਕਰ ਲਿਆ । ਉਸ ਖ਼ਿਲਾਫ਼ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਤਹਿਤ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ।
