Home ਹਰਿਆਣਾ ਜੀਂਦ ਦੇ ਸਿਵਲ ਹਸਪਤਾਲ ‘ਚ ਡਿਪਟੀ ਸਪੀਕਰ ਦੀ ਅਚਾਨਕ ਰੇਡ

ਜੀਂਦ ਦੇ ਸਿਵਲ ਹਸਪਤਾਲ ‘ਚ ਡਿਪਟੀ ਸਪੀਕਰ ਦੀ ਅਚਾਨਕ ਰੇਡ

0

ਜੀਂਦ: ਜੀਂਦ ਦੇ ਸਿਵਲ ਹਸਪਤਾਲ ਵਿੱਚ ਮਰੀਜ਼ ਨਾਲ ਕੁੱਟਮਾਰ ਦੀ ਵੀਡੀਓ ਵਾਇਰਲ ਹੋਣ ਤੋਂ ਬਾਅਦ ਡਿਪਟੀ ਸਪੀਕਰ ਕ੍ਰਿਸ਼ਨ ਲਾਲ ਮਿੱਢਾ ਹਸਪਤਾਲ ਪਹੁੰਚੇ ਅਤੇ ਪੂਰੇ ਮਾਮਲੇ ਦਾ ਜਾਇਜ਼ਾ ਲਿਆ। ਇਸ ਦੌਰਾਨ ਉਨ੍ਹਾਂ ਦੇ ਨਾਲ ਜੀਂਦ ਦੀ ਐੱਸ.ਪੀ. ਉਪਾਸਨਾ ਯਾਦਵ, ਡੀ.ਐੱਸ.ਪੀ. ਰਾਜੀਵ, ਸਿਵਲ ਲਾਈਨ ਥਾਣਾ ਇੰਚਾਰਜ ਮਨੀਸ਼ ਕੁਮਾਰ ਸਮੇਤ ਪੁਲਿਸ ਬਲ ਮੌਜੂਦ ਸੀ। ਉੱਥੇ ਹੀ ਸਿਵਲ ਸਰਜਨ ਸੁਮਨ ਕੋਹਲੀ, ਪੀ.ਐੱਮ.ਓ. ਰਘੁਬੀਰ ਪੂਨੀਆ ਅਤੇ ਡਿਪਟੀ ਸਿਵਲ ਸਰਜਨ ਵੀ ਮੌਕੇ ’ਤੇ ਪਹੁੰਚੇ।

ਦਰਅਸਲ, ਅੱਜ ਸਵੇਰੇ ਜੀਂਦ ਦੇ ਰੋਹਤਕ ਰੋਡ ਦੇ ਰਹਿਣ ਵਾਲੇ ਸ਼ੰਮੀ ਨਾਗਰਾਜ ਆਪਣੀ ਪਤਨੀ ਨਾਲ ਇਲਾਜ ਕਰਵਾਉਣ ਲਈ ਸਿਵਲ ਹਸਪਤਾਲ ਦੀ ਐਮਰਜੈਂਸੀ ਵਿੱਚ ਪਹੁੰਚੇ ਸਨ। ਮਰੀਜ਼ ਦਾ ਦੋਸ਼ ਹੈ ਕਿ ਡਾਕਟਰਾਂ ਨੇ ਉਨ੍ਹਾਂ ਨਾਲ ਗਲਤ ਵਿਵਹਾਰ ਕੀਤਾ ਅਤੇ ਉੱਥੇ ਮੌਜੂਦ ਸਟਾਫ਼ ਤੋਂ ਉਨ੍ਹਾਂ ਦੀ ਕੁੱਟਮਾਰ ਕਰਵਾਈ। ਘਟਨਾ ਤੋਂ ਬਾਅਦ ਕੁੱਟਮਾਰ ਦੀ ਵੀਡੀਓ ਸੋਸ਼ਲ ਮੀਡੀਆ ’ਤੇ ਤੇਜ਼ੀ ਨਾਲ ਵਾਇਰਲ ਹੋ ਗਈ। ਵੀਡੀਓ ਵਿੱਚ ਇੱਕ ਕਰਮਚਾਰੀ ਮਰੀਜ਼ ’ਤੇ ਲਗਾਤਾਰ ਮੁੱਕੇ ਮਾਰਦਾ ਨਜ਼ਰ ਆ ਰਿਹਾ ਹੈ। ਇਸ ਦੌਰਾਨ ਸੁਰੱਖਿਆ ਕਰਮਚਾਰੀ ਵੀ ਮੌਕੇ ’ਤੇ ਮੌਜੂਦ ਸੀ।

ਵੀਡੀਓ ਵਾਇਰਲ ਹੋਣ ਤੋਂ ਬਾਅਦ ਪੁਲਿਸ ਅਤੇ ਸਥਾਨਕ ਵਿਧਾਇਕ ਹਰਕਤ ਵਿੱਚ ਆ ਗਏ। ਡਿਪਟੀ ਸਪੀਕਰ ਕ੍ਰਿਸ਼ਨ ਲਾਲ ਮਿੱਢਾ ਚੰਡੀਗੜ੍ਹ ਤੋਂ ਸਿੱਧੇ ਸਿਵਲ ਹਸਪਤਾਲ ਪਹੁੰਚੇ ਅਤੇ ਡਾਕਟਰਾਂ ਦੀ ਜੰਮ ਕੇ ਕਲਾਸ ਲਗਾਈ। ਮਿੱਢਾ ਨੇ ਕਿਹਾ ਕਿ ਪੁਰਾਣੇ ਡਾਕਟਰ ਮਰੀਜ਼ਾਂ ਨਾਲ ਸਹੀ ਵਿਵਹਾਰ ਕਰਦੇ ਹਨ, ਪਰ ਨਵੇਂ ਭਰਤੀ ਹੋਏ ਕੁਝ ਡਾਕਟਰ ਆਪਣਾ ਫਰਜ਼ ਭੁੱਲ ਚੁੱਕੇ ਹਨ।

ਉਨ੍ਹਾਂ ਨੇ ਸਿਵਲ ਸਰਜਨ ਨੂੰ ਫਟਕਾਰ ਲਗਾਉਂਦਿਆਂ ਕਿਹਾ ਕਿ ਉਹ ਅਜਿਹੇ ਮਾਮਲਿਆਂ ਵਿੱਚ ਡਾਕਟਰਾਂ ਖ਼ਿਲਾਫ਼ ਕਾਰਵਾਈ ਕਰਨ ਵਿੱਚ ਨਾਕਾਮ ਸਾਬਤ ਹੋ ਰਹੀ ਹੈ। ਉਨ੍ਹਾਂ ਨੇ ਸਿਵਲ ਸਰਜਨ ਦੀ ਕਾਰਜਸ਼ੈਲੀ ਨੂੰ ਵੀ ਢਿੱਲੀ ਦੱਸਿਆ।

ਮਿੱਢਾ ਨੇ ਨਾਰਾਜ਼ਗੀ ਜ਼ਾਹਰ ਕਰਦਿਆਂ ਕਿਹਾ ਕਿ ਸਿਵਲ ਹਸਪਤਾਲ ਵਿੱਚ ਡਾਕਟਰਾਂ ਦੇ ਮਾੜੇ ਵਿਵਹਾਰ ਕਾਰਨ ਸਰਕਾਰ ਦੀ ਬਦਨਾਮੀ ਹੁੰਦੀ ਹੈ। ਜਦੋਂ ਸਿਵਲ ਸਰਜਨ ਸੁਮਨ ਕੋਹਲੀ ਨੇ ਉਨ੍ਹਾਂ ਨੂੰ ਭਰੋਸਾ ਦਿਵਾਇਆ ਕਿ ਇਸ ਮਾਮਲੇ ਵਿੱਚ ਕਾਰਵਾਈ ਕੀਤੀ ਜਾਵੇਗੀ ਤਾਂ ਮਿੱਢਾ ਨੇ ਨਾਰਾਜ਼ਗੀ ਜ਼ਾਹਰ ਕਰਦਿਆਂ ਕਿਹਾ ਕਿ ਹੁਣ ਇਸ ਮਾਮਲੇ ਵਿੱਚ ਕਾਰਵਾਈ ਉਹ ਖੁਦ ਕਰਨਗੇ।

ਇਸ ਦੌਰਾਨ ਪੀੜਤ ਮਰੀਜ਼ ਸ਼ੰਮੀ ਨੇ ਡਿਪਟੀ ਸਪੀਕਰ ਦੇ ਸਾਹਮਣੇ ਰੋਂਦਿਆਂ ਆਪਣੀ ਹੱਡਬੀਤੀ ਸੁਣਾਈ। ਮਿੱਢਾ ਨੇ ਕਿਹਾ ਕਿ ਜਿਵੇਂ ਹੀ ਉਨ੍ਹਾਂ ਨੂੰ ਮਾਮਲੇ ਦੀ ਵੀਡੀਓ ਵਾਇਰਲ ਹੋਣ ਦੀ ਜਾਣਕਾਰੀ ਮਿਲੀ, ਉਹ ਚੰਡੀਗੜ੍ਹ ਤੋਂ ਸਿੱਧੇ ਹਸਪਤਾਲ ਪਹੁੰਚ ਗਏ।

ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਲਗਾਤਾਰ ਨਵੇਂ ਡਾਕਟਰਾਂ ਦੇ ਮਾੜੇ ਵਿਵਹਾਰ ਦੀਆਂ ਸ਼ਿਕਾਇਤਾਂ ਮਿਲ ਰਹੀਆਂ ਹਨ। ਉਨ੍ਹਾਂ ਨੇ ਕਈ ਵਾਰ ਸਿਵਲ ਸਰਜਨ ਨੂੰ ਨਵੇਂ ਡਾਕਟਰਾਂ ਨਾਲ ਮੀਟਿੰਗ ਕਰਵਾਉਣ ਲਈ ਕਿਹਾ ਸੀ, ਪਰ ਹੁਣ ਤੱਕ ਮੀਟਿੰਗ ਨਹੀਂ ਕਰਵਾਈ ਗਈ।

ਡਿਪਟੀ ਸਪੀਕਰ ਨੇ ਪੂਰੇ ਮਾਮਲੇ ਦੀ ਨਿਰਪੱਖ ਜਾਂਚ ਲਈ ਕਮੇਟੀ ਗਠਿਤ ਕਰਨ ਦੇ ਹੁਕਮ ਦਿੱਤੇ। ਉੱਥੇ ਹੀ ਐੱਸ.ਪੀ. ਉਪਾਸਨਾ ਯਾਦਵ ਨੇ ਮੌਕੇ ’ਤੇ ਮੌਜੂਦ ਸੁਰੱਖਿਆ ਕਰਮਚਾਰੀ ਨੂੰ ਲਾਈਨ ਹਾਜ਼ਰ ਕਰ ਦਿੱਤਾ।

ਮਿੱਢਾ ਨੇ ਇਹ ਵੀ ਕਿਹਾ ਕਿ ਕਈ ਵਾਰ ਮਰੀਜ਼ ਨਵੇਂ ਡਾਕਟਰਾਂ ਨਾਲ ਸਿੱਧੀ ਉਨ੍ਹਾਂ ਦੀ ਗੱਲ ਕਰਵਾਉਂਦੇ ਹਨ, ਪਰ ਡਾਕਟਰ ਇਹ ਕਹਿੰਦੇ ਹਨ ਕਿ ਉਹ ਵਿਧਾਇਕ ਨੂੰ ਕੀ ਸਮਝਣ। ਅਜਿਹੇ ਡਾਕਟਰਾਂ ਦੀ ਕਾਊਂਸਲਿੰਗ ਕਰਨ ਦੇ ਨਾਲ-ਨਾਲ ਉਨ੍ਹਾਂ ਖ਼ਿਲਾਫ਼ ਹੋਰ ਕਾਰਵਾਈ ਕਰਨ ਦੀ ਵੀ ਲੋੜ ਹੈ।

ਉੱਥੇ ਹੀ ਮੀਟਿੰਗ ਦੌਰਾਨ ਪੀ.ਐੱਮ.ਓ. ਰਘੁਬੀਰ ਪੂਨੀਆ ਨੇ ਇੱਕ ਪੱਤਰ ਦਿਖਾਉਂਦਿਆਂ ਦੱਸਿਆ ਕਿ ਮੁਲਜ਼ਮ ਕਰਮਚਾਰੀ ਨੂੰ ਨੌਕਰੀ ਤੋਂ ਹਟਾ ਦਿੱਤਾ ਗਿਆ ਹੈ। ਮੁਲਜ਼ਮ ਕਰਮਚਾਰੀ ਇੱਕ ਨਿੱਜੀ ਕੰਪਨੀ ਰਾਹੀਂ ਹਸਪਤਾਲ ਵਿੱਚ ਕੰਮ ਕਰ ਰਿਹਾ ਸੀ।

NO COMMENTS

LEAVE A REPLY

Please enter your comment!
Please enter your name here

Exit mobile version