ਚੰਡੀਗੜ੍ਹ: ਪੰਜਾਬੀ ਮਾਡਲ ਅਤੇ ਅਦਾਕਾਰਾ ਹਰਮਨ ਬਰਾੜ ਨੇ ਗਾਇਕ-ਅਦਾਕਾਰ ਪਰਮੀਸ਼ ਵਰਮਾ ਨਾਲ ਆਪਣੇ ਰਿਸ਼ਤੇ ਨੂੰ ਲੈ ਕੇ ਚੱਲ ਰਹੀ ਚਰਚਾ ਅਤੇ ਸੋਸ਼ਲ ਮੀਡੀਆ ਟ੍ਰੋਲਿੰਗ ’ਤੇ ਪਹਿਲੀ ਵਾਰ ਖੁੱਲ੍ਹ ਕੇ ਪ੍ਰਤੀਕਿਰਿਆ ਦਿੱਤੀ ਹੈ। ਹਰਮਨ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ’ਤੇ ਸਾਂਝੇ ਕੀਤੇ ਸੁਨੇਹੇ ਵਿੱਚ ਉਨ੍ਹਾਂ ਲੋਕਾਂ ਨੂੰ ਜਵਾਬ ਦਿੱਤਾ, ਜੋ ਉਨ੍ਹਾਂ ਨੂੰ ‘ਘਰ ਤੋੜਨ ਵਾਲੀ’ ਕਹਿ ਕੇ ਨਿਸ਼ਾਨਾ ਬਣਾ ਰਹੇ ਸਨ।
ਹਰਮਨ ਨੇ ਕਿਹਾ ਕਿ ਕਿਸੇ ਨੂੰ ‘ਘਰ ਤੋੜਨ ਵਾਲੀ’ ਕਹਿਣ ਨਾਲ ਇਹ ਗੱਲ ਸੱਚ ਨਹੀਂ ਬਣ ਜਾਂਦੀ। ਉਨ੍ਹਾਂ ਨੇ ਆਪਣੇ ਬਾਰੇ ਕੀਤੀਆਂ ਜਾ ਰਹੀਆਂ ਟਿੱਪਣੀਆਂ ’ਤੇ ਨਾਰਾਜ਼ਗੀ ਜ਼ਾਹਰ ਕਰਦਿਆਂ ਕਿਹਾ ਕਿ ਲੋਕ ਉਨ੍ਹਾਂ ਨੂੰ ਵਿਲੇਨ ਬਣਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਉਨ੍ਹਾਂ ਆਪਣੇ ਚੁਣੇ ਹੋਏ ਸਾਥੀ ’ਤੇ ਵੀ ਮਾਣ ਜਤਾਇਆ।
ਅਦਾਕਾਰਾ ਨੇ ਆਪਣੇ ਬਿਆਨ ਵਿੱਚ ਇਹ ਵੀ ਸਪੱਸ਼ਟ ਕੀਤਾ ਕਿ ਉਹ ਕਿਸੇ ਗੁਪਤ ਅਫੇਅਰ ਦਾ ਹਿੱਸਾ ਨਹੀਂ ਰਹੀ। ਉਨ੍ਹਾਂ ਮੁਤਾਬਕ, ਜਿਸ ਵਿਅਕਤੀ ਨੂੰ ਉਨ੍ਹਾਂ ਨੇ ਚੁਣਿਆ ਹੈ, ਉਹ ਪਹਿਲਾਂ ਹੀ ਕਾਨੂੰਨੀ ਤੌਰ ’ਤੇ ਆਪਣੇ ਪਿਛਲੇ ਰਿਸ਼ਤੇ ਤੋਂ ਵੱਖ ਹੋ ਚੁੱਕਾ ਸੀ। ਹਰਮਨ ਨੇ ਕਿਹਾ ਕਿ ਹਰ ਵਿਅਕਤੀ ਨੂੰ ਆਪਣੀ ਜ਼ਿੰਦਗੀ ਵਿੱਚ ਅੱਗੇ ਵਧਣ ਦਾ ਹੱਕ ਹੈ ਅਤੇ ਇਹ ਹੱਕ ਸਾਬਕਾ ਸਾਥੀ ਨੂੰ ਵੀ ਹੈ।
ਹਰਮਨ ਬਰਾੜ ਅਤੇ ਪਰਮੀਸ਼ ਵਰਮਾ ਦੇ ਰਿਸ਼ਤੇ ਦੀਆਂ ਚਰਚਾਵਾਂ ਪਿਛਲੇ ਕੁਝ ਹਫ਼ਤਿਆਂ ਤੋਂ ਸੋਸ਼ਲ ਮੀਡੀਆ ’ਤੇ ਚੱਲ ਰਹੀਆਂ ਸਨ। ਦੋਵਾਂ ਦੇ ਇਕੱਠੇ ਨਜ਼ਰ ਆਉਣ ਅਤੇ ਕੁਝ ਤਸਵੀਰਾਂ-ਵੀਡੀਓਜ਼ ਸਾਹਮਣੇ ਆਉਣ ਤੋਂ ਬਾਅਦ ਡੇਟਿੰਗ ਦੀਆਂ ਅਟਕਲਾਂ ਤੇਜ਼ ਹੋਈਆਂ ਸਨ।
ਇਸ ਤੋਂ ਪਹਿਲਾਂ ਪਰਮੀਸ਼ ਵਰਮਾ ਨੇ ਵੀ ਆਪਣੀ ਨਿੱਜੀ ਜ਼ਿੰਦਗੀ ਬਾਰੇ ਸੋਸ਼ਲ ਮੀਡੀਆ ’ਤੇ ਗੱਲ ਕੀਤੀ ਸੀ। ਉਨ੍ਹਾਂ ਨੇ ਆਪਣੀ ਸਾਬਕਾ ਪਤਨੀ ਦਾ ਸਤਿਕਾਰ ਕਰਨ ਅਤੇ ਆਪਣੀ ਮੌਜੂਦਾ ਜ਼ਿੰਦਗੀ ਵਿੱਚ ਮੌਜੂਦ ਔਰਤ ਦਾ ਵੀ ਸਨਮਾਨ ਕਰਨ ਦੀ ਗੱਲ ਕਹੀ ਸੀ।
ਹਰਮਨ ਨੇ ਆਪਣੇ ਸੁਨੇਹੇ ਵਿੱਚ ਸਰੀਰ ਅਤੇ ਚਰਿੱਤਰ ਨੂੰ ਲੈ ਕੇ ਕੀਤੀਆਂ ਜਾ ਰਹੀਆਂ ਟਿੱਪਣੀਆਂ ’ਤੇ ਵੀ ਇਤਰਾਜ਼ ਜਤਾਇਆ ਅਤੇ ਟ੍ਰੋਲਿੰਗ ਕਰਨ ਵਾਲਿਆਂ ਨੂੰ ਸਖ਼ਤ ਜਵਾਬ ਦਿੱਤਾ। ਉਨ੍ਹਾਂ ਇਹ ਵੀ ਸੰਕੇਤ ਦਿੱਤਾ ਕਿ ਬਿਨਾਂ ਤੱਥਾਂ ਦੇ ਕੀਤੀਆਂ ਜਾ ਰਹੀਆਂ ਟਿੱਪਣੀਆਂ ਨੂੰ ਉਹ ਚੁੱਪਚਾਪ ਸਹਿਣ ਵਾਲੀ ਨਹੀਂ ਹੈ।












