ਅੰਬਾਲਾ : ਅੰਬਾਲਾ ਦੇ ਪੰਜੋਖਰਾ ਸਾਹਿਬ ‘ਚ ਗੁਰਸਿਮਰਨ ਸਿੰਘ ਮੰਡ ਦੇ ਨਾਲ ਹੋਏ ਵਿਵਾਦ ਦਾ ਮਾਮਲਾ ਹੁਣ ਲਗਾਤਾਰ ਜ਼ੋਰ ਫੜਦਾ ਜਾ ਰਿਹਾ ਹੈ। ਮੰਡ ‘ਤੇ ਹੋਏ ਹਮਲੇ ਦੇ ਮਾਮਲੇ ‘ਚ ਸਿੱਖ ਨੌਜਵਾਨਾਂ ਦੀ ਗ੍ਰਿਫ਼ਤਾਰੀ ਦੇ ਵਿਰੋਧ ‘ਚ ਸਿੱਖ ਕੌਮ ਦੀ ਅਹਿਮ ਮੀਟਿੰਗ ਪੰਜੋਖਰਾ ਸਾਹਿਬ ਵਿਖੇ ਹੋਈ।
ਮੀਟਿੰਗ ਤੋਂ ਬਾਅਦ ਸਿੱਖਾਂ ਨੇ ਦਿੱਲੀ-ਅੰਮ੍ਰਿਤਸਰ ਨੈਸ਼ਨਲ ਹਾਈਵੇ-44 ਨੂੰ ਜਾਮ ਕਰਨ ਦਾ ਫ਼ੈਸਲਾ ਕੀਤਾ। ਜਦੋਂ ਸਿੱਖ ਭਾਈਚਾਰੇ ਦੇ ਲੋਕ ਹਾਈਵੇਅ ਵੱਲ ਵਧੇ ਤਾਂ ਪੁਲਿਸ ਨੇ ਉਨ੍ਹਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ।
ਅੰਬਾਲਾ ਦੇ ਪੰਜੋਖਰਾ ਨੂੰ ਜਾਂਦੇ ਰਸਤੇ ‘ਤੇ ਐਨ.ਸੀ.ਸੀ. ਸਕੂਲ ਦੇ ਬਾਹਰ ਸਿੱਖ ਪ੍ਰਦਰਸ਼ਨਕਾਰੀਆਂ ਨੂੰ ਪੁਲਿਸ ਨੇ ਰੋਕ ਲਿਆ, ਜਿੱਥੇ ਤਣਾਅ ਵਧਦੇ ਹੀ ਪੁਲਿਸ ਨੇ ਅੱਥਰੂ ਗੈਸ ਦੇ ਗੋਲੇ ਛੱਡਣੇ ਸ਼ੁਰੂ ਕਰ ਦਿੱਤੇ। ਸਕੂਲ ਦੀ ਛੁੱਟੀ ਦੌਰਾਨ ਹੋਈ ਇਸ ਕਾਰਵਾਈ ਕਾਰਨ ਬੱਚੇ ਸਕੂਲ ਦੇ ਅੰਦਰ ਹੀ ਫਸ ਗਏ। ਜਿਸ ਕਾਰਨ ਪਰਿਵਾਰ ਵਾਲਿਆਂ ਵਿਚ ਹਫੜਾ-ਦਫੜੀ ਮਚ ਗਈ।
ਹਾਈਵੇਅ ’ਤੇ ਵਾਹਨਾਂ ਦੀ ਆਵਾਜਾਈ ਪ੍ਰਭਾਵਿਤ ਹੋਣ ਕਾਰਨ ਲੰਬਾ ਜਾਮ ਲੱਗਾ ਰਿਹਾ। ਰੋਸ ਪ੍ਰਦਰਸ਼ਨ ਕਰ ਰਹੇ ਸਿੱਖ ਭਾਈਚਾਰੇ ਦੀ ਮੰਗ ਹੈ ਕਿ ਗੁਰਸਿਮਰਨ ਸਿੰਘ ਮੰਡ ‘ਤੇ ਹੋਏ ਹਮਲੇ ਦੇ ਮਾਮਲੇ ‘ਚ ਗ੍ਰਿਫ਼ਤਾਰ ਕੀਤੇ ਗਏ ਨੌਜਵਾਨਾਂ ਨੂੰ ਰਿਹਾਅ ਕੀਤਾ ਜਾਵੇ ਅਤੇ ਗੁਰਸਿਮਰਨ ਸਿੰਘ ਮੰਡ ਖਿਲਾਫ ਐੱਫ.ਆਈ.ਆਰ. ਕੀਤੀ ਜਾਵੇ ।
ਸਿੱਖ ਭਾਈਚਾਰੇ ਦਾ ਕਹਿਣਾ ਹੈ ਕਿ ਜਦੋਂ ਤੱਕ ਉਨ੍ਹਾਂ ਦੀਆਂ ਦੋਵੇਂ ਮੰਗਾਂ ‘ਤੇ ਕਾਰਵਾਈ ਨਹੀਂ ਹੁੰਦੀ, ਉਦੋਂ ਤੱਕ ਹਾਈਵੇ ਜਾਮ ਨਹੀਂ ਕੀਤਾ ਜਾਵੇਗਾ। ਫਿਲਹਾਲ ਮੌਕੇ ‘ਤੇ ਪੁਲਿਸ ਫੋਰਸ ਤਾਇਨਾਤ ਹੈ ਅਤੇ ਸਥਿਤੀ ‘ਤੇ ਨਜ਼ਰ ਰੱਖੀ ਜਾ ਰਹੀ ਹੈ।
ਮਾਹੌਲ ਤਣਾਅਪੂਰਨ
ਸਿੱਖ ਕੌਮ ਦੇ ਨੁਮਾਇੰਦੇ ਗ੍ਰਿਫ਼ਤਾਰ ਨੌਜਵਾਨਾਂ ਦੀ ਰਿਹਾਈ ਦੀ ਮੰਗ ਕਰ ਰਹੇ ਹਨ ਅਤੇ ਗੁਰਸਿਮਰਨ ਸਿੰਘ ਮੰਡ ਖਿਲਾਫ ਐਫ.ਆਈ.ਆਰ. ਦੀ ਮੰਗ ਕਰ ਰਹੇ ਹਨ । ਇਸ ਸਮੇਂ ਪੰਜੋਖਰਾ ਸਾਹਿਬ ਤੋਂ ਲੈ ਕੇ NH-44 ਤੱਕ ਤਣਾਅਪੂਰਨ ਸਥਿਤੀ ਬਣੀ ਹੋਈ ਹੈ। ਪੁਲਿਸ ਪ੍ਰਸ਼ਾਸਨ ਵੱਲੋਂ ਸਥਿਤੀ ਨੂੰ ਕਾਬੂ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
ਜਾਣੋ ਕੀ ਹੈ ਮਾਮਲਾ
ਹਰਿਆਣਾ ਦੇ ਅੰਬਾਲਾ ਦੇ ਇਤਿਹਾਸਕ ਗੁਰਦੁਆਰਾ ਪੰਜੋਖਰਾ ਸਾਹਿਬ ਵਿਖੇ 7 ਅਗਸਤ ਨੂੰ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਮੌਕੇ ਮੱਥਾ ਟੇਕਣ ਆਏ ਆਈ.ਏ.ਕੇ.ਟੀ.ਐਫ. (ਆਲ ਇੰਡੀਆ ਕੀਰਤਨ ਫੈਡਰੇਸ਼ਨ) ਦੇ ਕੌਮੀ ਪ੍ਰਧਾਨ ਗੁਰਸਿਮਰਨ ਸਿੰਘ ਮੰਡ ਦੀ ਕਾਰ ’ਤੇ ਹਮਲਾ ਕੀਤਾ ਗਿਆ। ਜਾਣਕਾਰੀ ਅਨੁਸਾਰ ਝਗੜਾ ਉਸ ਸਮੇਂ ਸ਼ੁਰੂ ਹੋਇਆ ਜਦੋਂ ਗੁਰਸਿਮਰਨ ਸਿੰਘ ਮੰਡ ਦੀ ਕਾਰ ਦੀ ਲਪੇਟ ਵਿੱਚ ਆਉਣ ਨਾਲ ਇੱਕ ਵਿਦਿਆਰਥੀ ਦੀ ਲੱਤ ਜ਼ਖ਼ਮੀ ਹੋ ਗਈ। ਪਾਠੀ ਦੇ ਪੈਰਾਂ ‘ਤੇ ਗੱਡੀ ਚੜ੍ਹਨ ਦੀ ਘਟਨਾ ਨੇ ਮੌਕੇ ‘ਤੇ ਮੌਜੂਦ ਲੋਕਾਂ ‘ਚ ਭਾਰੀ ਰੋਸ ਪਾਇਆ ਅਤੇ ਉਨ੍ਹਾਂ ਨੇ ਇਸ ਦਾ ਸਖ਼ਤ ਵਿਰੋਧ ਕੀਤਾ ।












