ਨਾਗੋਯਾ: ਏਸ਼ੀਅਨ ਖੇਡਾਂ 2026 ਵਿੱਚ ਭਾਰਤ ਦੇ ਸਪ੍ਰਿੰਟਰ ਗੁਰਿੰਦਰਵੀਰ ਸਿੰਘ 100 ਮੀਟਰ ਦੌੜ ਦੇ ਫਾਈਨਲ ਵਿੱਚ ਜਗ੍ਹਾ ਬਣਾਉਣ ਤੋਂ ਖੁੰਝ ਗਏ। ਗੁਰਿੰਦਰਵੀਰ ਨੇ ਸ਼ੁੱਕਰਵਾਰ ਨੂੰ ਪੁਰਸ਼ਾਂ ਦੀ 100 ਮੀਟਰ ਸੈਮੀਫਾਈਨਲ ਹੀਟ-2 ਵਿੱਚ 10.32 ਸਕਿੰਟ ਦਾ ਸਮਾਂ ਕੱਢਿਆ ਅਤੇ ਪੰਜਵੇਂ ਸਥਾਨ ’ਤੇ ਰਹੇ। ਇਹ ਸਮਾਂ ਉਨ੍ਹਾਂ ਨੂੰ ਫਾਈਨਲ ਵਿੱਚ ਪਹੁੰਚਾਉਣ ਲਈ ਕਾਫ਼ੀ ਨਹੀਂ ਸੀ।
ਗੁਰਿੰਦਰਵੀਰ ਨੇ ਮੁਕਾਬਲੇ ਦੀ ਸ਼ੁਰੂਆਤ ਵਿੱਚ ਚੰਗੀ ਰਫ਼ਤਾਰ ਦਿਖਾਈ, ਪਰ ਦੌੜ ਦੇ ਅਗਲੇ ਪੜਾਅ ਵਿੱਚ ਉਹ ਵਿਰੋਧੀ ਦੌੜਾਕਾਂ ਤੋਂ ਪਿੱਛੇ ਰਹਿ ਗਏ। ਓਮਾਨ ਦੇ ਅਲੀ ਅਲ ਬਲੂਸ਼ੀ ਨੇ 10.01 ਸਕਿੰਟ ਨਾਲ ਹੀਟ ਜਿੱਤੀ, ਜਦਕਿ ਚੀਨ ਦੇ ਸ਼ੀ ਝੇਨਯੇ 10.18 ਸਕਿੰਟ ਨਾਲ ਦੂਜੇ ਅਤੇ ਦੱਖਣੀ ਕੋਰੀਆ ਦੇ ਬਿਵੇਸਾ ਡੈਨੀਅਲ 10.22 ਸਕਿੰਟ ਨਾਲ ਤੀਜੇ ਸਥਾਨ ’ਤੇ ਰਹੇ।
ਗੁਰਿੰਦਰਵੀਰ ਇਸ ਤੋਂ ਪਹਿਲਾਂ ਆਪਣੀ ਹੀਟ ਵਿੱਚ 10.38 ਸਕਿੰਟ ਦਾ ਸਮਾਂ ਕੱਢ ਕੇ ਦੂਜੇ ਸਥਾਨ ’ਤੇ ਰਹਿੰਦਿਆਂ ਸੈਮੀਫਾਈਨਲ ਵਿੱਚ ਪਹੁੰਚੇ ਸਨ। ਉਹ ਰਾਸ਼ਟਰੀ ਪੱਧਰ ’ਤੇ 100 ਮੀਟਰ ਦੇ ਪ੍ਰਮੁੱਖ ਭਾਰਤੀ ਦੌੜਾਕਾਂ ਵਿੱਚ ਸ਼ਾਮਲ ਹਨ ਅਤੇ ਉਨ੍ਹਾਂ ਦਾ ਸੀਜ਼ਨ ਦਾ ਸਰਵੋਤਮ ਸਮਾਂ 10.09 ਸਕਿੰਟ ਰਿਹਾ ਹੈ।
ਇਸੇ ਮੁਕਾਬਲੇ ਵਿੱਚ ਭਾਰਤ ਦੇ ਅਨਿਮੇਸ਼ ਕੁਜੂਰ ਵੀ ਫਾਈਨਲ ਵਿੱਚ ਨਹੀਂ ਪਹੁੰਚ ਸਕੇ। ਉਨ੍ਹਾਂ ਨੇ ਸੈਮੀਫਾਈਨਲ ਹੀਟ-3 ਵਿੱਚ 10.38 ਸਕਿੰਟ ਦਾ ਸਮਾਂ ਲੈ ਕੇ ਸੱਤਵਾਂ ਸਥਾਨ ਹਾਸਲ ਕੀਤਾ। ਇਸ ਨਾਲ ਏਸ਼ੀਅਨ ਖੇਡਾਂ ਦੇ ਪੁਰਸ਼ਾਂ ਦੇ 100 ਮੀਟਰ ਮੁਕਾਬਲੇ ਵਿੱਚ ਭਾਰਤ ਦੀ ਚੁਣੌਤੀ ਸਮਾਪਤ ਹੋ ਗਈ।
