ਟੋਰਾਂਟੋ : ਕੈਨੇਡਾ ਦੇ ਟੋਰਾਂਟੋ ਸ਼ਹਿਰ ਵਿੱਚ ਚੱਲ ਰਹੇ ਮਸ਼ਹੂਰ ਸਟਰੀਟ ਫੈਸਟੀਵਲ ਦੌਰਾਨ ਬੀਤੀ ਸ਼ਾਮ ਅਚਾਨਕ ਗੋਲੀਆਂ ਦੀ ਆਵਾਜ਼ ਗੂੰਜ ਉੱਠੀ। ਮਿਡਟਾਊਨ ਟੋਰਾਂਟੋ ਵਿੱਚ ਆਯੋਜਿਤ ਹੋ ਰਹੇ ਸਾਲਾਨਾ ਲਾਤੀਨੀ ਸੱਭਿਆਚਾਰਕ ਉਤਸਵ ‘ਸਾਲਸਾ ਆਨ ਸੇਂਟ ਕਲੇਅਰ’ ਫੈਸਟੀਵਲ ਦੌਰਾਨ ਹੋਈ ਇਸ ਮਾਸ ਸ਼ੂਟਿੰਗ ਵਿੱਚ ਘੱਟੋ-ਘੱਟ ਦੋ ਲੋਕਾਂ ਦੀ ਮੌਤ ਹੋ ਗਈ, ਜਦੋਂ ਕਿ ਤਿੰਨ ਹੋਰ ਗੰਭੀਰ ਰੂਪ ਵਿੱਚ ਜ਼ਖਮੀ ਹਨ।
ਟੋਰਾਂਟੋ ਪੁਲਿਸ ਸੇਵਾ ਦੇ ਅਨੁਸਾਰ, ਇਹ ਘਟਨਾ ਬੀਤੀ ਰਾਤ ਲਗਭਗ 8 ਵਜੇ ਤੋਂ ਥੋੜ੍ਹੀ ਦੇਰ ਬਾਅਦ ਸੇਂਟ ਕਲੇਅਰ ਐਵੇਨਿਊ ਵੈਸਟ ਅਤੇ ਆਰਲਿੰਗਟਨ ਐਵੇਨਿਊ ਦੇ ਨੇੜੇ ਵਾਪਰੀ। ਜਿਵੇਂ ਹੀ ਗੋਲੀਬਾਰੀ ਸ਼ੁਰੂ ਹੋਈ, ਮੌਕੇ ’ਤੇ ਦਹਿਸ਼ਤ ਫੈਲ ਗਈ। ਸੂਚਨਾ ਮਿਲਣ ‘ਤੇ ਵੱਡੀ ਗਿਣਤੀ ਵਿੱਚ ਪੁਲਿਸ ਅਤੇ ਐਮਰਜੈਂਸੀ ਸੇਵਾਵਾਂ ਮੌਕੇ ‘ਤੇ ਪਹੁੰਚੀਆਂ। ਪੁਲਿਸ ਨੂੰ ਮੌਕੇ ‘ਤੇ ਪੰਜ ਲੋਕ ਗੋਲੀ ਲੱਗਣ ਕਾਰਨ ਜ਼ਖਮੀ ਹੋਏ ਮਿਲੇ, ਜਿਨ੍ਹਾਂ ਵਿੱਚੋਂ ਦੋ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ। ਇਸ ਦੌਰਾਨ ਤਿੰਨ ਜ਼ਖਮੀਆਂ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ।
ਇਲਾਕੇ ਵਿੱਚ ‘ਐਕਟਿਵ ਸ਼ੂਟਰ’ ਅਲਰਟ
ਮੁੱਢਲੀ ਜਾਂਚ ਤੋਂ ਬਾਅਦ ਟੋਰਾਂਟੋ ਪੁਲਿਸ ਨੇ ਸਥਿਤੀ ਨੂੰ ਬਹੁਤ ਗੰਭੀਰ ਦੱਸਦੇ ਹੋਏ ਇਸਨੂੰ ‘ਐਕਟਿਵ ਸ਼ੂਟਰ’ ਦੀ ਘਟਨਾ ਕਰਾਰ ਦਿੱਤਾ ਹੈ। ਪੁਲਿਸ ਨੇ ਪੂਰੇ ਇਲਾਕੇ ਦੀ ਨਾਕਾਬੰਦੀ ਕਰ ਦਿੱਤੀ ਹੈ ਅਤੇ ਹਮਲਾਵਰ ਦੀ ਤਲਾਸ਼ ਲਈ ਵੱਡੇ ਪੱਧਰ ‘ਤੇ ਤਲਾਸ਼ੀ ਮੁਹਿੰਮ ਚਲਾਈ ਜਾ ਰਹੀ ਹੈ।
ਸੁਰੱਖਿਆ ਦੇ ਮੱਦੇਨਜ਼ਰ, ਪੁਲਿਸ ਨੇ ਆਮ ਲੋਕਾਂ ਨੂੰ ਸਖ਼ਤ ਚੇਤਾਵਨੀ ਜਾਰੀ ਕਰਦੇ ਹੋਏ ਇਸ ਪੂਰੇ ਖੇਤਰ ਤੋਂ ਦੂਰ ਰਹਿਣ ਦੀ ਅਪੀਲ ਕੀਤੀ ਹੈ। ਜਾਂਚ ਵਿੱਚ ਜੁੱਟੀ ਪੁਲਿਸ ਹਮਲੇ ਦਾ ਕਾਰਨ ਸਾਫ ਨਹੀਂ ਫਿਲਹਾਲ ਪੁਲਿਸ ਨੇ ਹਮਲੇ ਦਾ ਕਾਰਨ ਜਾ ਹਮਲਾਵਾਰ ਦੇ ਮਕਸਦ ਦੇ ਬਾਰੇ ਵਿੱਚ ਕੋਈ ਅਧਿਕਾਰਤ ਜਾਣਕਾਰੀ ਸਾਂਝੀ ਨਹੀਂ ਕੀਤੀ ਹੈ ਅਤੇ ਨਾ ਹੀ ਹੁਣ ਤੱਕ ਕਿਸੇ ਸ਼ੱਕੀ ਦੀ ਗ੍ਰਿਫ਼ਤਾਰੀ ਦੀ ਪੁਸ਼ਟੀ ਹੋਈ ਹੈ। ਪੁਲਿਸ ਚਸ਼ਮਦੀਦਾਂ ਤੋਂ ਪੁੱਛਗਿੱਛ ਕਰ ਰਹੀ ਹੈ ਅਤੇ ਘਟਨਾ ਦੀ ਸੀਸੀਟੀਵੀ ਫੁਟੇਜ ਦੀ ਜਾਂਚ ਕਰ ਰਹੀ ਹੈ।
