HomeBusinessਖੰਡ ਦੀਆਂ ਵਧਦੀਆਂ ਕੀਮਤਾਂ ’ਤੇ ਸਰਕਾਰ ਸਖ਼ਤ, ਗੰਨੇ ਦੀ ਈਥਾਨੌਲ ਉਤਪਾਦਨ 'ਚ...

ਖੰਡ ਦੀਆਂ ਵਧਦੀਆਂ ਕੀਮਤਾਂ ’ਤੇ ਸਰਕਾਰ ਸਖ਼ਤ, ਗੰਨੇ ਦੀ ਈਥਾਨੌਲ ਉਤਪਾਦਨ ‘ਚ ਵਰਤੋਂ ਸੀਮਤ ਕਰਨ ਦੀ ਤਿਆਰੀ

ਨਵੀਂ ਦਿੱਲੀ: ਦੇਸ਼ ਵਿੱਚ ਖੰਡ ਦੀਆਂ ਕੀਮਤਾਂ ਲਗਾਤਾਰ ਵਧਣ ਕਾਰਨ ਕੇਂਦਰ ਸਰਕਾਰ ਹੁਣ ਇਸ ਦੀਆਂ ਕੀਮਤਾਂ ਨੂੰ ਕਾਬੂ ਕਰਨ ਲਈ ਵੱਡਾ ਕਦਮ ਚੁੱਕਣ ਦੀ ਤਿਆਰੀ ਕਰ ਰਹੀ ਹੈ। ਸਰਕਾਰ ਅਕਤੂਬਰ ਤੋਂ ਸ਼ੁਰੂ ਹੋਣ ਵਾਲੇ ਨਵੇਂ ਸੀਜ਼ਨ ਵਿੱਚ ਈਥਾਨੌਲ ਉਤਪਾਦਨ ਲਈ ਗੰਨੇ ਦੀ ਵਰਤੋਂ ਨੂੰ ਸੀਮਤ ਕਰਨ ’ਤੇ ਵਿਚਾਰ ਕਰ ਰਹੀ ਹੈ। ਇਸ ਕਦਮ ਦਾ ਮੁੱਖ ਉਦੇਸ਼ ਘਰੇਲੂ ਬਾਜ਼ਾਰ ਵਿੱਚ ਖੰਡ ਦੀ ਉਪਲਬਧਤਾ ਵਧਾਉਣਾ ਹੈ।

ਜਾਣਕਾਰੀ ਮੁਤਾਬਕ ਦੇਸ਼ ਵਿੱਚ ਖੰਡ ਦੀਆਂ ਕੀਮਤਾਂ ਮੌਜੂਦਾ ਸਮੇਂ ਉੱਚ ਪੱਧਰ ’ਤੇ ਪਹੁੰਚ ਗਈਆਂ ਹਨ ਅਤੇ ਇਹ ਪਿਛਲੇ ਪੱਧਰਾਂ ਦੇ ਮੁਕਾਬਲੇ ਲਗਭਗ 10 ਫੀਸਦੀ ਮਹਿੰਗੀ ਦੱਸੀ ਜਾ ਰਹੀ ਹੈ। ਕੀਮਤਾਂ ਵਿੱਚ ਵਾਧੇ ਕਾਰਨ ਸਰਕਾਰ ਘਰੇਲੂ ਸਪਲਾਈ ਨੂੰ ਮਜ਼ਬੂਤ ਕਰਨ ਲਈ ਵਿਕਲਪਾਂ ’ਤੇ ਵਿਚਾਰ ਕਰ ਰਹੀ ਹੈ।

ਸਰਕਾਰ ਦੇ ਸੰਭਾਵਿਤ ਫੈਸਲੇ ਤਹਿਤ ਈਥਾਨੌਲ ਬਣਾਉਣ ਲਈ ਗੰਨੇ ਦੀ ਵਰਤੋਂ ਨੂੰ ਕੁਝ ਹੱਦ ਤੱਕ ਘਟਾਇਆ ਜਾ ਸਕਦਾ ਹੈ। ਇਸ ਨਾਲ ਜ਼ਿਆਦਾ ਗੰਨਾ ਖੰਡ ਬਣਾਉਣ ਲਈ ਉਪਲਬਧ ਹੋਵੇਗਾ ਅਤੇ ਦੇਸ਼ ਵਿੱਚ ਖੰਡ ਦਾ ਉਤਪਾਦਨ ਵਧਣ ਦੀ ਉਮੀਦ ਹੈ। ਜੇਕਰ ਉਤਪਾਦਨ ਵਿੱਚ ਵਾਧਾ ਹੁੰਦਾ ਹੈ ਤਾਂ ਘਰੇਲੂ ਮੰਗ ਨੂੰ ਪੂਰਾ ਕਰਨ ਵਿੱਚ ਮਦਦ ਮਿਲ ਸਕਦੀ ਹੈ।

ਸੂਤਰਾਂ ਮੁਤਾਬਕ ਇਸ ਮਾਮਲੇ ਵਿੱਚ ਅੰਤਿਮ ਫੈਸਲਾ ਅਗਲੇ ਮਹੀਨੇ ਦੇ ਅੰਤ ਤੱਕ ਲਿਆ ਜਾ ਸਕਦਾ ਹੈ। ਹਾਲਾਂਕਿ ਸਰਕਾਰ ਵੱਲੋਂ ਇਸ ਸਬੰਧੀ ਅਜੇ ਅੰਤਿਮ ਫੈਸਲੇ ਦਾ ਐਲਾਨ ਨਹੀਂ ਕੀਤਾ ਗਿਆ ਹੈ।

ਖੰਡ ਦੇ ਉਤਪਾਦਨ ਨੂੰ ਲੈ ਕੇ ਇਸ ਵਾਰ ਮੌਸਮ ਵੀ ਚਿੰਤਾ ਦਾ ਕਾਰਨ ਬਣਿਆ ਹੋਇਆ ਹੈ। ਦੇਸ਼ ਦੇ ਦੋ ਪ੍ਰਮੁੱਖ ਗੰਨਾ ਉਤਪਾਦਕ ਰਾਜਾਂ ਮਹਾਰਾਸ਼ਟਰ ਅਤੇ ਕਰਨਾਟਕ ਵਿੱਚ ਘੱਟ ਬਾਰਿਸ਼ ਹੋਣ ਦੀਆਂ ਰਿਪੋਰਟਾਂ ਸਾਹਮਣੇ ਆਈਆਂ ਹਨ। ਇਨ੍ਹਾਂ ਦੋਵਾਂ ਰਾਜਾਂ ਦਾ ਦੇਸ਼ ਦੇ ਕੁੱਲ ਗੰਨਾ ਅਤੇ ਖੰਡ ਉਤਪਾਦਨ ਵਿੱਚ ਵੱਡਾ ਯੋਗਦਾਨ ਹੈ।

ਘੱਟ ਬਾਰਿਸ਼ ਕਾਰਨ ਗੰਨੇ ਦੀ ਫਸਲ ਪ੍ਰਭਾਵਿਤ ਹੋਣ ਦਾ ਖਦਸ਼ਾ ਹੈ। ਇਸ ਦਾ ਸਿੱਧਾ ਅਸਰ ਅਗਲੇ ਖੰਡ ਸੀਜ਼ਨ ਦੇ ਉਤਪਾਦਨ ’ਤੇ ਪੈ ਸਕਦਾ ਹੈ। ਸਰਕਾਰੀ ਅਤੇ ਉਦਯੋਗਿਕ ਸੂਤਰਾਂ ਮੁਤਾਬਕ ਅਗਲੇ ਸਾਲ ਦੇਸ਼ ਵਿੱਚ ਖੰਡ ਦਾ ਉਤਪਾਦਨ ਘਟਣ ਦੀ ਸੰਭਾਵਨਾ ਵੀ ਜਤਾਈ ਜਾ ਰਹੀ ਹੈ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine
Google search engine

Most Popular

Recent Comments