ਲਖਨਊ: ਖਰੀਫ਼ ਮਾਰਕੀਟਿੰਗ ਸਾਲ 2025-26 ਲਈ ਪੂਰਬੀ ਉੱਤਰ ਪ੍ਰਦੇਸ਼ ਵਿੱਚ ਝੋਨੇ ਦੀ ਸਰਕਾਰੀ ਖਰੀਦ ਅੱਜ , 1 ਨਵੰਬਰ ਤੋਂ ਸ਼ੁਰੂ ਹੋਵੇਗੀ। ਇਹ ਖਰੀਦ ਅਗਲੇ ਸਾਲ 28 ਫਰਵਰੀ ਤੱਕ ਜਾਰੀ ਰਹੇਗੀ। ਉੱਤਰ ਪ੍ਰਦੇਸ਼ ਸਰਕਾਰ ਵੱਲੋਂ ਬੀਤੇ ਦਿਨ ਇੱਥੇ ਜਾਰੀ ਇੱਕ ਬਿਆਨ ਅਨੁਸਾਰ, ਝੋਨੇ ਦੀ ਖਰੀਦ ਦੇ ਇਸ ਦੂਜੇ ਪੜਾਅ ਦੇ ਤਹਿਤ, ਉੱਤਰ ਪ੍ਰਦੇਸ਼ ਦੇ ਪੂਰਬੀ ਡਿਵੀਜ਼ਨਾਂ, ਜਿਨ੍ਹਾਂ ਵਿੱਚ ਚਿੱਤਰਕੂਟ, ਕਾਨਪੁਰ, ਅਯੁੱਧਿਆ, ਗੋਰਖਪੁਰ, ਦੇਵੀਪਾਟਨ, ਬਸਤੀ, ਆਜ਼ਮਗੜ੍ਹ, ਵਾਰਾਣਸੀ, ਮਿਰਜ਼ਾਪੁਰ ਅਤੇ ਪ੍ਰਯਾਗਰਾਜ ਸ਼ਾਮਲ ਹਨ, ਵਿੱਚ ਝੋਨੇ ਦੀ ਖਰੀਦ ਅੱਜ 1 ਨਵੰਬਰ ਤੋਂ ਸ਼ੁਰੂ ਹੋਵੇਗੀ।
ਬਿਆਨ ਅਨੁਸਾਰ, ਉਨਾਓ, ਰਾਏਬਰੇਲੀ ਅਤੇ ਲਖਨਊ ਜ਼ਿ ਲ੍ਹਿਆਂ ਵਿੱਚ ਵੀ ਅੱਜ ਝੋਨੇ ਦੀ ਖਰੀਦ ਸ਼ੁਰੂ ਹੋਵੇਗੀ। ਪੱਛਮੀ ਉੱਤਰ ਪ੍ਰਦੇਸ਼, ਜਿਸ ਵਿੱਚ ਲਖਨਊ ਡਿਵੀਜ਼ਨ ਦੇ ਹਰਦੋਈ, ਲਖੀਮਪੁਰ ਖੇੜੀ ਅਤੇ ਸੀਤਾਪੁਰ ਜ਼ਿਲ੍ਹੇ ਸ਼ਾਮਲ ਹਨ, ਵਿੱਚ 1 ਅਕਤੂਬਰ ਤੋਂ ਝੋਨੇ ਦੀ ਖਰੀਦ ਪਹਿਲਾਂ ਹੀ ਸ਼ੁਰੂ ਹੋ ਚੁੱਕੀ ਹੈ। ਰਾਜ ਸਰਕਾਰ ਨੇ ਝੋਨੇ ਦੀ ਖਰੀਦ ਦੇ 48 ਘੰਟਿਆਂ ਦੇ ਅੰਦਰ ਕਿਸਾਨਾਂ ਨੂੰ ਭੁਗਤਾਨ ਕਰਨ ਦਾ ਆਦੇਸ਼ ਦਿੱਤਾ ਹੈ।
ਅਧਿਕਾਰਤ ਬਿਆਨ ਅਨੁਸਾਰ, ਇਸ ਸਾਲ ਝੋਨੇ ਲਈ ਘੱਟੋ-ਘੱਟ ਸਮਰਥਨ ਮੁੱਲ (MSP) ਵਧਾ ਦਿੱਤਾ ਗਿਆ ਹੈ। ਝੋਨੇ (ਆਮ) ਲਈ ਘੱਟੋ-ਘੱਟ ਸਮਰਥਨ ਮੁੱਲ 2,369 ਰੁਪਏ ਪ੍ਰਤੀ ਕੁਇੰਟਲ ਅਤੇ ਝੋਨੇ (ਗ੍ਰੇਡ ਏ) ਲਈ 2,389 ਰੁਪਏ ਪ੍ਰਤੀ ਕੁਇੰਟਲ ਨਿਰਧਾਰਤ ਕੀਤਾ ਗਿਆ ਹੈ। ਦੋ ਮਹੀਨਿਆਂ ਦੇ ਅੰਦਰ, 2.17 ਲੱਖ ਤੋਂ ਵੱਧ ਕਿਸਾਨਾਂ ਨੇ ਆਪਣੀ ਉਪਜ ਵੇਚਣ ਲਈ ਰਜਿਸਟਰ ਕੀਤਾ ਹੈ। 31 ਅਕਤੂਬਰ ਨੂੰ ਸਵੇਰੇ 11 ਵਜੇ ਤੱਕ, 2,17,625 ਕਿਸਾਨਾਂ ਨੇ ਰਜਿਸਟਰ ਕੀਤਾ ਸੀ। ਬਿਆਨ ਦੇ ਅਨੁਸਾਰ, ਪੱਛਮੀ ਉੱਤਰ ਪ੍ਰਦੇਸ਼ ਵਿੱਚ 17,000 ਤੋਂ ਵੱਧ ਕਿਸਾਨਾਂ ਨੇ ਇੱਕ ਮਹੀਨੇ ਦੇ ਅੰਦਰ 1.06 ਲੱਖ ਟਨ ਤੋਂ ਵੱਧ ਝੋਨਾ ਵੇਚਿਆ ਹੈ।











