ਅਮਰੀਕਾ: ਅਮਰੀਕੀ ਜਾਂਚ ਏਜੰਸੀ ਐਫ.ਬੀ.ਆਈ. ਨੂੰ ਭਾਰਤ ਦੇ ਸੰਗਠਿਤ ਅਪਰਾਧ ਜਗਤ ਅਤੇ ਪੰਜਾਬ ਦੇ ਗੈਂਗਸਟਰ ਨੈੱਟਵਰਕ ਦੇ ਖ਼ਿਲਾਫ਼ ਵੱਡੀ ਸਫ਼ਲਤਾ ਮਿਲੀ ਹੈ। ਐਫ.ਬੀ.ਆਈ. ਨੇ ਪੰਜਾਬ ਦੇ ਬਦਨਾਮ ‘ਜੱਗੂ ਭਗਵਾਨਪੁਰੀਆ ਗੈਂਗ’ ਦੇ ਕਥਿਤ ਸਰਗਰਮ ਮੈਂਬਰ ਨਿਤੀਸ਼ ਕੌਸ਼ਲ ਨੂੰ ਅਮਰੀਕਾ ਦੇ ਵਰਮਾਂਟ ਸੂਬੇ ਤੋਂ ਗ੍ਰਿਫ਼ਤਾਰ ਕੀਤਾ ਹੈ।
ਸਭ ਤੋਂ ਹੈਰਾਨ ਕਰਨ ਵਾਲੀ ਗੱਲ ਇਹ ਹੈ ਕਿ ਨਿਤੀਸ਼ ਕੌਸ਼ਲ ਨੂੰ ਕੁਝ ਦਿਨ ਪਹਿਲਾਂ ਹੀ ਐਫ.ਬੀ.ਆਈ. ਦੀ ਮੋਸਟ ਵਾਂਟੇਡ ਅਪਰਾਧੀਆਂ ਦੀ ਸੂਚੀ ਵਿੱਚ ਸ਼ਾਮਲ ਕੀਤਾ ਗਿਆ ਸੀ, ਜਿਸ ਤੋਂ ਤੁਰੰਤ ਬਾਅਦ ਇਹ ਵੱਡੀ ਕਾਰਵਾਈ ਕੀਤੀ ਗਈ ਹੈ। ਦੱਸ ਦਈਏ ਕਿ ਨਿਤੀਸ਼ ‘ਤੇ ਕਈ ਗੰਭੀਰ ਅੰਤਰਰਾਸ਼ਟਰੀ ਅਪਰਾਧ ਜਿਵੇਂ ਕਿ ਕਤਲ, ਜਬਰੀ ਵਸੂਲੀ, ਡਰੱਗ ਅਤੇ ਹਥਿਆਰਾਂ ਦੀ ਤਸਕਰੀ, ਅਗਵਾ, ਮਨੀ ਲਾਂਡਰਿੰਗ ਅਤੇ ਮਨੁੱਖੀ ਤਸਕਰੀ ਦੇ ਮਾਮਲੇ ਦਰਜ ਹਨ।
ਅਮਰੀਕੀ ਸੰਘੀ ਜਾਂਚ ਏਜੰਸੀ ਨੇ ਬੀਤੇ ਦਿਨ ਅਧਿਕਾਰਤ ਤੌਰ ‘ਤੇ ਇਸ ਹਾਈ-ਪ੍ਰੋਫਾਈਲ ਗ੍ਰਿਫ਼ਤਾਰੀ ਦੀ ਪੁਸ਼ਟੀ ਕੀਤੀ ਹੈ। ਐਫ.ਬੀ.ਆਈ. ਨੇ ਆਪਣੀ ਅਧਿਕਾਰਤ ਵੈੱਬਸਾਈਟ ‘ਤੇ ਨਿਤੀਸ਼ ਕੌਸ਼ਲ ਦੇ ਲੋੜੀਂਦੇ ਪ੍ਰੋਫਾਈਲ ‘ਤੇ “ਕੈਪਚਰਡ” ਦਾ ਲਾਲ ਟੈਗ ਲਗਾਇਆ ਹੈ। ਹਾਲਾਂਕਿ, ਸੁਰੱਖਿਆ ਕਾਰਨਾਂ ਕਰਕੇ, ਗ੍ਰਿਫ਼ਤਾਰੀ ਦੀ ਸਹੀ ਮਿਤੀ ਅਤੇ ਕਿਹੜੀਆਂ ਸਥਾਨਕ ਸੁਰੱਖਿਆ ਏਜੰਸੀਆਂ ਸ਼ਾਮਲ ਸਨ, ਹਾਲੇ ਤੱਕ ਖੁਲਾਸਾ ਨਹੀਂ ਕੀਤਾ ਗਿਆ ਹੈ।
ਐਫ.ਬੀ.ਆਈ. ਦੀ ਜਾਂਚ ਰਿਪੋਰਟ ਵਿੱਚ ਭਾਰਤ ਨਾਲ ਜੁੜੇ ਇਸ ਅਪਰਾਧੀ ਗਿਰੋਹ ਬਾਰੇ ਕਈ ਵੱਡੇ ਖੁਲਾਸੇ ਹੋਏ ਹਨ। ਐਫ.ਬੀ.ਆਈ. ਮੁਤਾਬਕ ਨਿਤੀਸ਼ ਕੌਸ਼ਲ ‘ਜੱਗੂ ਭਗਵਾਨਪੁਰੀਆ ਆਰਗੇਨਾਈਜ਼ਡ ਕ੍ਰਾਈਮ ਗਰੁੱਪ’ (ਭਗਵਾਨਪੁਰੀਆ ਓ.ਸੀ.ਜੀ.) ਦਾ ਇੱਕ ਬਹੁਤ ਹੀ ਮਹੱਤਵਪੂਰਨ ਅਤੇ ਖਤਰਨਾਕ ਮੋਹਰਾ ਹੈ।
ਭਾਵੇਂ ਇਹ ਗਰੋਹ ਪੰਜਾਬ ਦੀ ਧਰਤੀ ‘ਤੇ ਪੈਦਾ ਹੋਇਆ ਸੀ ਪਰ ਇਸ ਦਾ ਨੈੱਟਵਰਕ ਸੱਤ ਸਮੁੰਦਰੋਂ ਪਾਰ ਕੈਲੀਫੋਰਨੀਆ ਅਤੇ ਅਮਰੀਕਾ ਦੇ ਹੋਰ ਵੱਡੇ ਸੂਬਿਆਂ ਤੱਕ ਫੈਲ ਚੁੱਕਾ ਸੀ। ਜਾਂਚ ਏਜੰਸੀ ਦਾ ਦੋਸ਼ ਹੈ ਕਿ ਨਿਤੀਸ਼ ਕੌਸ਼ਲ ਅਮਰੀਕਾ ਵਿਚ ਬੈਠ ਕੇ ਇਸ ਗਿਰੋਹ ਲਈ ਫਿਰੌਤੀ, ਅਗਵਾ ਅਤੇ ਵਿਰੋਧੀ ਗਰੁੱਪਾਂ ‘ਤੇ ਜਾਨਲੇਵਾ ਹਮਲਿਆਂ ਦੀ ਸਾਜ਼ਿਸ਼ ਰਚਦਾ ਸੀ।
